
ਇਸ ਤੋਂ ਪਹਿਲਾਂ ਜਹਾਂਗੀਰਪੁਰੀ 'ਚ ਕਬਜ਼ੇ ਹਟਾਉਣ ਦੀ ਕਾਰਵਾਈ ਨਾ ਰੁਕਣ 'ਤੇ ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ।
ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਵਿਸ਼ੇਸ਼ ਕਮਿਸ਼ਨਰ (ਕਾਨੂੰਨ ਵਿਵਸਥਾ) ਦੀਪੇਂਦਰ ਪਾਠਕ ਨੇ ਜਾਣਕਾਰੀ ਦਿੱਤੀ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਜਹਾਂਗੀਰਪੁਰੀ 'ਚ ਕਬਜ਼ੇ ਹਟਾਉਣ ਦੀ ਪ੍ਰਕਿਰਿਆ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜਹਾਂਗੀਰਪੁਰੀ 'ਚ ਕਬਜ਼ੇ ਹਟਾਉਣ ਦੀ ਕਾਰਵਾਈ ਨਾ ਰੁਕਣ 'ਤੇ ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਸੀਪੀਐਮ ਨੇਤਾ ਬਰਿੰਦਾ ਕਰਤ ਮੌਕੇ 'ਤੇ ਪਹੁੰਚੇ ਅਤੇ ਉਹਨਾਂ ਨੇ ਦੀਪੇਂਦਰ ਪਾਠਕ ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਜਾਣੂ ਕਰਵਾਇਆ।
ਸੁਪਰੀਮ ਕੋਰਟ ਨੇ ਰਜਿਸਟਰੀ ਨੂੰ ਹੁਕਮ ਦਿੱਤਾ ਸੀ ਕਿ ਉਹ ਉਚਿਤ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰੇ ਅਤੇ ਇਹ ਯਕੀਨੀ ਕਰੇ ਕਿ ਹੁਕਮ ਤੁਰੰਤ ਲਾਗੂ ਕੀਤੇ ਜਾਣ। ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਸੀ ਕਿ ਜਹਾਂਗੀਰਪੁਰੀ 'ਚ ਕਬਜ਼ਿਆਂ ਨੂੰ ਹਟਾਉਣ 'ਤੇ ਰੋਕ ਲੱਗਣ ਦੇ ਬਾਵਜੂਦ ਇਹ ਅਜੇ ਤੱਕ ਰੁਕਿਆ ਨਹੀਂ ਹੈ, ਜਿਸ 'ਤੇ ਸੁਪਰੀਮ ਕੋਰਟ ਨੇ ਇਹ ਹੁਕਮ ਦਿੱਤਾ ਹੈ।
Supreme Court stalls Jahangirpuri demolition, to hear matter tomorrow
ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਜਹਾਂਗੀਰਪੁਰੀ ਵਿਚ ਐਮਸੀਡੀ ਦੀ ਕਾਰਵਾਈ ਕੁਝ ਥਾਵਾਂ ’ਤੇ ਜਾਰੀ ਸੀ। ਜਦੋਂ ਪਟੀਸ਼ਨਰ ਨੇ ਇਸ ਬਾਰੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਤਾਂ ਸੀਜੇਆਈ ਐਨਵੀ ਰਮਨਾ ਨੇ ਤੁਰੰਤ ਰਜਿਸਟਰਾਰ ਨੂੰ ਆਦੇਸ਼ ਦਿੱਤਾ ਕਿ ਉਹ ਸਾਡੇ ਹੁਕਮਾਂ ਨੂੰ ਤੁਰੰਤ ਐਮਸੀਡੀ, ਦਿੱਲੀ ਪੁਲਿਸ ਅਤੇ ਮੇਅਰ ਤੱਕ ਪਹੁੰਚਾਉਣ। ਸੁਪਰੀਮ ਕੋਰਟ ਦੇ ਹੁਕਮ ਦੇ ਕਰੀਬ ਦੋ ਘੰਟੇ ਬਾਅਦ ਨਿਗਮ ਦੀ ਕਾਰਵਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ। ਸੁਪਰੀਮ ਕੋਰਟ ਨੇ ਜਮੀਯਤ ਉਲੇਮਾ-ਏ-ਹਿੰਦ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ 'ਚ ਉੱਤਰੀ ਦਿੱਲੀ ਨਗਰ ਨਿਗਮ ਵੱਲੋਂ ਕਬਜ਼ੇ ਹਟਾਉਣ 'ਤੇ ਰੋਕ ਲਗਾ ਦਿੱਤੀ ਹੈ।
ਉੱਤਰੀ ਦਿੱਲੀ ਨਗਰ ਨਿਗਮ ਦੇ ਕਮਿਸ਼ਨਰ ਸੰਜੇ ਗੋਇਲ ਨੇ ਕਿਹਾ ਹੈ ਕਿ ਉਹਨਾਂ ਨੂੰ ਅਦਾਲਤ ਦੇ ਹੁਕਮਾਂ ਬਾਰੇ ਜਾਣਕਾਰੀ ਮਿਲੀ ਹੈ। ਆਦੇਸ਼ ਨੂੰ ਪੜ੍ਹ ਕੇ, ਉਹ ਇਸ ਨੂੰ ਸਹੀ ਢੰਗ ਨਾਲ ਲਾਗੂ ਕਰਨਗੇ। ਦੂਜੇ ਪਾਸੇ ਦਿੱਲੀ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਦੇ ਜਵਾਨ ਜਹਾਂਗੀਰਪੁਰੀ 'ਚ ਨਗਰ ਨਿਗਮ ਨੂੰ ਕਬਜ਼ੇ ਹਟਾਉਣ 'ਚ ਮਦਦ ਕਰਨ ਲਈ ਤਾਇਨਾਤ ਹਨ।
ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਨਗਰ ਨਿਗਮ ਦੀ ਟੀਮ ਨੇ ਭਾਰੀ ਸੁਰੱਖਿਆ ਹੇਠ ਜਹਾਂਗੀਰਪੁਰੀ ਪਹੁੰਚੀ ਅਤੇ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਉੱਤਰੀ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ 'ਚ ਸ਼ਨੀਵਾਰ ਨੂੰ ਹਨੂੰਮਾਨ ਜਯੰਤੀ ਦੇ ਮੌਕੇ ਸ਼ੋਭਾ ਯਾਤਰਾ ਦੌਰਾਨ ਹਿੰਸਾ ਭੜਕ ਗਈ। ਉਦੋਂ ਤੋਂ ਹੀ ਇਲਾਕੇ 'ਚ ਤਣਾਅ ਬਣਿਆ ਹੋਇਆ ਹੈ।ਮੰਗਲਵਾਰ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਉੱਤਰੀ ਦਿੱਲੀ ਨਗਰ ਨਿਗਮ ਨੂੰ ਪੱਤਰ ਲਿਖ ਕੇ ਇਲਾਕੇ 'ਚ ਗੈਰ-ਕਾਨੂੰਨੀ ਉਸਾਰੀਆਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਬੁਲਡੋਜ਼ਰ ਨਾਲ ਢਾਹੁਣ ਦੀ ਮੰਗ ਕੀਤੀ ਸੀ।
ਇਸ ਤੋਂ ਬਾਅਦ ਨਗਰ ਨਿਗਮ ਦੇ ਮੇਅਰ ਰਾਜਾ ਇਕਬਾਲ ਸਿੰਘ ਨੇ ਕਿਹਾ ਕਿ ਸਾਡੀ ਜੇਸੀਬੀ ਅਤੇ ਸਟਾਫ਼ ਜਹਾਂਗੀਰਪੁਰੀ ਵਿਚ ਸੜਕਾਂ ਅਤੇ ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏਗੀ। ਅਸੀਂ ਆਪਣਾ ਕੰਮ ਕਰਕੇ ਵਾਪਸ ਆਵਾਂਗੇ। ਕਬਜ਼ੇ ਹਟਾਉਣ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਵਿਸ਼ੇਸ਼ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਦੀਪੇਂਦਰ ਪਾਠਕ ਨੇ ਪੂਰੇ ਇਲਾਕੇ ਦਾ ਜਾਇਜ਼ਾ ਲਿਆ। ਉਹਨਾਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, "ਅਸੀਂ ਐਨਡੀਐਮਸੀ ਨੂੰ ਕਬਜ਼ੇ ਹਟਾਉਣ ਲਈ ਚੱਲ ਰਹੇ ਆਪ੍ਰੇਸ਼ਨ ਵਿਚ ਸੁਰੱਖਿਆ ਪ੍ਰਦਾਨ ਕਰਾਂਗੇ। ਸੁਰੱਖਿਆ ਬਲ ਇੱਥੇ ਕਾਫ਼ੀ ਗਿਣਤੀ ਵਿਚ ਮੌਜੂਦ ਹਨ। ਸਾਡਾ ਧਿਆਨ ਕਾਨੂੰਨ ਵਿਵਸਥਾ 'ਤੇ ਹੈ।"