
ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਹਾਂ ਕਿ ਕੇਜਰੀਵਾਲ ਨੂੰ ਹੌਲੀ-ਹੌਲੀ ਮੌਤ ਦੇਣ ਦੀ ਸਾਜਿਸ਼ ਰਚੀ ਜਾ ਰਹੀ ਹੈ - ਭਾਰਦਵਾਜ
ਨਵੀਂ ਦਿੱਲੀ - ਆਮ ਆਦਮੀ ਪਾਰਟੀ (ਆਪ) ਨੇ ਸ਼ਨੀਵਾਰ ਨੂੰ ਦੋਸ਼ ਲਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਨਸੁਲਿਨ ਅਤੇ ਡਾਕਟਰ ਦੀ ਸਲਾਹ ਨਾ ਮੰਨ ਕੇ ਤਿਹਾੜ ਜੇਲ 'ਚ ਹੌਲੀ-ਹੌਲੀ ਮੌਤ ਵੱਲ ਧੱਕਿਆ ਜਾ ਰਿਹਾ ਹੈ। ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਟਾਈਪ-2 ਡਾਇਬਿਟੀਜ਼ ਤੋਂ ਪੀੜਤ ਕੇਜਰੀਵਾਲ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਨਸੁਲਿਨ ਦਿੱਤੀ ਜਾਵੇ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਉਨ੍ਹਾਂ ਦੇ ਪਰਿਵਾਰਕ ਡਾਕਟਰ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ ਪਰ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਦੀ ਬੇਨਤੀ ਨਹੀਂ ਮੰਨ ਰਿਹਾ।
ਭਾਰਦਵਾਜ ਨੇ ਜੇਲ੍ਹ 'ਚ ਮੁੱਖ ਮੰਤਰੀ ਦੇ ਬਲੱਡ ਸ਼ੂਗਰ ਦੇ ਪੱਧਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਹਾਂ ਕਿ ਕੇਜਰੀਵਾਲ ਨੂੰ ਹੌਲੀ-ਹੌਲੀ ਮੌਤ ਦੇਣ ਦੀ ਸਾਜਿਸ਼ ਰਚੀ ਜਾ ਰਹੀ ਹੈ। '' ਉਨ੍ਹਾਂ ਨੇ ਕੇਜਰੀਵਾਲ ਨੂੰ ਇਨਸੁਲਿਨ ਦੇਣ ਤੋਂ ਕਥਿਤ ਤੌਰ 'ਤੇ ਇਨਕਾਰ ਕਰਨ ਲਈ ਤਿਹਾੜ ਪ੍ਰਸ਼ਾਸਨ, ਭਾਰਤੀ ਜਨਤਾ ਪਾਰਟੀ (ਭਾਜਪਾ), ਕੇਂਦਰ ਸਰਕਾਰ ਅਤੇ ਦਿੱਲੀ ਦੇ ਉਪ ਰਾਜਪਾਲ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਪਿਛਲੇ 20-22 ਸਾਲਾਂ ਤੋਂ ਸ਼ੂਗਰ ਤੋਂ ਪੀੜਤ ਹਨ।
ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਅਦਾਲਤ ਨੂੰ ਦੱਸਿਆ ਸੀ ਕਿ ਉਨ੍ਹਾਂ ਵੱਲੋਂ ਖਾਧਾ ਗਿਆ ਭੋਜਨ ਉਨ੍ਹਾਂ ਦੇ ਡਾਕਟਰ ਵੱਲੋਂ ਤਿਆਰ ਕੀਤੇ ਗਏ ਖੁਰਾਕ ਚਾਰਟ ਦੇ ਅਨੁਸਾਰ ਸੀ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ 'ਤੇ ਸੰਕੀਰਣ ਸੋਚ ਰੱਖਣ ਅਤੇ ਜੇਲ੍ਹ 'ਚ ਉਨ੍ਹਾਂ ਦੀ ਖੁਰਾਕ 'ਤੇ ਰਾਜਨੀਤੀ ਕਰਨ ਦਾ ਦੋਸ਼ ਲਾਇਆ ਸੀ। ਉਨ੍ਹਾਂ ਨੇ ਬੇਨਤੀ ਕੀਤੀ ਕਿ ਜੇਲ੍ਹ ਵਿਚ ਉਹਨਾਂ ਨੂੰ ਇਨਸੁਲਿਨ ਦਿੱਤੀ ਜਾਵੇ।
ਕੇਜਰੀਵਾਲ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਕਿਹਾ ਸੀ ਕਿ ਕੇਜਰੀਵਾਲ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਇਨਸੁਲਿਨ ਨਹੀਂ ਦਿੱਤੀ ਗਈ ਹੈ। ਉਨ੍ਹਾਂ ਨੇ ਇਸ ਨੂੰ ਹੈਰਾਨ ਕਰਨ ਵਾਲਾ ਅਤੇ ਖ਼ਤਰਨਾਕ ਦੱਸਿਆ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਰਵਾਰ ਨੂੰ ਅਦਾਲਤ ਦੇ ਸਾਹਮਣੇ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਟਾਈਪ-2 ਡਾਇਬਿਟੀਜ਼ ਤੋਂ ਪੀੜਤ ਹੋਣ ਦੇ ਬਾਵਜੂਦ ਮੈਡੀਕਲ ਆਧਾਰ 'ਤੇ ਜ਼ਮਾਨਤ ਲਈ ਆਧਾਰ ਤਿਆਰ ਕਰਨ ਲਈ ਜੇਲ੍ਹ 'ਚ ਰੋਜ਼ਾਨਾ ਅੰਬ ਅਤੇ ਮਠਿਆਈਆਂ ਵਰਗੀਆਂ ਉੱਚ ਖੰਡ ਵਾਲੀਆਂ ਖੁਰਾਕਾਂ ਦਾ ਸੇਵਨ ਕਰ ਰਹੇ ਹਨ।
ਸਿੰਘਵੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਦੋਸ਼ ਇਹ ਹੈ ਕਿ ਮੈਂ (ਕੇਜਰੀਵਾਲ) ਅੰਬ ਖਾ ਰਿਹਾ ਸੀ। ਘਰੋਂ 48 ਵਾਰ ਭੋਜਨ ਭੇਜਿਆ ਗਿਆ, ਜਿਸ ਵਿਚੋਂ ਅੰਬ ਸਿਰਫ਼ ਤਿੰਨ ਵਾਰ ਭੇਜੇ ਗਏ। ''
ਭਾਰਦਵਾਜ ਨੇ ਕਿਹਾ ਕਿ ਅਦਾਲਤ ਨੇ ਕੇਜਰੀਵਾਲ ਨੂੰ ਰੋਜ਼ਾਨਾ ਬਲੱਡ ਸ਼ੂਗਰ ਦੇ ਪੱਧਰ ਦੀ ਨਿਗਰਾਨੀ ਕਰਨ ਲਈ ਜੇਲ੍ਹ ਵਿਚ ਇੱਕ ਮਸ਼ੀਨ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਕੁਲ ਮਿਲਾ ਕੇ ਇਹ ਕੇਜਰੀਵਾਲ ਨੂੰ ਖਤਮ ਕਰਨ ਦੀ ਸਾਜਿਸ਼ ਹੈ ਤਾਂ ਕਿ ਉਨ੍ਹਾਂ ਦੇ ਅੰਗ ਕੰਮ ਕਰਨਾ ਬੰਦ ਕਰ ਦੇਣ ਅਤੇ ਜਦੋਂ ਉਹ ਦੋ-ਚਾਰ ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਉਣ ਤਾਂ ਉਹ ਗੁਰਦੇ, ਦਿਲ ਅਤੇ ਹੋਰ ਅੰਗਾਂ ਦੇ ਇਲਾਜ ਲਈ ਜਾਂਦੇ ਰਹਿਣ। ''