
ਸੌਦਾ ਸਾਧ ਵਿਰੁਧ ਦਾਇਰ ਬਲਾਤਕਾਰ ਦੇ ਮਾਮਲੇ 'ਚ ਫ਼ੈਸਲਾ ਆਉਣ ਤੋਂ ਇਕ ਦਿਨ ਪਹਿਲਾਂ ਪੂਰੇ ਪੰਜਾਬ ਅਤੇ ਹਰਿਆਣਾ 'ਚ ਤਣਾਅ ਦਾ ਮਾਹੌਲ ਹੈ।
ਚੰਡੀਗੜ੍ਹ, 24 ਅਗੱਸਤ: ਸੌਦਾ ਸਾਧ ਵਿਰੁਧ ਦਾਇਰ ਬਲਾਤਕਾਰ ਦੇ ਮਾਮਲੇ 'ਚ ਫ਼ੈਸਲਾ ਆਉਣ ਤੋਂ ਇਕ ਦਿਨ ਪਹਿਲਾਂ ਪੂਰੇ ਪੰਜਾਬ ਅਤੇ ਹਰਿਆਣਾ 'ਚ ਤਣਾਅ ਦਾ ਮਾਹੌਲ ਹੈ। ਫ਼ੈਸਲਾ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ 'ਚ ਸੁਣਾਇਆ ਜਾਵੇਗਾ ਜਿਸ ਕਰ ਕੇ ਆਮ ਤੌਰ ਤੇ ਸ਼ਾਂਤ ਰਹਿਣ ਵਾਲੇ ਪੰਚਕੂਲਾ 'ਚ ਤਣਾਅ ਹੈ। ਹਜ਼ਾਰਾਂ ਡੇਰਾ ਪ੍ਰੇਮੀ ਇੱਥੇ ਪੁੱਜ ਚੁੱਕੇ ਹਨ ਜਦਕਿ ਹਰਿਆਣਾ ਦੇ ਸਿਰਸਾ ਅਤੇ ਨੇੜਲੇ 3 ਪਿੰਡਾਂ 'ਚ ਅੱਜ ਰਾਤ ਤੋਂ ਕਰਫ਼ਿਊ ਲਾ ਦਿਤਾ ਗਿਆ ਹੈ।
ਪੁਲਿਸ ਅਤੇ ਪ੍ਰਸ਼ਾਸਨ ਨੂੰ ਡਰ ਹੈ ਕਿ ਇਸ ਮਾਮਲੇ 'ਚ ਜੇਕਰ ਫ਼ੈਸਲਾ ਡੇਰਾ ਮੁਖੀ ਵਿਰੁਧ ਆਇਆ ਤਾਂ ਕਾਨੂੰਨ ਵਿਵਸਥਾ ਲਈ ਚੁਨੌਤੀਪੂਰਨ ਹਾਲਾਤ ਪੈਦਾ ਹੋ ਸਕਦੇ ਹਨ। ਇਸ ਨੂੰ ਵੇਖਦਿਆਂ ਪੰਜਾਬ ਅਤੇ ਹਰਿਆਣਾ ਦੇ ਸੰਵੇਦਨਸ਼ੀਲ ਇਲਾਕਿਆਂ 'ਚ 15 ਹਜ਼ਾਰ ਨੀਮ ਫ਼ੌਜੀ ਬਲਾਂ ਸਮੇਤ ਹਜ਼ਾਰਾਂ ਦੀ ਗਿਣਤੀ 'ਚ ਜਵਾਨਾਂ ਨੂੰ ਤੈਨਾਤ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ 'ਚ ਸੌਦਾ ਸਾਧ ਦੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੂੰ
ਵੇਖਦਿਆਂ ਦੋਹਾਂ ਸੂਬਿਆਂ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ਸਰਕਾਰ ਨੇ ਅੱਜ ਐਲਾਨ ਕੀਤਾ ਕਿ 25 ਅਗੱਸਤ ਨੂੰ ਚੰਡੀਗੜ੍ਹ 'ਚ ਉਸ ਦੇ ਦਫ਼ਤਰ ਬੰਦ ਰਹਿਣਗੇ। ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਾਰੇ ਦਫ਼ਤਰ, ਬੋਰਡ, ਨਿਗਮ, ਏਜੰਸੀਆਂ ਅਤੇ ਜਨਤਕ ਅਦਾਰੇ ਸੰਗਠਨ ਕਲ ਬੰਦ ਰਹਿਣਗੇ।
ਬੱਸ ਸੇਵਾਵਾਂ ਨੂੰ ਵੀ ਮੁਲਤਵੀ ਕਰ ਦਿਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਜਾਣ ਵਾਲੀਆਂ 29 ਰੇਲ ਗੱਡੀਆਂ ਨੂੰ ਅੱਜ ਤੋਂ ਚਾਰ ਦਿਨਾਂ ਲਈ ਰੱਦ ਕਰ ਦਿਤਾ ਗਿਆ ਹੈ। ਪੰਜਾਬ ਜਾਣ ਵਾਲੀਆਂ 22 ਅਤੇ ਹਰਿਆਣਾ ਜਾਣ ਵਾਲੀਆਂ ਸੱਤ ਰੇਲ ਗੱਡੀਆਂ ਨੂੰ ਰੱਦ ਕਰ ਦਿਤਾ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ 'ਚ ਮੋਬਾਈਲ ਇੰਟਰਨੈੱਟ ਸੇਵਾਵਾਂ ਉਤੇ ਅਗਲੇ 72 ਘੰਟਿਆਂ ਤਕ ਰੋਕ ਰਹੇਗੀ ਅਤੇ ਸੋਸ਼ਲ ਮੀਡੀਆ ਉਤੇ ਪੋਸਟ ਕੀਤੀ ਜਾਣ ਵਾਲੀ ਸਮੱਗਰੀ ਉਤੇ ਵੀ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਅਧਿਕਾਰੀਆਂ ਨੇ ਪੰਚਕੂਲਾ 'ਚ ਬਸ ਅਤੇ ਰੇਲ ਸੇਵਾ ਉਤੇ ਵੀ ਰੋਕ ਲਾ ਦਿਤੀ ਹੈ।
