ਕਦੇ ਘੱਟ ਗਿਣਤੀਆਂ ਵਿਰੁਧ ਨਹੀਂ ਬੋਲਿਆ, ਪਰ ਕਿਸੇ ਨੂੰ ‘ਵਿਸ਼ੇਸ਼ ਨਾਗਰਿਕ’ ਵਜੋਂ ਮਨਜ਼ੂਰ ਕਰਨ ਲਈ ਤਿਆਰ ਨਹੀਂ: ਮੋਦੀ
Published : May 20, 2024, 5:48 pm IST
Updated : May 20, 2024, 9:06 pm IST
SHARE ARTICLE
PM Modi
PM Modi

ਕਿਹਾ, ਚੋਣ ਪ੍ਰਚਾਰ ਦੌਰਾਨ ਭਾਸ਼ਣਾਂ ਦਾ ਉਦੇਸ਼ ਵੋਟ ਬੈਂਕ ਦੀ ਸਿਆਸਤ ਦੇ ਨਾਲ-ਨਾਲ ਘੱਟ ਗਿਣਤੀਆਂ ਨੂੰ ਖੁਸ਼ ਕਰਨ ਦੀਆਂ ਵਿਰੋਧੀ ਪਾਰਟੀਆਂ ਦੀਆਂ ਕੋਸ਼ਿਸ਼ਾਂ ਦਾ ਪਰਦਾਫਾਸ਼ ਕਰਨਾ ਸੀ

ਕਿਹਾ, ਜਿਸ ਦਿਨ ਕਾਂਗਰਸ ਦਾ ਚੋਣ ਐਲਾਨਨਾਮਾ ਜਾਰੀ ਕੀਤਾ ਗਿਆ ਸੀ, ਉਸੇ ਦਿਨ ਕਿਹਾ ਸੀ ਕਿ ਇਸ ’ਤੇ ਮੁਸਲਿਮ ਲੀਗ ਦੀ ਮੋਹਰ ਹੈ। ਕਾਂਗਰਸ ਪਾਰਟੀ ਉਸੇ ਦਿਨ ਮੇਰੇ ਬਿਆਨ ਦਾ ਖੰਡਨ ਕਰ ਦਿੰਦੇ।’’ 

ਭੁਵਨੇਸ਼ਵਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਦੇ ਵੀ ਘੱਟ ਗਿਣਤੀਆਂ ਵਿਰੁਧ ਇਕ ਸ਼ਬਦ ਨਹੀਂ ਬੋਲਿਆ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਕਦੇ ਵੀ ਘੱਟ ਗਿਣਤੀਆਂ ਦੇ ਵਿਰੁਧ ਨਹੀਂ ਰਹੀ। ਹਾਲਾਂਕਿ ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਨੂੰ ਵੀ ਵਿਸ਼ੇਸ਼ ਨਾਗਰਿਕ ਵਜੋਂ ਮਨਜ਼ੂਰ ਕਰਨ ਲਈ ਤਿਆਰ ਨਹੀਂ ਹਨ। 

ਮੋਦੀ ਨੇ ਐਤਵਾਰ ਰਾਤ ਨੂੰ ਪੀ.ਟੀ.ਆਈ. ਵੀਡੀਉ ਨੂੰ ਦਿਤੇ ਇੰਟਰਵਿਊ ’ਚ ਇਹ ਗੱਲ ਕਹੀ। ਵਿਰੋਧੀ ਧਿਰ ਦੇ ਦੋਸ਼ਾਂ ਦੇ ਵਿਚਕਾਰ ਕਿ ਪ੍ਰਧਾਨ ਮੰਤਰੀ ਦੇ ਚੋਣ ਭਾਸ਼ਣ ਵੰਡਪਾਊ ਅਤੇ ਸਮਾਜ ਦਾ ਧਰੁਵੀਕਰਨ ਕਰ ਰਹੇ ਹਨ, ਉਨ੍ਹਾਂ ਦਾ ਬਿਆਨ ਘੱਟ ਗਿਣਤੀਆਂ ਬਾਰੇ ਹੁਣ ਤਕ ਦਾ ਸੱਭ ਤੋਂ ਸਪੱਸ਼ਟ ਬਿਆਨ ਹੈ। 

ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਸੰਵਿਧਾਨ ਦੇ ਧਰਮ ਨਿਰਪੱਖ ਤਾਣੇ-ਬਾਣੇ ਦੀ ਅਣਦੇਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੇ ਭਾਸ਼ਣਾਂ ਦਾ ਉਦੇਸ਼ ਵੋਟ ਬੈਂਕ ਦੀ ਸਿਆਸਤ ਦੇ ਨਾਲ-ਨਾਲ ਘੱਟ ਗਿਣਤੀਆਂ ਨੂੰ ਖੁਸ਼ ਕਰਨ ਦੀਆਂ ਵਿਰੋਧੀ ਪਾਰਟੀਆਂ ਦੀਆਂ ਕੋਸ਼ਿਸ਼ਾਂ ਦਾ ਪਰਦਾਫਾਸ਼ ਕਰਨਾ ਹੈ। 

ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਦੇ ਬਿਆਨਾਂ ਨਾਲ ਘੱਟ ਗਿਣਤੀਆਂ ’ਚ ਪੈਦਾ ਹੋਏ ਖਦਸ਼ਿਆਂ ਬਾਰੇ ਪੁਛਿਆ ਗਿਆ ਤਾਂ ਮੋਦੀ ਨੇ ਕਿਹਾ, ‘‘ਮੈਂ ਘੱਟ ਗਿਣਤੀਆਂ ਵਿਰੁਧ ਇਕ ਸ਼ਬਦ ਵੀ ਨਹੀਂ ਬੋਲਿਆ। ਮੈਂ ਸਿਰਫ ਕਾਂਗਰਸ ਦੀ ਵੋਟ ਬੈਂਕ ਦੀ ਸਿਆਸਤ ਦੇ ਵਿਰੁਧ ਬੋਲ ਰਿਹਾ ਹਾਂ। ਕਾਂਗਰਸ ਸੰਵਿਧਾਨ ਦੇ ਵਿਰੁਧ ਕੰਮ ਕਰ ਰਹੀ ਹੈ, ਮੈਂ ਇਹੀ ਕਹਿ ਰਿਹਾ ਹਾਂ।’’ 

ਮੋਦੀ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਅਤੇ ਜਵਾਹਰ ਲਾਲ ਨਹਿਰੂ ਸਮੇਤ ਭਾਰਤੀ ਸੰਵਿਧਾਨ ਨਿਰਮਾਤਾਵਾਂ ਨੇ ਫੈਸਲਾ ਕੀਤਾ ਸੀ ਕਿ ਧਰਮ ਦੇ ਆਧਾਰ ’ਤੇ ਕੋਈ ਰਾਖਵਾਂਕਰਨ ਨਹੀਂ ਹੋਵੇਗਾ। ਉਨ੍ਹਾਂ ਕਿਹਾ, ‘‘ਹੁਣ ਤੁਸੀਂ ਇਸ ਤੋਂ ਪਿੱਛੇ ਹਟ ਰਹੇ ਹੋ। ਉਨ੍ਹਾਂ ਦਾ ਖੁਲਾਸਾ ਕਰਨਾ ਮੇਰੀ ਜ਼ਿੰਮੇਵਾਰੀ ਹੈ। ਉਸ ਸਮੇਂ ਸੰਵਿਧਾਨ ਸਭਾ ’ਚ ਮੇਰੀ ਪਾਰਟੀ ਦਾ ਕੋਈ ਮੈਂਬਰ ਨਹੀਂ ਸੀ। ਇਹ ਦੇਸ਼ ਭਰ ਦੇ ਬਿਹਤਰੀਨ ਲੋਕਾਂ ਦਾ ਇਕੱਠ ਸੀ।’’ 

ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਦੇ ਚੋਣ ਭਾਸ਼ਣਾਂ ਨੇ ਕਦੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਨਹੀਂ ਬਣਾਇਆ, ਮੋਦੀ ਨੇ ਕਿਹਾ, ‘‘ਭਾਜਪਾ ਕਦੇ ਵੀ ਘੱਟ ਗਿਣਤੀਆਂ ਦੇ ਵਿਰੁਧ ਨਹੀਂ ਰਹੀ। ਅੱਜ ਹੀ ਨਹੀਂ, ਕਦੇ ਨਹੀਂ।’’ ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਤੁਸ਼ਟੀਕਰਨ ਦੇ ਰਾਹ ’ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ, ‘‘ਉਹ ਤੁਸ਼ਟੀਕਰਨ ਦੇ ਰਸਤੇ ’ਤੇ ਚੱਲਦੇ ਹਨ, ਮੈਂ ਸੰਤੁਸ਼ਟੀ ਦੇ ਰਸਤੇ ’ਤੇ ਚੱਲਦਾ ਹਾਂ।’’ 

ਉਨ੍ਹਾਂ ਕਿਹਾ, ‘‘ਉਨ੍ਹਾਂ ਦੀ ਸਿਆਸਤ ਤੁਸ਼ਟੀਕਰਨ ਦੀ ਹੈ, ਮੇਰੀ ਰਾਜਨੀਤੀ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਹੈ। ਅਸੀਂ ‘ਸਰਵ ਧਰਮ ਸਮਭਾਵ’ ’ਚ ਵਿਸ਼ਵਾਸ ਰਖਦੇ ਹਾਂ। ਅਸੀਂ ਸਾਰਿਆਂ ਨੂੰ ਅਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਹਾਂ। ਅਸੀਂ ਕਿਸੇ ਨੂੰ ਵੀ ਵਿਸ਼ੇਸ਼ ਨਾਗਰਿਕ ਵਜੋਂ ਮਨਜ਼ੂਰ ਕਰਨ ਲਈ ਤਿਆਰ ਨਹੀਂ ਹਾਂ ਪਰ ਸਾਰਿਆਂ ਨੂੰ ਬਰਾਬਰ ਸਮਝਦੇ ਹਾਂ।’’ 

ਪ੍ਰਧਾਨ ਮੰਤਰੀ ਨੂੰ ਇਹ ਵੀ ਪੁਛਿਆ ਗਿਆ ਕਿ ਕੀ ਉਨ੍ਹਾਂ ਨੂੰ ਸੱਚਮੁੱਚ ਲਗਦਾ ਹੈ ਕਿ ਜੇ ਕਾਂਗਰਸ ਸੱਤਾ ’ਚ ਆਈ ਤਾਂ ਹਿੰਦੂਆਂ ਦੀ ਜਾਇਦਾਦ ਮੁਸਲਮਾਨਾਂ ਨੂੰ ਦੇ ਦੇਵੇਗੀ ਜਾਂ ਇਹ ਸਿਰਫ ਇਕ ਪ੍ਰਚਾਰ ਪੇਸ਼ਕਸ਼ ਸੀ। 

ਇਸ ’ਤੇ ਮੋਦੀ ਨੇ ਕਿਹਾ, ‘‘ਇਹ ਸਿਰਫ ਮੇਰੇ ਇਸ ਤਰ੍ਹਾਂ ਸੋਚਣ ਦਾ ਸਵਾਲ ਨਹੀਂ ਹੈ। ਬਗ਼ੈਰ ਤਰਕ ਤੋਂ ਪ੍ਰਚਾਰ ਕਰਨਾ ਪਾਪ ਹੈ। ਮੈਂ ਕਦੇ ਵੀ ਅਜਿਹਾ ਪਾਪ ਨਹੀਂ ਕੀਤਾ ਅਤੇ ਨਾ ਹੀ ਕਦੇ ਕਰਨਾ ਚਾਹਾਂਗਾ। ਉਨ੍ਹਾਂ (ਵਿਰੋਧੀ ਧਿਰ) ਨੇ ਅਜਿਹੀਆਂ ਤਰਕਹੀਣ ਪ੍ਰਚਾਰ ਮੁਹਿੰਮਾਂ ਚਲਾਈਆਂ ਹਨ।’’ 

ਪ੍ਰਧਾਨ ਮੰਤਰੀ ਨੇ ਮੰਨਿਆ ਕਿ ਜਿਸ ਦਿਨ ਕਾਂਗਰਸ ਦਾ ਚੋਣ ਐਲਾਨਨਾਮਾ ਜਾਰੀ ਕੀਤਾ ਗਿਆ ਸੀ, ਉਸ ਦਿਨ ਉਨ੍ਹਾਂ ਨੇ ਕਿਹਾ ਸੀ ਕਿ ਇਸ ’ਤੇ ਮੁਸਲਿਮ ਲੀਗ ਦੀ ਮੋਹਰ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਪਾਰਟੀ ਨੂੰ ਉਸ ਦਿਨ ਮੇਰੇ ਬਿਆਨ ਦਾ ਖੰਡਨ ਕਰਨਾ ਚਾਹੀਦਾ ਸੀ ਅਤੇ ਕਹਿਣਾ ਚਾਹੀਦਾ ਸੀ ਕਿ ਮੋਦੀ ਜੀ ਇਹ ਸਹੀ ਨਹੀਂ ਹੈ।’’ 

ਪ੍ਰਧਾਨ ਮੰਤਰੀ ਨੇ ਕਿਹਾ, ‘‘ਪਰ ਕਿਉਂਕਿ ਉਹ ਚੁੱਪ ਰਹੇ, ਮੈਨੂੰ ਲੱਗਿਆ ਕਿ ਇਹ ਸਹੀ ਸੀ ਕਿ ਮੈਨੂੰ ਹੌਲੀ-ਹੌਲੀ ਭਾਰਤ ਦੇ ਲੋਕਾਂ ਨੂੰ ਇਹ ਦਸਣਾ ਪਵੇਗਾ।’’ 

ਮੋਦੀ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਮੈਨੀਫੈਸਟੋ ’ਚ ਠੇਕੇ ਦੇਣ ’ਚ ਘੱਟ ਗਿਣਤੀਆਂ ਲਈ ਰਾਖਵਾਂਕਰਨ ਦਾ ਵਾਅਦਾ ਕੀਤਾ ਗਿਆ। ਉਨ੍ਹਾਂ ਕਿਹਾ, ‘‘ਤੁਸੀਂ ਇਕ ਪੁਲ ਬਣਾਉਣਾ ਚਾਹੁੰਦੇ ਹੋ, ਇਕਰਾਰਨਾਮੇ ਲਈ ਕੌਣ ਬੋਲੀ ਦੇਵੇਗਾ, ਕੋਈ ਅਜਿਹਾ ਵਿਅਕਤੀ ਜਿਸ ਕੋਲ ਸਰੋਤ, ਮੁਹਾਰਤ, ਤਕਨਾਲੋਜੀ ਹੈ? ਪਰ ਜੇ ਤੁਸੀਂ ਉੱਥੇ ਵੀ ਰਾਖਵਾਂਕਰਨ ਲਿਆਉਣਾ ਚਾਹੁੰਦੇ ਹੋ, ਤਾਂ ਮੇਰੇ ਦੇਸ਼ ਦੇ ਵਿਕਾਸ ਦਾ ਕੀ ਹੋਵੇਗਾ?’’

ਕਾਂਗਰਸ ਨੇਤਾਵਾਂ ਨੇ ਮੋਦੀ ’ਤੇ ਅਪਣੇ ਚੋਣ ਐਲਾਨਨਾਮੇ ਨੂੰ ਸੰਦਰਭ ਤੋਂ ਬਾਹਰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ ਹੈ। ਮੋਦੀ 2006 ’ਚ ਕੌਮੀ ਵਿਕਾਸ ਪ੍ਰੀਸ਼ਦ ਦੇ ਸੰਮੇਲਨ ’ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਬਿਆਨ ਦਾ ਹਵਾਲਾ ਦੇ ਰਹੇ ਸਨ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਮੁਸਲਮਾਨਾਂ ਦਾ ਦੇਸ਼ ਦੇ ਸਰੋਤਾਂ ’ਤੇ ਪਹਿਲਾ ਅਧਿਕਾਰ ਹੈ। 

ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਸਾਰੇ ਮੁਸਲਮਾਨਾਂ ਨੂੰ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਰਾਖਵਾਂਕਰਨ ਸ਼੍ਰੇਣੀ ’ਚ ਲਿਆਉਣ ਦੇ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਫੈਸਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਓ.ਬੀ.ਸੀ. ਰਾਖਵਾਂਕਰਨ ਨੂੰ ਲੁੱਟਿਆ।’’ 

ਉਨ੍ਹਾਂ ਕਿਹਾ, ‘‘ਮੇਰਾ ਮੰਨਣਾ ਹੈ ਕਿ ਉਨ੍ਹਾਂ ਨੇ ਅਪਣੀ ਚੋਣ ਸਿਆਸਤ ਲਈ ਸਾਡੇ ਸੰਵਿਧਾਨ ਵਿਚ ਦਰਜ ਧਰਮ ਨਿਰਪੱਖਤਾ ਦੀ ਭਾਵਨਾ ਨੂੰ ਤਬਾਹ ਕਰ ਦਿਤਾ ਹੈ। ਮੈਂ ਸੰਵਿਧਾਨ ਦੀ ਉਸ ਭਾਵਨਾ ਨੂੰ ਬਹਾਲ ਕਰਨਾ ਚਾਹੁੰਦਾ ਹਾਂ। ਇਸ ਲਈ ਇਨ੍ਹਾਂ ਲੋਕਾਂ ਦੇ ਗੁੱਟ ਦਾ ਪਰਦਾਫਾਸ਼ ਕਰਨਾ ਜ਼ਰੂਰੀ ਹੈ।’’ 

ਪਾਕਿਸਤਾਨ ਤੋਂ ਸਮਰਥਨ ਹਾਸਲ ਕਰਨ ਲਈ ਕੌਮੀ ਹਿੱਤਾਂ ਨੂੰ ਪ੍ਰਭਾਵਤ ਹੋਣ ਦਿੰਦੀ ਹੈ ਕਾਂਗਰਸ : ਮੋਦੀ 

ਭੁਵਨੇਸ਼ਵਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਚੋਣ ਲਾਭ ਲਈ ਪਾਕਿਸਤਾਨੀ ਨੇਤਾਵਾਂ ਤੋਂ ਸਮਰਥਨ ਹਾਸਲ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਵਿਰੋਧੀ ਪਾਰਟੀ ਅਕਸਰ ਪਾਕਿਸਤਾਨ ਨਾਲ ਸੌਦੇਬਾਜ਼ੀ ਦੇ ਮਾਮਲੇ ’ਚ ਕੌਮੀ ਹਿੱਤਾਂ ਨੂੰ ਪ੍ਰਭਾਵਤ ਹੋਣ ਦਿੰਦੀ ਹੈ। 

ਇੱਥੇ ਪੀ.ਟੀ.ਆਈ. ਨੂੰ ਦਿਤੇ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਮੋਦੀ ਨੇ ਪੁਲਵਾਮਾ ’ਚ 2019 ਦੇ ਅਤਿਵਾਦੀ ਹਮਲੇ ਦੇ ਜਵਾਬ ’ਚ ਬਾਲਾਕੋਟ ’ਚ ਭਾਰਤੀ ਹਵਾਈ ਫ਼ੌਜ ਵਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ ’ਤੇ ਸਵਾਲ ਚੁੱਕਣ ਵਾਲੇ ਕਾਂਗਰਸੀ ਨੇਤਾਵਾਂ ਦੇ ਬਿਆਨਾਂ ਲਈ ਵੀ ਪਾਰਟੀ ਦੀ ਆਲੋਚਨਾ ਕੀਤੀ। 

ਭਾਰਤ ’ਚ ਚੋਣਾਂ ’ਤੇ ਪਾਕਿਸਤਾਨੀ ਆਗੂਆਂ ਦੇ ਬਿਆਨਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਮੋਦੀ ਨੇ ਕਿਹਾ, ‘‘ਖ਼ੈਰ, ਪਾਕਿਸਤਾਨ ਦੇ ਆਗੂ ਕਾਂਗਰਸ ਪਾਰਟੀ ਦੇ ‘ਰਾਜਕੁਮਾਰ’ ਦਾ ਸਮਰਥਨ ਕਰ ਕੇ ਭਾਰਤ ਦੇ ਚੋਣ ਭਾਸ਼ਣ ’ਚ ਦਾਖਲ ਹੋ ਰਹੇ ਹਨ।’’

ਪਾਕਿਸਤਾਨ ਦੇ ਸਾਬਕਾ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਸੋਸ਼ਲ ਮੀਡੀਆ ’ਤੇ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਇਕ ਵੀਡੀਉ ਸਾਂਝਾਂ ਕੀਤਾ ਸੀ ਅਤੇ ਉਨ੍ਹਾਂ ਦੀ ਤਾਰੀਫ਼ ਕੀਤੀ ਸੀ। 

ਪ੍ਰਧਾਨ ਮੰਤਰੀ ਨੇ ਕਿਹਾ, ‘‘ਸ਼ਾਇਦ ਕਾਂਗਰਸ ਪਾਰਟੀ ਨੂੰ ਲਗਦਾ ਹੈ ਕਿ ਇਸ ਤਰ੍ਹਾਂ ਦੀ ਲਾਮਬੰਦੀ ਨਾਲ ਉਸ ਨੂੰ ਫਾਇਦਾ ਹੋਵੇਗਾ। ਇਸ ਤਰ੍ਹਾਂ ਉਹ ਜ਼ਮੀਨੀ ਹਕੀਕਤਾਂ ਤੋਂ ਦੂਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇਹ ਵੀ ਸਪੱਸ਼ਟ ਹੈ ਕਿ ਪਾਕਿਸਤਾਨ ਵਿਚ ਅਜਿਹੇ ਲੋਕ ਕਾਂਗਰਸ ਨੂੰ ਉਨ੍ਹਾਂ ਲਈ ਚੰਗਾ ਕਿਉਂ ਸਮਝਦੇ ਹਨ। ਜਦੋਂ ਪਾਕਿਸਤਾਨ ਦੀ ਗੱਲ ਆਉਂਦੀ ਹੈ ਤਾਂ ਕਾਂਗਰਸ ਨੇ ਅਕਸਰ ਸਾਡੇ ਕੌਮੀ ਹਿੱਤਾਂ ਨੂੰ ਪ੍ਰਭਾਵਤ ਹੋਣ ਦਿਤਾ ਹੈ।’’ ਮੋਦੀ ਨੇ ਕੁੱਝ ਕਾਂਗਰਸੀ ਨੇਤਾਵਾਂ ਦੇ ਬਿਆਨਾਂ ਦਾ ਹਵਾਲਾ ਦਿਤਾ। 

ਉਨ੍ਹਾਂ ਕਿਹਾ, ‘‘ਕਾਂਗਰਸ ਦੇ ਇਕ ਆਗੂ ਦਾ ਕਹਿਣਾ ਹੈ ਕਿ ਸਾਡੇ ਬਹਾਦਰ ਪੁਲਿਸ ਮੁਲਾਜ਼ਮਾਂ ਦੇ ਕਤਲ ਲਈ ਪਾਕਿਸਤਾਨੀ ਅਤਿਵਾਦੀ ਜ਼ਿੰਮੇਵਾਰ ਨਹੀਂ ਹਨ। ਉਨ੍ਹਾਂ ਦੇ ਮੁੱਖ ਮੰਤਰੀ ਪੰਜ ਸਾਲ ਬਾਅਦ ਵੀ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗਦੇ ਹਨ। ਉਨ੍ਹਾਂ ਦੇ ਸੀਨੀਅਰ ਨੇਤਾਵਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ ਕੋਲ ਪ੍ਰਮਾਣੂ ਬੰਬ ਹਨ। ਕੀ ਕੋਈ ਮਨਜ਼ੂਰ ਕਰ ਸਕਦਾ ਹੈ ਕਿ ਕਾਂਗਰਸੀ ਆਗੂ ਚੋਣ ਪ੍ਰਚਾਰ ਦੌਰਾਨ ਕੀ ਕਹਿ ਰਹੇ ਹਨ?’’ 

ਕਾਂਗਰਸ ਆਗੂ ਮਨੀ ਸ਼ੰਕਰ ਅਈਅਰ ਨੇ ਇਕ ਪੁਰਾਣੇ ਇੰਟਰਵਿਊ ’ਚ ਕਿਹਾ ਸੀ ਕਿ ਭਾਰਤ ਨੂੰ ਪਾਕਿਸਤਾਨ ਦਾ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਉਸ ਕੋਲ ਪ੍ਰਮਾਣੂ ਹਥਿਆਰ ਹਨ, ਜਿਨ੍ਹਾਂ ਦੀ ਵਰਤੋਂ ਭਾਰਤ ਵਿਰੁਧ ਕੀਤੀ ਜਾ ਸਕਦੀ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਬਾਲਾਕੋਟ ਸਰਜੀਕਲ ਸਟ੍ਰਾਈਕ ’ਤੇ ਸ਼ੱਕ ਜ਼ਾਹਰ ਕੀਤਾ ਸੀ ਅਤੇ ਕਿਹਾ ਸੀ ਕਿ ਕਿਸੇ ਨੂੰ ਨਹੀਂ ਪਤਾ ਸੀ ਕਿ ਅਜਿਹਾ ਹੋਇਆ ਹੈ।

ਮੇਰਾ ਅਪਣੀ ਭਲਾਈ ਸੰਵਿਧਾਨ ਦੀ ਭਲਾਈ ’ਚ ਹੈ: ਪ੍ਰਧਾਨ ਮੰਤਰੀ ਮੋਦੀ 

ਭੁਵਨੇਸ਼ਵਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਪਣੀ ਹੁਣ ਤਕ ਦੀ ਜੀਵਨ ਯਾਤਰਾ ਦਾ ਸਿਹਰਾ ਸੰਵਿਧਾਨ ਨੂੰ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਨੂੰ ਲਗਦਾ ਹੋਵੇ ਕਿ ਉਹ ਅਪਣੇ ਹਿੱਤਾਂ ਲਈ ਕੰਮ ਕਰਦੇ ਹਨ ਪਰ ਉਸ ਦੀ ਅਪਣੀ ਭਲਾਈ ਸੰਵਿਧਾਨ ਦੀ ਭਲਾਈ ’ਚ ਹੀ ਹੈ। 

ਮੋਦੀ ਨੇ ਵਿਰੋਧੀ ਧਿਰ ਦੇ ਇਸ ਦਾਅਵੇ ਨੂੰ ਖਾਰਜ ਕਰ ਦਿਤਾ ਕਿ ਜੇਕਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਕੌਮੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਲੋਕ ਸਭਾ ਚੋਣਾਂ ਵਿਚ 400 ਤੋਂ ਵੱਧ ਸੀਟਾਂ ਜਿੱਤਦਾ ਹੈ ਤਾਂ ਉਹ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਹਨ ਅਤੇ ਰਾਖਵਾਂਕਰਨ ਖਤਮ ਕਰਨਾ ਚਾਹੁੰਦੇ ਹਨ। 

ਉਨ੍ਹਾਂ ਕਿਹਾ ਕਿ ਇਹ ਭਾਜਪਾ ਹੈ ਜਿਸ ਨੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਪਿਛੋਕੜ ਤੋਂ ਸੱਭ ਤੋਂ ਵੱਧ ਮੰਤਰੀ ਦਿਤੇ ਹਨ। ਮੁਸਲਿਮ ਰਾਖਵਾਂਕਰਨ ਦੇ ਮੁੱਦੇ ’ਤੇ ਮੋਦੀ ਨੇ ਕਿਹਾ ਕਿ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਦੇ ਮੁੱਦੇ ਨੂੰ ਰਾਖਵਾਂਕਰਨ ਦੇ ਵੱਡੇ ਮੁੱਦੇ ਨਾਲ ਜੋੜਨਾ ਗਲਤ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਅਤੇ ਇਸ ਦੇ ਨਿਰਮਾਤਾ ਵੀ ਕਦੇ ਵੀ ਧਰਮ ਦੇ ਅਧਾਰ ’ਤੇ ਰਾਖਵਾਂਕਰਨ ਨਹੀਂ ਚਾਹੁੰਦੇ ਸਨ। 

ਚਾਬਹਾਰ ਸਮਝੌਤਾ ਮਹੱਤਵਪੂਰਨ ਮੀਲ ਪੱਥਰ; ਅਫਗਾਨਿਸਤਾਨ ਅਤੇ ਮੱਧ ਏਸ਼ੀਆ ਨੂੰ ਜੋੜਾਂਗੇ : ਪ੍ਰਧਾਨ ਮੰਤਰੀ ਮੋਦੀ 

ਭੁਵਨੇਸ਼ਵਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਈਰਾਨ ਦੀ ਰਣਨੀਤਕ ਚਾਬਹਾਰ ਬੰਦਰਗਾਹ ਨੂੰ ਚਾਲੂ ਕਰਨ ਲਈ ਭਾਰਤ ਦੇ ਸਮਝੌਤੇ ’ਤੇ ਹਸਤਾਖਰ ਕਰਨ ਨੂੰ ਇਕ ਮਹੱਤਵਪੂਰਨ ਮੀਲ ਪੱਥਰ ਦਸਿਆ ਅਤੇ ਕਿਹਾ ਕਿ ਭਾਰਤ ਵਪਾਰ ਅਤੇ ਵਣਜ ਨੂੰ ਹੁਲਾਰਾ ਦੇਣ ਲਈ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਖੇਤਰ ’ਚ ਸੰਪਰਕ ਦੀ ਦਿਸ਼ਾ ’ਚ ਕੰਮ ਕਰੇਗਾ। 

ਮੋਦੀ ਨੇ ਕਿਹਾ ਕਿ ਭਾਰਤ ਨਾ ਸਿਰਫ ਚਾਬਹਾਰ ਬੰਦਰਗਾਹ ਰਾਹੀਂ, ਬਲਕਿ ਕੌਮਾਂਤਰੀ ਉੱਤਰ-ਦਖਣੀ ਆਵਾਜਾਈ ਗਲਿਆਰੇ (ਆਈ.ਐਨ.ਐਸ.ਟੀ.ਸੀ.) ਅਤੇ ਭਾਰਤ-ਪਛਮੀ ਏਸ਼ੀਆ-ਯੂਰਪ ਆਰਥਕ ਗਲਿਆਰੇ ਰਾਹੀਂ ਵੀ ਖੇਤਰੀ ਸੰਪਰਕ, ਵਪਾਰ ਅਤੇ ਵਣਜ ਨੂੰ ਹੁਲਾਰਾ ਦੇਣ ਲਈ ਕੰਮ ਕਰੇਗਾ। 

ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ’ਚ ਸੱਤਾ ’ਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਚਾਬਹਾਰ ਬੰਦਰਗਾਹ ਨੂੰ ਤਰਜੀਹ ਦਿਤੀ ਹੈ। ਉਨ੍ਹਾਂ ਕਿਹਾ, ‘‘2016 ’ਚ ਮੇਰੀ ਈਰਾਨ ਯਾਤਰਾ ਦੌਰਾਨ ਭਾਰਤ, ਈਰਾਨ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਪੱਖੀ ਸਮਝੌਤੇ ’ਤੇ ਹਸਤਾਖਰ ਕੀਤੇ ਗਏ ਸਨ।’’

ਇਕ ਭਾਰਤੀ ਕੰਪਨੀ ਨੇ ਕੁੱਝ ਸਾਲ ਪਹਿਲਾਂ ਬੰਦਰਗਾਹ ਦਾ ਸੰਚਾਲਨ ਸੰਭਾਲਿਆ ਸੀ ਅਤੇ ਉਦੋਂ ਤੋਂ ਭਾਰਤ ਇਸ ਦੀ ਵਰਤੋਂ ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਕਰ ਰਿਹਾ ਹੈ, ਜਿਸ ਵਿਚ ਕਣਕ, ਦਾਲਾਂ, ਕੀਟਨਾਸ਼ਕ, ਮੈਡੀਕਲ ਸਪਲਾਈ ਸ਼ਾਮਲ ਹੈ। 

ਉਨ੍ਹਾਂ ਕਿਹਾ, ‘‘ਚਾਬਹਾਰ ਬੰਦਰਗਾਹ ਦੇ ਵਿਕਾਸ ਲਈ ਹਾਲ ਹੀ ’ਚ ਲੰਮੇ ਸਮੇਂ ਦੇ ਸਮਝੌਤੇ ’ਤੇ ਹਸਤਾਖਰ ਇਕ ਮਹੱਤਵਪੂਰਨ ਮੀਲ ਪੱਥਰ ਹੈ।’’ ਭਾਰਤ ਨੇ 13 ਮਈ ਨੂੰ ਓਮਾਨ ਦੀ ਖਾੜੀ ’ਚ ਚਾਬਹਾਰ ਬੰਦਰਗਾਹ ਨੂੰ ਚਾਲੂ ਕਰਨ ਲਈ 10 ਸਾਲ ਦੇ ਸਮਝੌਤੇ ’ਤੇ ਹਸਤਾਖਰ ਕੀਤੇ ਸਨ, ਜਿਸ ਨਾਲ ਭਾਰਤ ਨੂੰ ਪਾਕਿਸਤਾਨ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕੌਮਾਂਤਰੀ ਉੱਤਰ-ਦਖਣੀ ਟਰਾਂਸਪੋਰਟ ਕੋਰੀਡੋਰ ਨਾਂ ਦੇ ਸੜਕ ਅਤੇ ਰੇਲ ਪ੍ਰਾਜੈਕਟ ਦੀ ਵਰਤੋਂ ਕਰ ਕੇ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਤਕ ਪਹੁੰਚ ਦਿਤੀ ਗਈ ਸੀ। 

ਉਨ੍ਹਾਂ ਕਿਹਾ, ‘‘ਭਾਰਤ ਇਹ ਯਕੀਨੀ ਬਣਾਉਣ ਲਈ ਕੰਮ ਕਰੇਗਾ ਕਿ ਸਾਡੀਆਂ ਕੋਸ਼ਿਸ਼ਾਂ ਖੇਤਰੀ ਸੰਪਰਕ, ਵਪਾਰ ਅਤੇ ਵਣਜ ਨੂੰ ਹੁਲਾਰਾ ਦੇਣਗੀਆਂ। ਇਸ ’ਚ ਖੇਤਰੀ ਸੰਪਰਕ, ਅਫਗਾਨਿਸਤਾਨ ਅਤੇ ਮੱਧ ਏਸ਼ੀਆ ਖੇਤਰ ਤੋਂ ਆਉਣ-ਜਾਣ ਲਈ ਵਪਾਰ ਅਤੇ ਵਣਜ ਸ਼ਾਮਲ ਹਨ। ਇਹ ਕੌਮਾਂਤਰੀ ਉੱਤਰ-ਦੱਖਣ ਆਵਾਜਾਈ ਗਲਿਆਰੇ ਅਤੇ ਭਾਰਤ-ਪਛਮੀ ਏਸ਼ੀਆ-ਯੂਰਪ ਆਰਥਕ ਗਲਿਆਰੇ ਰਾਹੀਂ ਸੰਪਰਕ ਵਧਾਉਣ ਦੇ ਸਾਡੇ ਦ੍ਰਿਸ਼ਟੀਕੋਣ ’ਚ ਸ਼ਾਮਲ ਹੈ।’’

ਆਈ.ਐਨ.ਐਸ.ਟੀ.ਸੀ. ’ਚ 7,200 ਕਿਲੋਮੀਟਰ ਲੰਮੇ ਸਮੁੰਦਰੀ ਰੇਲ ਅਤੇ ਸੜਕ ਮਾਰਗ ਸ਼ਾਮਲ ਹਨ ਜੋ ਰਵਾਇਤੀ ਸੁਏਜ਼ ਨਹਿਰ ਮਾਰਗ ਦੇ ਬਦਲ ਵਜੋਂ ਭਾਰਤ ਤੋਂ ਈਰਾਨ ਰਾਹੀਂ ਰੂਸ ਤਕ ਮਾਲ ਦੀ ਢੋਆ-ਢੁਆਈ ’ਚ ਸਹਾਇਤਾ ਕਰਦੇ ਹਨ। ਇਹ ਹਿੰਦ ਮਹਾਂਸਾਗਰ ਅਤੇ ਫਾਰਸ ਦੀ ਖਾੜੀ ਨੂੰ ਈਰਾਨ ਰਾਹੀਂ ਕੈਸਪੀਅਨ ਸਾਗਰ ਅਤੇ ਫਿਰ ਰੂਸੀ ਫੈਡਰੇਸ਼ਨ ਰਾਹੀਂ ਸੇਂਟ ਪੀਟਰਸਬਰਗ ਅਤੇ ਉੱਤਰੀ ਯੂਰਪ ਨਾਲ ਜੋੜਦਾ ਹੈ।

ਰੁਜ਼ਗਾਰ ਦੇ ਮੋਰਚੇ ’ਤੇ ਸਾਡੀ ਸਰਕਾਰ ਦਾ ‘ਟਰੈਕ ਰੀਕਾਰਡ’ ਸੱਭ ਤੋਂ ਵਧੀਆ: ਪ੍ਰਧਾਨ ਮੰਤਰੀ ਮੋਦੀ 

ਭੁਵਨੇਸ਼ਵਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਨੌਜੁਆਨਾਂ ਲਈ ਰੁਜ਼ਗਾਰ ਪੈਦਾ ਕਰਨ ’ਚ ਉਨ੍ਹਾਂ ਦੀ ਸਰਕਾਰ ਦਾ ‘ਟਰੈਕ ਰੀਕਾਰਡ’ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਸੱਭ ਤੋਂ ਵਧੀਆ ਹੈ। ਉਨ੍ਹਾਂ ਕਿਹਾ ਕਿ ਪੁਲਾੜ, ਸੈਮੀਕੰਡਕਟਰ ਨਿਰਮਾਣ ਅਤੇ ਇਲੈਕਟ੍ਰਿਕ ਗੱਡੀਆਂ ਵਰਗੇ ਉੱਭਰ ਰਹੇ ਖੇਤਰਾਂ ਨੂੰ ਸਮਰਥਨ ਦੇ ਨਾਲ-ਨਾਲ ਸਟਾਰਟਅੱਪਸ ਨੂੰ ਸਹਾਇਤਾ, ਬੁਨਿਆਦੀ ਢਾਂਚੇ ਅਤੇ ਪੀ.ਐਲ.ਆਈ. ਯੋਜਨਾਵਾਂ ’ਤੇ ਉਚਿਤ ਖਰਚ ਨੇ ਵਧੇਰੇ ਨੌਕਰੀਆਂ ਪੈਦਾ ਕਰਨ ’ਚ ਸਹਾਇਤਾ ਕੀਤੀ। 

ਅਰਥਵਿਵਸਥਾ ’ਚ ਲੋੜੀਂਦੀਆਂ ਨੌਕਰੀਆਂ ਪੈਦਾ ਨਾ ਕਰਨ ਦੀ ਆਲੋਚਨਾ ’ਤੇ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭਾਰਤ ਦੇ ਦਰਵਾਜ਼ੇ ’ਤੇ ਦੁਨੀਆਂ ਦੇ ਬਿਹਤਰੀਨ ਮੌਕਿਆਂ ਨੂੰ ਪਹੁੰਚਾਉਣ ਲਈ ‘ਵਿਆਪਕ, ਬਹੁ-ਖੇਤਰੀ ਦ੍ਰਿਸ਼ਟੀਕੋਣ’ ਨਾਲ ਕੰਮ ਕੀਤਾ ਹੈ। 

ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਡੇ ਨੌਜੁਆਨਾਂ ਲਈ ਵਧੇਰੇ ਮੌਕੇ ਪੈਦਾ ਕਰਨ ’ਚ ਸਾਡਾ ਟਰੈਕ ਰੀਕਾਰਡ ਪਿਛਲੀਆਂ ਸਰਕਾਰਾਂ ਮੁਕਾਬਲੇ ਸੱਭ ਤੋਂ ਵਧੀਆ ਰਿਹਾ ਹੈ।’’ 

ਵੱਧ ਰੁਜ਼ਗਾਰ ਪੈਦਾ ਕਰਨ ਦੀਆਂ ਹੋਰ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਖੇਤਰ ’ਚ ਵੱਡੀ ਗਿਣਤੀ ’ਚ ਭਰਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ, ‘‘ਪਿਛਲੇ ਇਕ ਸਾਲ ’ਚ ਹੀ ਕੇਂਦਰ ਸਰਕਾਰ ਦੇ ਦਫ਼ਤਰਾਂ ’ਚ ਭਰਤੀ ਲਈ ਲੱਖਾਂ ਨਿਯੁਕਤੀ ਪੱਤਰ ਦਿਤੇ ਗਏ ਹਨ।’’ 

ਉਨ੍ਹਾਂ ਕਿਹਾ ਕਿ ਇਸ ਨੂੰ ਪੂਰਾ ਕਰਨ ਲਈ ਸਰਕਾਰ ਨੇ ਨਿੱਜੀ ਖੇਤਰ ਦੇ ਵਿਕਾਸ ਲਈ ਅਨੁਕੂਲ ਮਾਹੌਲ ਬਣਾਇਆ ਹੈ, ਜਿਸ ਨਾਲ ਨੌਕਰੀਆਂ ਵੀ ਪੈਦਾ ਹੋਈਆਂ ਹਨ। ਉਨ੍ਹਾਂ ਕਿਹਾ, ‘‘10 ਸਾਲਾਂ ਦੇ ਅੰਦਰ ਅਸੀਂ ਅਪਣੀ ਵਪਾਰ ਕਰਨ ’ਚ ਆਸਾਨੀ ਦਰਜਾਬੰਦ 2014 ਦੇ 134ਵੇਂ ਸਥਾਨ ਤੋਂ 2024 ’ਚ 63ਵੇਂ ਸਥਾਨ ’ਤੇ ਪਹੁੰਚ ਗਏ ਹਾਂ।’’ ਉਨ੍ਹਾਂ ਸੰਕੇਤ ਦਿਤਾ ਕਿ ਨਿੱਜੀ ਖੇਤਰ ਲਈ ਭਾਰਤ ’ਚ ਕਾਰੋਬਾਰ ਕਰਨਾ ਜਿੰਨਾ ਸੌਖਾ ਹੋਵੇਗਾ, ਓਨਾ ਹੀ ਇਸ ਨਾਲ ਵਿਕਾਸ ਅਤੇ ਨੌਕਰੀਆਂ ਪੈਦਾ ਕਰਨ ’ਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਭਾਰਤ ਨੂੰ ਨਿਰਮਾਣ ਕੇਂਦਰ ਬਣਾਉਣ ਲਈ ਵੱਖ-ਵੱਖ ਖੇਤਰਾਂ ਲਈ ਉਤਪਾਦਨ ਲਿੰਕਡ ਪ੍ਰੋਤਸਾਹਨ (ਪੀ.ਐਲ.ਆਈ.) ਯੋਜਨਾ ਲੈ ਕੇ ਆਈ ਹੈ। 

ਉਨ੍ਹਾਂ ਕਿਹਾ, ‘‘ਸਾਲ 2014 ’ਚ ਭਾਰਤ ’ਚ ਵਿਕਣ ਵਾਲੇ 78 ਫੀ ਸਦੀ ਮੋਬਾਈਲ ਫੋਨ ਆਯਾਤ ਕੀਤੇ ਗਏ ਸਨ। ਅੱਜ, ਭਾਰਤ ’ਚ ਵਿਕਣ ਵਾਲੇ 99٪ ਤੋਂ ਵੱਧ ਮੋਬਾਈਲ ਫੋਨ ‘ਮੇਡ ਇਨ ਇੰਡੀਆ‘ ਹਨ ਅਤੇ ਅਸੀਂ ਹੁਣ ਵਿਸ਼ਵ ’ਚ ਮੋਬਾਈਲ ਫੋਨਾਂ ਦੇ ਮੋਹਰੀ ਨਿਰਯਾਤਕ ਬਣ ਗਏ ਹਾਂ।’’ 

ਕੁੱਝ ਅਰਥਸ਼ਾਸਤਰੀ ਅਤੇ ਵਿਰੋਧੀ ਪਾਰਟੀਆਂ ਦੇ ਨੇਤਾ ਪੀ.ਐਲ.ਐਫ.ਐਸ. ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕਰਦੇ ਹਨ ਕਿ ਪ੍ਰਮੁੱਖ ਅਰਥਵਿਵਸਥਾਵਾਂ ’ਚ ਸੱਭ ਤੋਂ ਤੇਜ਼ ਰਫਤਾਰ ਨਾਲ ਵਧਣ ਦੇ ਬਾਵਜੂਦ, ਭਾਰਤੀ ਅਰਥਵਿਵਸਥਾ ਨੇ ਅਪਣੀ ਵੱਡੀ ਅਤੇ ਵਿਸਥਾਰ ਕਰ ਰਹੀ ਨੌਜੁਆਨ ਆਬਾਦੀ ਲਈ ਲੋੜੀਂਦੀਆਂ ਨੌਕਰੀਆਂ ਪੈਦਾ ਨਹੀਂ ਕੀਤੀਆਂ ਹਨ। ਉਨ੍ਹਾਂ ਦਾ ਦਾਅਵਾ ਹੈ ਕਿ 2013-14 ’ਚ ਬੇਰੁਜ਼ਗਾਰੀ ਦੀ ਦਰ ਸਿਰਫ 3.4 ਫੀ ਸਦੀ ਸੀ, ਜੋ 2022-23 ’ਚ ਮਾਮੂਲੀ ਗਿਰਾਵਟ ਨਾਲ 3.2 ਫੀ ਸਦੀ ਰਹਿ ਗਈ। ਆਰਥਕ ਥਿੰਕ ਟੈਂਕ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਨਾਮੀ ਮੁਤਾਬਕ ਮਾਰਚ ’ਚ ਬੇਰੁਜ਼ਗਾਰੀ ਦੀ ਦਰ 7.6 ਫੀ ਸਦੀ ਸੀ।

ਅਸੀਂ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦਾ ਵਾਅਦਾ ਕੀਤਾ ਸੀ, ਅਸੀਂ ਇਸ ’ਤੇ  ਕਾਇਮ ਰਹਾਂਗੇ : ਮੋਦੀ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦਾ ‘ਪਵਿੱਤਰ ਵਾਅਦਾ‘ ਕੀਤਾ ਹੈ ਅਤੇ ਉਹ ਇਸ ’ਤੇ  ਕਾਇਮ ਰਹੇਗੀ। ਉਨ੍ਹਾਂ ਕਿਹਾ ਕਿ ਕੇਂਦਰ ਇਸ ਸਬੰਧ ’ਚ ਸਹੀ ਹਾਲਾਤ ਬਣਾਉਣ ਲਈ ਸਖਤ ਮਿਹਨਤ ਕਰ ਰਿਹਾ ਹੈ। 

ਸ੍ਰੀਨਗਰ ’ਚ ਰੀਕਾਰਡ  ਵੋਟਿੰਗ ਨੂੰ ਉਨ੍ਹਾਂ ਦੇ ਕਾਰਜਕਾਲ ਦੌਰਾਨ ਸੱਭ ਤੋਂ ਸੰਤੁਸ਼ਟੀਜਨਕ ਚੀਜ਼ਾਂ ’ਚੋਂ ਇਕ ਦਸਦੇ  ਹੋਏ ਮੋਦੀ ਨੇ ਕਿਹਾ, ‘‘ਜੰਮੂ-ਕਸ਼ਮੀਰ ਦੇ ਲੋਕਾਂ ਨੇ ਖੇਤਰ ’ਚ ਲੋਕਤੰਤਰ ਨੂੰ ਅੱਗੇ ਵਧਾਉਣ ਲਈ ਐਨ.ਡੀ.ਏ. ਸਰਕਾਰ ਦੀ ਵਚਨਬੱਧਤਾ ਨੂੰ ਵੇਖਿਆ  ਹੈ, ਹਾਲਾਂਕਿ ਸਾਨੂੰ ਇਸ ਲਈ ਸੱਤਾ ਛੱਡਣੀ ਪਈ।’’

ਮੋਦੀ ਨੇ ਐਤਵਾਰ ਰਾਤ ਇਕ ਇੰਟਰਵਿਊ ’ਚ ਕਿਹਾ, ‘‘ਅਸੀਂ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦੀ ਵਚਨਬੱਧਤਾ ਜਤਾਈ ਹੈ ਅਤੇ ਅਸੀਂ ਇਸ ’ਤੇ ਕਾਇਮ ਹਾਂ। ਅਸੀਂ ਸਹੀ ਹਾਲਾਤ ਬਣਾਉਣ ਲਈ ਸਖਤ ਮਿਹਨਤ ਕਰ ਰਹੇ ਹਾਂ ਤਾਂ ਜੋ ਇਹ ਕੰਮ ਤੇਜ਼ੀ ਨਾਲ ਕੀਤਾ ਜਾ ਸਕੇ।’’ 

ਮੋਦੀ ਸਰਕਾਰ ਨੇ ਅਗੱਸਤ  2019 ’ਚ ਸੰਵਿਧਾਨ ਦੀ ਧਾਰਾ 370 ਦੀਆਂ ਧਾਰਾਵਾਂ ਨੂੰ ਰੱਦ ਕਰ ਦਿਤਾ ਸੀ ਜੋ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਸੀ। ਸਰਕਾਰ ਨੇ ਸਾਬਕਾ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ’ਚ ਵੰਡ ਦਿਤਾ ਸੀ। 

ਉਨ੍ਹਾਂ ਕਿਹਾ, ‘‘ਧਾਰਾ 370 ਨੂੰ ਖਤਮ ਕਰ ਕੇ ਅਸੀਂ ਨਾ ਸਿਰਫ ਜੰਮੂ-ਕਸ਼ਮੀਰ ਦੇ ਲੋਕਾਂ ਦੇ ਸੁਪਨਿਆਂ ਅਤੇ ਇੱਛਾਵਾਂ ਨੂੰ ਪੂਰਾ ਹੁੰਦੇ ਵੇਖਿਆ  ਹੈ, ਬਲਕਿ ਚੋਣਾਂ ਵਿਚ ਹਿੱਸਾ ਲੈਣ ਲਈ ਉਨ੍ਹਾਂ ਦਾ ਉਤਸ਼ਾਹ ਵੀ ਵੇਖਿਆ ਹੈ ਜੋ ਕਿਸੇ ਵੀ ਲੋਕਤੰਤਰ ਲਈ ਸੱਭ ਤੋਂ ਵੱਡੇ ਤਿਉਹਾਰਾਂ ਵਿਚੋਂ ਇਕ ਹੈ।’’ ਮੋਦੀ ਨੇ ਕਿਹਾ ਕਿ ਕਦੇ ਹਰ ਤਰ੍ਹਾਂ ਦੇ ਕੱਟੜਪੰਥੀ ਤੱਤਾਂ ਦਾ ਘਰ ਰਹੇ ਸ਼੍ਰੀਨਗਰ ’ਚ ਪਿਛਲੇ ਕਈ ਸਾਲਾਂ ’ਚ ਸੱਭ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ।  

ਮੇਰੇ ’ਤੇ ਸੱਭ ਤੋਂ ਵੱਡਾ ਦੋਸ਼ ਇਹ ਸੀ ਕਿ ਮੇਰੇ ਕੋਲ 250 ਜੋੜੇ ਕਪੜੇ ਹਨ : ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਸਿਆਸੀ ਕਰੀਅਰ ’ਚ ਉਨ੍ਹਾਂ ’ਤੇ ਸੱਭ ਤੋਂ ਵੱਡਾ ਦੋਸ਼ ਇਹ ਸੀ ਕਿ ਉਨ੍ਹਾਂ ਕੋਲ 250 ਜੋੜੇ ਕਪੜੇ ਸਨ। ਮੋਦੀ ਨੇ ਪੀ.ਟੀ.ਆਈ. ਨੂੰ ਦਿਤੇ ਇਕ ਇੰਟਰਵਿਊ ’ਚ ਕਿਹਾ ਕਿ ਇਹ ਦੋਸ਼ ਕਾਂਗਰਸ ਆਗੂ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਮਰ ਸਿੰਘ ਚੌਧਰੀ ਨੇ ਲਗਾਏ ਸਨ ਅਤੇ ਉਨ੍ਹਾਂ ਨੇ ਇਕ ਰੈਲੀ ਵਿਚ ਇਸ ਦਾ ਜਵਾਬ ਦਿਤਾ ਸੀ। 

ਉਨ੍ਹਾਂ ਕਿਹਾ, ‘‘ਮੈਂ ਲੋਕਾਂ ਨੂੰ ਪੁਛਿਆ ਕਿ ਕੀ ਉਹ ਅਜਿਹਾ ਮੁੱਖ ਮੰਤਰੀ ਚਾਹੁੰਦੇ ਹਨ ਜਿਸ ਨੇ 250 ਕਰੋੜ ਰੁਪਏ ਚੋਰੀ ਕੀਤੇ ਹਨ ਜਾਂ ਇਕ ਅਜਿਹਾ ਮੁੱਖ ਮੰਤਰੀ ਜਿਸ ਕੋਲ 250 ਜੋੜੇ ਕਪੜੇ ਹਨ। ਗੁਜਰਾਤ ਦੇ ਲੋਕਾਂ ਨੇ ਇਕ ਸੁਰ ਵਿਚ ਜਵਾਬ ਦਿਤਾ ਸੀ ਕਿ 250 ਜੋੜੇ ਕਪੜੇ ਵਾਲਾ ਮੁੱਖ ਮੰਤਰੀ ਠੀਕ ਹੋਵੇਗਾ।’’

ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅਪਣੇ ਕਾਰਜਕਾਲ ਦੌਰਾਨ ਵਾਪਰੀ ਘਟਨਾ ਨੂੰ ਯਾਦ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਇਕ ਜਨਤਕ ਮੀਟਿੰਗ ਵਿਚ ਚੌਧਰੀ ਦੇ ਦੋਸ਼ਾਂ ਨੂੰ ਮਨਜ਼ੂਰ ਕਰ ਲਿਆ ਸੀ ਪਰ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਗਲਤ ਅੰਕੜੇ ਦੱਸੇ ਸਨ। 

ਉਨ੍ਹਾਂ ਕਿਹਾ, ‘‘ਉਸ ਦਿਨ ਮੇਰੀ ਇਕ ਰੈਲੀ ਸੀ, ਜਿੱਥੇ ਮੈਂ ਕਿਹਾ ਸੀ ਕਿ ਮੈਂ ਦੋਸ਼ ਮਨਜ਼ੂਰ ਕਰਦਾ ਹਾਂ ਪਰ ਜਾਂ ਤਾਂ 1 (250 ਵਿਚੋਂ) ਗਲਤ ਹੈ ਜਾਂ ਨੰਬਰ 2 ਗਲਤ ਹੈ। ਫਿਰ ਵੀ, ਮੈਂ ਦੋਸ਼ ਮਨਜ਼ੂਰ ਕਰਦਾ ਹਾਂ।’’ 

ਪਿਛਲੇ ਇਕ ਦਹਾਕੇ ਤੋਂ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਦੇ ਪਹਿਰਾਵੇ ਦੀ ਆਲੋਚਨਾ ਕੀਤੀ ਹੈ। ਹਾਲ ਹੀ ’ਚ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੋਦੀ ਦੇ ਕੱਪੜਿਆਂ ’ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ ਸੀ ਕਿ ਉਹ 1.6 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਕਮਾਉਂਦੇ ਹਨ ਪਰ ਮਹਿੰਗੇ ਕਪੜੇ ਪਹਿਨਦੇ ਹਨ। 

ਪ੍ਰਧਾਨ ਮੰਤਰੀ ਹਰ ਮੰਚ ਤੋਂ ਮੁਸਲਮਾਨਾਂ ਵਿਰੁਧ ਨਫ਼ਰਤ ਭਰੇ ਭਾਸ਼ਣ ਦੇ ਰਹੇ ਹਨ : ਵਿਰੋਧੀ ਧਿਰ 

ਨਵੀਂ ਦਿੱਲੀ: ਵਿਰੋਧੀ ਧਿਰ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਸ ਟਿਪਣੀ ਦੀ ਆਲੋਚਨਾ ਕੀਤੀ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਕਦੇ ਘੱਟ ਗਿਣਤੀਆਂ ਵਿਰੁਧ ਇਕ ਸ਼ਬਦ ਨਹੀਂ ਬੋਲਦੇ ਅਤੇ ਕਿਹਾ ਕਿ ਉਹ ਝੂਠ ਬੋਲ ਰਹੇ ਹਨ ਕਿਉਂਕਿ ਉਹ ਹਰ ਉਪਲਬਧ ਮੰਚ ਤੋਂ ਮੁਸਲਮਾਨਾਂ ਵਿਰੁਧ ਨਫ਼ਰਤ ਭਰੇ ਭਾਸ਼ਣ ਦੇ ਰਹੇ ਹਨ। 

ਪੀ.ਟੀ.ਆਈ. ਨੂੰ ਦਿਤੇ ਇੰਟਰਵਿਊ ’ਚ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਘੱਟ ਗਿਣਤੀਆਂ ਵਿਰੁਧ ਇਕ ਸ਼ਬਦ ਨਹੀਂ ਬੋਲਿਆ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾ ਸਿਰਫ ਅੱਜ ਘੱਟ ਗਿਣਤੀਆਂ ਦੇ ਵਿਰੁਧ ਰਹੀ ਹੈ, ਬਲਕਿ ਕਦੇ ਵੀ ਉਨ੍ਹਾਂ ਦੇ ਵਿਰੁਧ ਨਹੀਂ ਰਹੀ। ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਵਿਸ਼ੇਸ਼ ਨਾਗਰਿਕ ਵਜੋਂ ਮਨਜ਼ੂਰ ਕਰਨ ਲਈ ਤਿਆਰ ਨਹੀਂ ਹਨ। 

ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੇ ਜਨਰਲ ਸਕੱਤਰ ਡੀ. ਰਾਜਾ ਨੇ ਕਿਹਾ, ‘‘ਇਹ ਪੂਰੀ ਤਰ੍ਹਾਂ ਗਲਤ ਹੈ। ਮੋਦੀ ਜਾਣਦੇ ਹਨ ਕਿ ਉਹ (ਭਾਜਪਾ) ਮੁਸਲਮਾਨਾਂ ਬਾਰੇ ਕੀ ਗੱਲ ਕਰ ਰਹੇ ਹਨ। ਮੰਗਲਸੂਤਰ, ਮਾਵਾਂ ਦੇ ਵਧੇਰੇ ਬੱਚਿਆਂ ਨੂੰ ਜਨਮ ਦੇਣ ਬਾਰੇ ਕਿਸ ਨੇ ਗੱਲ ਕੀਤੀ? ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਦਾ ਅਪਮਾਨ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਬਹੁਤ ਸਾਰੇ ਉਚਿਤ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ ਹੈ।’’ 

ਰਾਜਾ ਨੇ ਦੋਸ਼ ਲਾਇਆ ਕਿ ਭਾਜਪਾ-ਆਰ.ਐਸ.ਐਸ. ਘੱਟ ਗਿਣਤੀਆਂ ਨੂੰ ਕਮਜ਼ੋਰ ਕਰਨ ਅਤੇ ਉਨ੍ਹਾਂ ਦਾ ਮਜ਼ਾਕ ਉਡਾਉਣ ਦੀ ਯੋਜਨਾ ਬਣਾ ਰਹੇ ਹਨ। 

ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ, ‘‘ਸਿੱਖਿਆ ਅਤੇ ਸਿਹਤ ਦੀ ਕੋਈ ਗੱਲ ਨਹੀਂ ਹੈ ਜੋ ਸਾਨੂੰ ‘ਵਿਕਸਤ ਭਾਰਤ’ ਵਲ ਲੈ ਜਾਵੇਗੀ, ਪਰ ਮੰਗਲਸੂਤਰ ’ਤੇ ਚਰਚਾ ਹੋ ਰਹੀ ਹੈ।’’ ਸਿੱਬਲ ਨੇ ਕਿਹਾ, ‘‘ਉਹ ਦੇਸ਼ ਦੇ ਵਿਕਾਸ ਬਾਰੇ ਨਹੀਂ ਸੋਚਦੇ ਸਗੋਂ ਅਪਣੀ ਪਾਰਟੀ ਦੇ ਵਿਕਾਸ ਬਾਰੇ ਸੋਚਦੇ ਹਨ।’’

ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਵੀ ਪ੍ਰਧਾਨ ਮੰਤਰੀ ਦੀ ਟਿਪਣੀ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘‘ਜਦੋਂ ਤੁਸੀਂ ਸੋਚਦੇ ਹੋ ਕਿ ਉਹ ਹੁਣ ਝੂਠ ਨਹੀਂ ਬੋਲ ਸਕਦਾ, ਤਾਂ ਉਹ ਇਕ ਹੋਰ ਝੂਠ ਬੋਲਦਾ ਹੈ ... ਇਹ ਉਹ ਪਾਰਟੀ ਹੈ ਜਿਸ ਨੇ ਬਿਲਕਿਸ ਬਾਨੋ ਦੇ ਜਬਰ ਜਨਾਹੀਆਂ ਨੂੰ ਮਾਲਾ ਪਹਿਨਾਈ, ਇਹ ਉਹ ਪਾਰਟੀ ਹੈ ਜਿਸ ਨੇ ਮੁਸਲਿਮ-ਪਸ਼ੂ ਵਪਾਰੀ ਨੂੰ ਮਾਰਨ ਵਾਲਿਆਂ ਨੂੰ ਮਾਲਾ ਪਹਿਨਾਈ। ਮੋਦੀ ਖੁਦ ‘ਸ਼ਮਸ਼ਾਨਘਾਟ, ਕਬਰਸਤਾਨ’ ਦੀ ਗੱਲ ਕਰਦੇ ਹਨ।’’ 

ਸਾਗਰਿਕਾ ਨੇ ਦਾਅਵਾ ਕੀਤਾ ਕਿ ਮੋਦੀ ਨੇ ਮੁਸਲਮਾਨਾਂ ਵਿਰੁਧ ਸੱਭ ਤੋਂ ਭਿਆਨਕ ਫਿਰਕੂ ਭਾਸ਼ਾ ਦੀ ਵਰਤੋਂ ਕੀਤੀ ਹੈ, ਜਿਵੇਂ ਕਿ ਇਹ ਕਹਿਣਾ ਕਿ ਕਾਂਗਰਸ ਮੁਸਲਮਾਨਾਂ ਨੂੰ ਹਿੰਦੂਆਂ ਦੀ ਜਾਇਦਾਦ ਦੇ ਦੇਵੇਗੀ। 

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਟਿਪਣੀ ਹਾਸੋਹੀਣੀ ਹੈ ਕਿਉਂਕਿ ਉਹ ਹਰ ਰੋਜ਼ ਨਫ਼ਰਤ ਭਰੀ ਭਾਸ਼ਾ ਬੋਲਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਅਸਲ ’ਚ ‘ਭਾਰਤੀ ਝਗੜਾ ਪਾਰਟੀ’ ਹੈ ਅਤੇ ਇਹੀ ਉਨ੍ਹਾਂ ਦਾ ਕੰਮ ਹੈ। 

Tags: pm modi

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement