
ਮਨੋਹਰ ਪਾਰੀਕਰ ਦੇ ਦੇਹਾਂਤ ਹੋਣ ਤੋਂ ਬਾਅਦ ਸੂਬੇ ਦੇ ਨਵੇਂ ਮੁੱਖ ਮੰਤਰੀ ਦੇ ਨਾਮ ਦੀ ਚੋਣ ਨੂੰ ਲੈ ਕੇ ਅਜੇ ਤੱਕ ਕੋਈ ਸਹਿਮਤੀ ਨਹੀਂ ਬਣ ਸਕੀ
ਗੋਆ- ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਦੇਹਾਂਤ ਹੋਣ ਤੋਂ ਬਾਅਦ ਸੂਬੇ ਦੇ ਨਵੇਂ ਮੁੱਖ ਮੰਤਰੀ ਦੇ ਨਾਮ ਦੀ ਚੋਣ ਨੂੰ ਲੈ ਕੇ ਅਜੇ ਤੱਕ ਕੋਈ ਸਹਿਮਤੀ ਨਹੀਂ ਬਣ ਸਕੀ। ਭਾਜਪਾ ਦੇ ਕੇਂਦਰੀ ਆਗੂਆਂ ਨੇ ਨਿਤਿਨ ਗਡਕਰੀ ਅਤੇ ਰਾਸ਼ਟਰੀ ਸੰਯੁਕਤ ਸੰਗਠਨ ਸਕੱਤਰ ਨੂੰ ਗੋਆ ਭੇਜਿਆ, ਜਿਨ੍ਹਾਂ ਭਾਜਪਾ ਵਿਧਾਇਕਾਂ ਨਾਲ ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ ਅਤੇ ਗੋਆ ਫਾਰਵਰਡ ਪਾਰਟੀ ਤੇ ਆਜ਼ਾਦਾਂ ਨਾਲ ਮੀਟਿੰਗ ਕੀਤੀ।
ਮੀਟਿੰਗ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਪਾਰਟੀ ਐਤਵਾਰ ਰਾਤ ਨੂੰ ਹੀ ਨਵੇਂ ਮੁੱਖ ਮੰਤਰੀ ਦੇ ਨਾਮ ਦੀ ਚੋਣ ਨੂੰ ਲੈ ਕੇ ਫੈਸਲਾ ਲੈ ਸਕਦੀ ਹੈ, ਪ੍ਰੰਤੂ ਮੀਟਿੰਗ ਤੋਂ ਬਾਹਰ ਆਏ ਆਗੂਆਂ ਨੇ ਦੱਸਿਆ ਕਿ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੈ। ਉਥੇ, ਭਾਜਪਾ ਵਿਧਾਇਕ ਅਤੇ ਗੋਆ ਦੇ ਡਿਪਟੀ ਸਪੀਕਰ ਮਾਈਕਲ ਲੋਬੋ ਨੇ ਦੱਸਿਆ ਕਿ ਐਮਜੇਪੀ ਆਗੂ ਸੁਦੀਨ ਧਾਵਲੀਕਰ ਨੇ ਖੁਦ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਕੋਈ ਹਲ ਨਿਕਲੇਗਾ।
ਸੁਦੀਨ ਧਾਵਲੀਕਰ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਅਤੇ ਉਨ੍ਹਾਂ ਇਸ ਦੀ ਮੰਗ ਵੀ ਰੱਖੀ ਹੈ। ਪਰ ਭਾਜਪਾ ਇਸ ਉਤੇ ਸਹਿਮਤ ਨਹੀਂ ਹੈ। ਧਾਵਲੀਕਰ ਨੇ ਕਿਹਾ ਕਿ ਸਾਰੇ ਵਿਧਾਇਕਾਂ ਦੀ ਮੀਟਿੰਗ ਵਿਚ ਉਨ੍ਹਾਂ ਦੇ ਵਿਚਾਰ ਸੁਣੇ ਗਏ ਸਨ। ਅਜੇ ਤੱਕ ਕੁਝ ਵੀ ਤੈਅ ਨਹੀਂ ਹੋਇਆ। ਉਨ੍ਹਾਂ ਅੱਗੇ ਕਿਹਾ ਕਿ ਐਮਜੇਪੀ ਜੋ ਵੀ ਫੈਸਲਾ ਲਵੇਗੀ, ਉਸ ਪ੍ਰਸਤਾਵ ਨੂੰ ਕਾਰਜਕਾਰੀ ਕਮੇਟੀ ਨੂੰ ਦੇਵਾਂਗੇ।
ਭਾਜਪਾ ਆਗੂਆਂ ਨੇ ਕਿਹਾ ਕਿ ਅੰਤਿਮ ਫੈਸਲਾ ਕੇਂਦਰੀ ਆਗੂ ਲੈਣਗੇ। ਇਸ ਤੋਂ ਇਲਾਵਾ ਗੋਆ ਫਾਰਵਰਡ ਪਾਰਟੀ ਦੇ ਆਗੂ ਵਿਜੇ ਸਰਦੇਸਾਈ ਨੇ ਦੱਸਿਆ ਕਿ ਭਾਜਪਾ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਫੈਸਲਾ ਲੈਣ ਦੀ ਪ੍ਰਕਿਰਿਆ ਵਿਚ ਹਾਂ। ਅਜੇ ਤੱਕ ਕੁਝ ਵੀ ਤੈਅ ਨਹੀਂ ਹੋਇਆ ਹੈ।