
ਰਾਜਸਥਾਨ ਦੇ ਹਨੂੰਮਾਨਗੜ੍ਹ ਵਿਚ ਮਿਗ-21 ਲੜਾਕੂ ਜਹਾਜ਼ ਹਾਦਸੇ ਵਿਚ 3 ਔਰਤਾਂ ਦੀ ਮੌਤ ਹੋ ਗਈ ਸੀ।
ਨਵੀਂ ਦਿੱਲੀ - ਭਾਰਤੀ ਹਵਾਈ ਸੈਨਾ ਨੇ ਮਿਗ-21 ਲੜਾਕੂ ਜਹਾਜ਼ਾਂ ਦੇ ਪੂਰੇ ਬੇੜੇ ਨੂੰ ਉਡਾਣ ਭਰਨ 'ਤੇ ਰੋਕ ਲਗਾ ਦਿੱਤੀ ਹੈ। ਰਾਜਸਥਾਨ ਵਿਚ 8 ਮਈ ਨੂੰ ਕ੍ਰੈਸ਼ ਹੋਏ ਮਿਗ-21 ਦੀ ਜਾਂਚ ਪੂਰੀ ਹੋਣ ਤੱਕ ਸਾਰੇ ਜਹਾਜ਼ਾਂ ਨੂੰ ਗਰਾਉਂਡ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਰਾਜਸਥਾਨ ਦੇ ਹਨੂੰਮਾਨਗੜ੍ਹ ਵਿਚ ਮਿਗ-21 ਲੜਾਕੂ ਜਹਾਜ਼ ਹਾਦਸੇ ਵਿਚ 3 ਔਰਤਾਂ ਦੀ ਮੌਤ ਹੋ ਗਈ ਸੀ।
ਹਵਾਈ ਸੈਨਾ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਮਿਗ ਜਹਾਜ਼ ਉਦੋਂ ਤੱਕ ਨਹੀਂ ਉਡਾਣ ਭਰੇਗਾ ਜਦੋਂ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਜਾਂਦਾ। ਇਸ ਸਮੇਂ ਹਵਾਈ ਸੈਨਾ ਵਿਚ ਮਿਗ-21 ਦੇ 3 ਸਕੁਐਡਰਨ ਹਨ। ਹਰੇਕ ਸਕੁਐਡਰਨ ਵਿਚ 16 ਤੋਂ 18 ਜਹਾਜ਼ ਹੁੰਦੇ ਹਨ। ਇਸ ਹਿਸਾਬ ਨਾਲ ਲਗਭਗ 50 ਮਿਗ-21 ਸੇਵਾ ਵਿਚ ਹਨ। ਉਹ 2025 ਤੱਕ ਰਿਟਾਇਰ ਹੋਣ ਵਾਲੇ ਹਨ। ਭਾਰਤੀ ਹਵਾਈ ਸੈਨਾ ਕੋਲ ਕੁੱਲ 31 ਲੜਾਕੂ ਸਕੁਐਡਰਨ ਹਨ।
ਮਿਗ-21 ਸਿੰਗਲ ਇੰਜਣ ਅਤੇ ਸਿੰਗਲ ਸੀਟ ਮਲਟੀ ਰੋਲ ਲੜਾਕੂ ਜਹਾਜ਼ ਹੈ। ਇਸ ਨੂੰ 1963 ਵਿਚ ਇੱਕ ਇੰਟਰਸੈਪਟਰ ਏਅਰਕ੍ਰਾਫਟ ਦੇ ਰੂਪ ਵਿਚ ਭਾਰਤੀ ਹਵਾਈ ਸੈਨਾ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਨੂੰ ਅਗਲੇ ਕੁਝ ਸਾਲਾਂ ਵਿਚ ਹਮਲੇ ਦੀਆਂ ਵਿਸ਼ੇਸ਼ਤਾਵਾਂ ਨਾਲ ਅਪਗ੍ਰੇਡ ਕੀਤਾ ਗਿਆ ਸੀ।