
Ludhiana murder News: ਪਰਿਵਾਰ ਨੇ ਫੈਕਟਰੀ ਮਾਲਕ ਤੇ ਕਤਲ ਦੇ ਲਗਾਏ ਇਲਜ਼ਾਮ
Ludhiana murder News in punjabi : ਲੁਧਿਆਣਾ ਵਿਚ ਮੰਗਲਵਾਰ ਦੀਵਾਲੀ ਵਾਲੇ ਦਿਨ ਫ਼ੈਕਟਰੀ ਵਰਕਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਪ੍ਰਿੰਸ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਫ਼ੈਕਟਰੀ ਮਾਲਕ ਨੇ ਡਿਊਟੀ 'ਤੇ ਨਾ ਆਉਣ 'ਤੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਜਸਵਿੰਦਰ ਸਿੰਘ ਉਰਫ਼ ਪ੍ਰਿੰਸ ਅਬਦੁੱਲਾਪੁਰ ਬਸਤੀ ਦਾ ਰਹਿਣ ਵਾਲਾ ਸੀ ਅਤੇ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸ ਦੀ ਮੌਤ ਦੀ ਸੂਚਨਾ ਮਿਲਣ 'ਤੇ, ਪੁਲਿਸ ਹਸਪਤਾਲ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਪਰਿਵਾਰ ