
ਭਾਜਪਾ ਦੀ ਅਗਵਾਈ ਵਿਚ ਹੋਵੇਗਾ ਗੋਆ ਦੀ ਨਵੀਂ ਬਣੀ ਸਰਕਾਰ ਦਾ ਸ਼ਕਤੀ ਪ੍ਰੀਖਣ
ਪਣਜੀ : ਵਿਧਾਨ ਸਭਾ ਵਿਚ ਅੱਜ ਬੁੱਧਵਾਰ ਭਾਜਪਾ ਦੀ ਅਗਵਾਈ ਵਿਚ ਗੋਆ ਦੀ ਨਵੀਂ ਬਣੀ ਸਰਕਾਰ ਦਾ ਸ਼ਕਤੀ ਪ੍ਰੀਖਣ ਹੋਵੇਗਾ। ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਮੁਤਾਬਕ ਉਨ੍ਹਾਂ ਨੂੰ 21 ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਜਦਕਿ ਇਸ ਵੇਲੇ 40 ਮੈਂਬਰੀ ਵਿਧਾਨ ਸਭਾ ਵਿਚ ਵਿਧਾਇਕਾਂ ਦੀ ਕੁੱਲ ਗਿਣਤੀ 36 ਹੈ। ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਦੇਹਾਂਤ ਮਗਰੋਂ ਲਗਭੱਗ 30 ਘੰਟੇ ਵਿਧਾਇਕਾਂ ਦੇ ਮੰਨਣ-ਮਨਾਉਣ ਦੇ ਸਿਲਸਿਲੇ ਪਿੱਛੋਂ ਗੋਆ ਵਿਚ ਨਵੀਂ ਸਰਕਾਰ ਦੇ ਗਠਨ ਲਈ ਰਾਹ ਪੱਧਰਾ ਹੋ ਸਕਿਆ ਸੀ।
ਲਿਹਾਜ਼ਾ ਸੋਮਵਾਰ-ਮੰਗਲਵਾਰ ਰਾਤ ਲਗਭੱਗ 1:50 ਵਜੇ ਰਾਜਪਾਲ ਮਿ੍ਦੁਲਾ ਸਿਨਹਾ ਨੇ ਡਾ. ਪ੍ਰਮੋਦ ਸਿਨਹਾ ਨੂੰ ਮੁੱਖ ਮੰਤਰੀ, ਸੁਦੀਨ ਧਵਲੀਕਰ ਤੇ ਵਿਜੇ ਸਰਦੇਸਾਈ ਨੂੰ ਉਪ ਮੁੱਖ ਮੰਤਰੀ, ਨੌਂ ਵਿਧਾਇਕਾਂ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਵਾਈ। ਪਾਰੀਕਰ ਦੇ ਦੇਹਾਂਤ ਤੋਂ ਬਾਅਦ ਐਤਵਾਰ ਦੇਰ ਰਾਤ ਗੋਆ ਪਹੁੰਚੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਆਉਂਦਿਆਂ ਹੀ ਨਵੇਂ ਮੁੱਖ ਮੰਤਰੀ ਦੇ ਨਾਂ 'ਤੇ ਵੱਖ-ਵੱਖ ਭਾਈਵਾਲ ਪਾਰਟੀਆਂ ਨਾਲ ਚਰਚਾ ਸ਼ੁਰੂ ਕਰ ਦਿਤੀ ਸੀ।
ਪਾਰੀਕਰ ਦੀ ਅਗਵਾਈ ਵਾਲੀ ਸਰਕਾਰ ਨੂੰ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐੱਮਜੀਪੀ) ਤੇ ਗੋਆ ਫਾਰਵਰਡ ਪਾਰਟੀ (ਜੀਐੱਫਪੀ) ਦੇ ਨਾਲ-ਨਾਲ ਤਿੰਨ ਆਜ਼ਾਦ ਵਿਧਾਇਕਾਂ ਦਾ ਵੀ ਸਮਰਥਨ ਪ੍ਰਾਪਤ ਸੀ। ਐੱਮਜੀਪੀ ਤੇ ਪੀਐੱਫਪੀ ਦੋਵਾਂ ਨੇ ਦੋ ਸਾਲ ਪਹਿਲਾਂ ਹੋਈਆਂ ਚੋਣਾਂ ਵੇਲੇ ਇਸ ਸ਼ਰਤ 'ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਸਮਰਥਨ ਦੇਣਾ ਮੰਨਿਆ ਸੀ ਕਿ ਮੁੱਖ ਮੰਤਰੀ ਮਨੋਹਰ ਪਾਰੀਕਰ ਹੋਣ। ਉਦੋਂ ਰੱਖਿਆ ਮੰਤਰੀ ਦੀ ਮਹੱਤਵਪੂਰਨ ਜ਼ਿੰਮੇਵਾਰੀ ਤੋਂ ਫ਼ਾਰਗ ਕਰਕੇ ਪਾਰੀਕਰ ਨੂੰ ਗੋਆ ਲਿਆਂਦਾ ਗਿਆ ਸੀ।
ਪਾਰੀਕਰ ਪਹਿਲਾਂ ਵੀ ਤਿੰਨ ਵਾਰ ਗੋਆ ਦੇ ਮੁੱਖ ਮੰਤਰੀ ਰਹਿ ਚੁੱਕੇ ਸਨ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਭਾਜਪਾ ਨੂੰ ਕਿਸੇ ਅਜਿਹੇ ਵਿਅਕਤੀ ਦੀ ਭਾਲ ਸੀ ਜੋ ਸਾਰੀਆਂ ਸਹਿਯੋਗੀ ਪਾਰਟੀਆਂ ਨੂੰ ਮਨਜ਼ੂਰ ਹੋਵੇ। ਪਾਰਟੀ ਲੀਡਰਸ਼ਿਪ ਨੇ ਵਿਧਾਨ ਸਭਾ ਸਪੀਕਰ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਡਾ. ਪ੍ਰਮੋਦ ਸਾਵੰਤ ਦਾ ਨਾਂ ਅੱਗੇ ਵਧਾਉਣ ਦਾ ਵਿਚਾਰ ਕੀਤਾ। ਪਰ ਸਹਿਯੋਗੀ ਪਾਰਟੀਆਂ ਨੂੰ ਕੌਣ ਕਹੇ, ਭਾਜਪਾ 'ਚ ਹੀ ਉਨ੍ਹਾਂ ਦੇ ਮੁਕਾਬਲੇਬਾਜ਼ ਤਿਆਰ ਸਨ।
ਨੌਜਵਾਨ ਵਿਧਾਇਕ ਵਿਸ਼ਵਜੀਤ ਰਾਣੇ ਅਪਣਾ ਦਾਅਵਾ ਲੈ ਕੇ ਤਿਆਰ ਖੜ੍ਹੇ ਸਨ। ਵਿਧਾਨ ਸਭਾ ਦੀ ਡਿਪਟੀ ਸਪੀਕਰ ਮਿਸ਼ੇਲ ਲੋਬੋ ਉਨ੍ਹਾਂ ਦੇ ਨਾਂ ਦਾ ਸਮਰਥਨ ਕਰ ਰਹੇ ਸਨ। ਰਾਣੇ ਨੂੰ ਕੁਝ ਵਿਧਾਇਕਾਂ ਦਾ ਵੀ ਸਮਰਥਨ ਹਾਸਲ ਸੀ। ਪਾਰਟੀ ਨੂੰ ਖ਼ਦਸ਼ਾ ਸੀ ਕਿ ਪਾਰਟੀ 'ਚ ਮਨੋਹਰ ਪਾਰੀਕਰ ਦੇ ਹਮਰੁਤਬਾ ਰਹੇ ਕੇਂਦਰੀ ਆਯੁਸ਼ ਮੰਤਰੀ ਸ਼੍ਰੀਪਦ ਨਾਈਕ ਵੀ ਮੁੱਖ ਮੰਤਰੀ ਅਹੁਦੇ ਦੀ ਇੱਛਾ ਨਾ ਪ੍ਰਗਟ ਕਰ ਦੇਣ। ਉਹ ਸਭ ਤੋਂ ਪ੍ਰਬਲ ਦਾਅਵੇਦਾਰ ਹੋ ਸਕਦੇ ਸਨ ਪਰ ਉੱਤਰੀ ਗੋਆ ਸੰਸਦੀ ਸੀਟ ਤੋਂ ਅਪਣੀ ਜਿੱਤ ਪੱਕੀ ਮੰਨ ਰਹੇ ਸ਼੍ਰੀਪਦ ਨਾਈਕ ਨੇ ਦਾਅਵੇਦਾਰੀ ਪੇਸ਼ ਹੀ ਨਹੀਂ ਕੀਤੀ।
ਗਡਕਰੀ ਨੇ ਪਾਰੀਕਰ ਦੇ ਸਸਕਾਰ ਤੋਂ ਪਹਿਲਾਂ ਬਿਆਨ ਦਿਤਾ ਸੀ ਕਿ ਸ਼ਾਮ ਛੇ ਵਜੇ ਤਕ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਹੋ ਜਾਵੇਗਾ। ਪਰ ਸੋਮਵਾਰ ਸ਼ਾਮ ਅੱਠ ਵਜੇ ਤਕ ਹੀ ਭਾਜਪਾ ਵਲੋਂ ਡਾ. ਪ੍ਰਮੋਦ ਸਾਵੰਤ ਨੂੰ ਮੁੱਖ ਮੰਤਰੀ ਬਣਾਉਣਾ ਤੈਅ ਹੋ ਸਕਿਆ।