
ਰੇਲਵੇ 'ਚ ਨੌਕਰੀ ਲੈਣ ਵਾਲਿਆਂ ਦੇ ਘਰਾਂ 'ਤੇ ਕਾਰਵਾਈ
ਬਿਹਾਰ - ਸੀਬੀਆਈ ਨੇ ਸ਼ੁੱਕਰਵਾਰ ਨੂੰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੇ 17 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਰੇਲਵੇ ਰਿਕਰੂਟਮੈਂਟ ਬੋਰਡ 'ਚ ਗੜਬੜੀ ਦੇ ਮਾਮਲੇ 'ਚ ਕੀਤੀ ਗਈ ਹੈ। ਪਟਨਾ, ਗੋਪਾਲਗੰਜ ਅਤੇ ਦਿੱਲੀ 'ਚ ਲਾਲੂ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਅਤੇ ਬੇਟੀ ਮੀਸਾ ਭਾਰਤੀ ਦੇ 10 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਬਾਕੀ 7 ਥਾਵਾਂ ਦੇ ਨਾਂ ਸਾਹਮਣੇ ਨਹੀਂ ਆਏ ਹਨ।
Lalu Prasad Yadav
ਸੀਬੀਆਈ ਰਾਬੜੀ ਦੇਵੀ ਅਤੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਤੋਂ ਪਟਨਾ ਵਿੱਚ ਵੱਖ-ਵੱਖ ਕਮਰਿਆਂ ਵਿਚ ਪੁੱਛਗਿੱਛ ਕਰ ਰਹੀ ਹੈ। ਪੁੱਛਗਿੱਛ ਲਈ 3-3 ਅਧਿਕਾਰੀਆਂ ਦੀਆਂ ਦੋ ਟੀਮਾਂ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਸੀਬੀਆਈ ਦੇ ਐਸਪੀ ਅਤੇ ਡੀਐਸਪੀ ਪੱਧਰ ਦੇ ਅਧਿਕਾਰੀ ਦਿੱਲੀ ਵਿਚ ਮੀਸਾ ਭਾਰਤੀ ਦੇ ਘਰ ਲਾਲੂ ਯਾਦਵ ਤੋਂ ਪੁੱਛਗਿੱਛ ਕਰਨ ਵਿਚ ਲੱਗੇ ਹੋਏ ਹਨ। ਲਾਲੂ ਤੋਂ ਭਰਤੀ ਸਬੰਧੀ ਫਾਈਲਾਂ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ।
CBI
ਛਾਪੇਮਾਰੀ ਦੌਰਾਨ ਲਾਲੂ ਪ੍ਰਸਾਦ ਯਾਦਵ ਨੇ ਸੀਬੀਆਈ ਅਧਿਕਾਰੀਆਂ ਤੋਂ ਡਾਕਟਰ ਨੂੰ ਬੁਲਾਉਣ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਮੇਰੀ ਸਿਹਤ ਠੀਕ ਨਹੀਂ ਹੈ, ਤੁਸੀਂ ਪਹਿਲਾਂ ਡਾਕਟਰ ਨੂੰ ਬੁਲਾਓ। ਇਸ ਦੇ ਨਾਲ ਹੀ 2 ਵਕੀਲਾਂ ਨੂੰ ਵੀ ਬੁਲਾਇਆ ਗਿਆ। ਰਾਬੜੀ ਦੇਵੀ ਤੋਂ ਪੁੱਛਗਿੱਛ ਕਰਨ ਲਈ ਇੱਕ ਮਹਿਲਾ ਆਈਪੀਐਸ ਅਧਿਕਾਰੀ ਵੀ ਪਟਨਾ ਪਹੁੰਚੀ ਹੈ। ਪਟਨਾ ਵਿਚ ਸੀਬੀਆਈ ਦੀ 8 ਮੈਂਬਰੀ ਟੀਮ 10 ਸਰਕੂਲਰ ਰੋਡ ਸਥਿਤ ਰਾਬੜੀ ਨਿਵਾਸ ਪਹੁੰਚੀ। ਟੀਮ ਵਿਚ ਪੁਰਸ਼ ਅਤੇ ਮਹਿਲਾ ਦੋਵੇਂ ਅਧਿਕਾਰੀ ਸ਼ਾਮਲ ਹਨ। ਇਸ ਦੌਰਾਨ ਕਿਸੇ ਦੇ ਵੀ ਘਰ ਅੰਦਰ ਜਾਣ 'ਤੇ ਪਾਬੰਦੀ ਨਹੀਂ ਲਗਾਈ ਗਈ ਹੈ। ਟੀਮ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ।