
ਕਿਹਾ, ਅਸੀਂ ਤੁਹਾਨੂੰ ਸਾਫ਼-ਸੁਥਰੀ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਵਾਂਗੇ
ਬੰਗਲੌਰ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ 'ਚ ਅਪਣੀ ਪਾਰਟੀ ਦੀ ਜਿੱਤ ਲਈ ਸੂਬੇ ਦੇ ਲੋਕਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਦਖਣੀ ਸੂਬੇ ਨੇ 'ਨਫ਼ਰਤ ਦੇ ਬਾਜ਼ਾਰ 'ਚ ਮੁਹੱਬਤ ਦੀਆਂ ਲੱਖਾਂ ਦੁਕਾਨਾਂ' ਖੋਲ੍ਹ ਦਿਤੀਆਂ ਹਨ’। ਉਨ੍ਹਾਂ ਨੇ ਮੁੱਖ ਮੰਤਰੀ ਸਿੱਧਰਮਈਆ, ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਅਤੇ ਅੱਠ ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਲੋਕਾਂ ਨੂੰ ਸਾਫ਼-ਸੁਥਰੇ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦਾ ਵਾਅਦਾ ਕੀਤਾ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਵਿਚ ਕਾਂਗਰਸ ਵਲੋਂ ਦਿਤੀਆਂ ਗਈਆਂ ਪੰਜ ‘ਗਾਰੰਟੀਆਂ’ ਕਾਨੂੰਨ ਦਾ ਰੂਪ ਧਾਰਨ ਕਰ ਲੈਣਗੀਆਂ। ਉਨ੍ਹਾਂ ਸਥਾਨਕ ਸ੍ਰੀ ਕਾਂਤੀਰਾਵਾ ਸਟੇਡੀਅਮ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ।
ਇਹ ਵੀ ਪੜ੍ਹੋ: ਕੈਨੇਡਾ ਵਿਚ ਵਰਕ ਪਰਮਿਟ ਲੈਣਾ ਹੋਇਆ ਅਸਾਨ, ਬਿਨ੍ਹਾਂ IELTS ਦੇ ਵੀ ਕਰ ਸਕਦੇ ਹੋ ਅਪਲਾਈ
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ''ਮੈਂ ਕਰਨਾਟਕ ਦੇ ਲੋਕਾਂ ਦਾ ਧਨਵਾਦ ਕਰਦਾ ਹਾਂ। ਤੁਹਾਡਾ ਪੂਰਾ ਸਮਰਥਨ ਮਿਲਿਆਂ। ਅਸੀਂ ਅਤੇ ਤੁਸੀਂ ਜਾਣਦੇ ਹਾਂ ਕਿ ਪਿਛਲੇ ਪੰਜ ਸਾਲਾਂ ਵਿਚ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ… ਇਸ ਜਿੱਤ ਦਾ ਇਕੋ ਇਕ ਕਾਰਨ ਹੈ ਕਿ ਕਾਂਗਰਸ ਕਰਨਾਟਕ ਦੇ ਗਰੀਬਾਂ, ਦਲਿਤਾਂ, ਆਦਿਵਾਸੀਆਂ ਅਤੇ ਪਛੜੇ ਲੋਕਾਂ ਦੇ ਨਾਲ ਖੜ੍ਹੀ ਹੈ। ਕਰਨਾਟਕ ਦੀ ਜਨਤਾ ਨੇ ਭਾਜਪਾ ਦੀ ਸਾਰੀ ਤਾਕਤ, ਭ੍ਰਿਸ਼ਟਾਚਾਰ ਅਤੇ ਨਫ਼ਰਤ ਨੂੰ ਹਰਾ ਦਿਤਾ ਹੈ"।
ਇਹ ਵੀ ਪੜ੍ਹੋ: ਬੰਗਾਲ ਵਿਚ ਮੁਸਲਮਾਨ ਹਿੰਦੂ ਔਰਤਾਂ 'ਤੇ ਕਰ ਰਹੇ ਅੱਤਿਆਚਾਰ? ਨਹੀਂ, ਵਾਇਰਲ ਇਹ ਦਾਅਵਾ ਫਰਜ਼ੀ ਹੈ
'ਭਾਰਤ ਜੋੜੋ ਯਾਤਰਾ' ਦੌਰਾਨ ਅਪਣੇ ਸੰਦੇਸ਼ ਦਾ ਹਵਾਲਾ ਦਿੰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ''ਕਰਨਾਟਕ ਨੇ ਨਫ਼ਰਤ ਦੇ ਬਾਜ਼ਾਰ 'ਚ ਮੁਹੱਬਤ ਦੀਆਂ ਲੱਖਾਂ ਦੁਕਾਨਾਂ ਖੋਲ੍ਹ ਦਿੱਤੀਆਂ ਹਨ।'' ਕਾਂਗਰਸ ਵਲੋਂ ਦਿਤੀਆਂ ਗਈਆਂ ਪੰਜ ਗਾਰੰਟੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ''ਅਸੀਂ ਕਿਹਾ ਸੀ ਕਿ ਅਸੀਂ ਝੂਠੇ ਵਾਅਦੇ ਨਹੀਂ ਕਰਦੇ, ਅਸੀਂ ਉਹੀ ਕਰਦੇ ਹਾਂ ਜੋ ਅਸੀਂ ਕਹਿੰਦੇ ਹਾਂ। ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਇਕ ਦੋ ਘੰਟਿਆਂ ਵਿਚ ਹੋਵੇਗੀ। ਇਹ ਵਾਅਦੇ ਕਾਨੂੰਨ ਬਣ ਜਾਣਗੇ”। ਰਾਹੁਲ ਗਾਂਧੀ ਨੇ ਕਿਹਾ, ''ਅਸੀਂ ਤੁਹਾਨੂੰ ਸਾਫ਼-ਸੁਥਰੀ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਵਾਂਗੇ... ਇਹ ਕਰਨਾਟਕ ਦੇ ਲੋਕਾਂ ਦੀ ਸਰਕਾਰ ਹੈ ਅਤੇ ਇਹ ਤੁਹਾਡੇ ਲਈ ਦਿਲੋਂ ਕੰਮ ਕਰੇਗੀ।''