ਹਾਲਾਂਕਿ ਪ੍ਰਸ਼ਾਸਨਿਕ ਤੰਤਰ ਲਈ ਥੋੜ੍ਹੀ ਰਾਹਤ ਦੀ ਗੱਲ ਇਹ ਹੈ ਕਿ ਸੌਦਾ ਸਾਧ ਨੇ ਅੱਜ ਕਿਹਾ ਕਿ ਉਹ ਵਿਅਕਤੀਗਤ ਤੌਰ ਤੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਹੋਣਗੇ। ਉਸ ਨੇ ਅਪਣੇ ਸ਼ਰਧਾਲੂਆਂ ਨੂੰ ਵੀ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ।
ਗ੍ਰਹਿ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੋਹਾਂ ਸੂਬਿਆਂ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ 'ਚ ਮਦਦ ਕਰਨ ਲਈ ਹਰ ਸੰਭਵ ਮਦਦ ਦਾ ਭਰੋਸਾ ਦਿਤਾ ਹੈ ਕਿਉਂਕਿ ਵੱਡੀ ਗਿਣਤੀ 'ਚ ਸੌਦਾ ਸਾਧ ਦੇ ਹਮਾਇਤੀ ਪੰਚਕੂਲਾ 'ਚ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਅਤੇ ਹਰਿਆਣਾ ਸਰਕਾਰਾਂ ਦੇ ਨਿਯਮ ਸੰਪਰਕ 'ਚ ਹਨ ਅਤੇ ਉਨ੍ਹਾਂ ਨੂੰ ਢੁਕਵੀਂ ਮਦਦ ਮੁਹਈਆ ਕਰਵਾਈ ਗਈ ਹੈ।
ਚੰਡੀਗੜ੍ਹ ਕੋਲ ਪੰਚਕੂਲਾ 'ਚ ਔਰਤਾਂ ਅਤੇ ਬਜ਼ੁਰਗਾਂ ਸਮੇਤ ਹਜ਼ਾਰਾਂ ਲੋਕ ਪਹੁੰਚ ਰਹੇ ਹਨ ਅਤੇ ਇੱਥੇ ਪਾਰਕਾਂ ਤੇ ਖੁੱਲ੍ਹੀਆਂ ਥਾਵਾਂ ਤੇ ਰਹਿ ਰਹੇ ਹਨ। ਸੌਦਾ ਸਾਧ ਦੇ ਸ਼ਰਧਾਲੂਆਂ ਦੇ ਆਉਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਹੈੱਡਕੁਆਰਟਰ ਸਿਰਸਾ 'ਚ ਵੀ ਵੱਡੀ ਗਿਣਤੀ 'ਚ ਸ਼ਰਧਾਲੂ ਪਹੁੰਚ ਰਹੇ ਹਨ। ਪੰਚਕੂਲਾ, ਸਿਰਸਾ, ਹਿਸਾਰ ਅਤੇ ਹੋਰ ਥਾਵਾਂ ਤੇ ਸੁਰੱਖਿਆ ਦਸਤਿਆਂ ਨੇ ਫ਼ਲੈਗਮਾਰਚ ਕੀਤਾ ਜਦਕਿ ਅਹਿਤਿਆਤੀ ਤੌਰ 'ਤੇ ਕਈ ਹਸਪਤਾਲਾਂ ਨੂੰ ਵੀ ਅਲਰਟ ਰਖਿਆ ਗਿਆ ਹੈ। (ਪੀਟੀਆਈ)
ਕੀ ਹੈ ਮਾਮਲਾ?
ਸੌਦਾ ਸਾਧ ਵਿਰੁਧ ਸੀ.ਬੀ.ਆਈ. ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਤੇ 2002 'ਚ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਸੀ। ਸੌਦਾ ਸਾਧ ਵਲੋਂ ਕਥਿਤ ਤੌਰ ਤੇ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਮੇ ਬੇਨਾਮੀ ਚਿੱਠੀਆਂ ਦੇ ਸਾਹਮਣੇ ਆਉਣ ਮਗਰੋਂ ਅਦਾਲਤ ਨੇ ਇਹ ਹੁਕਮ ਦਿਤਾ ਸੀ।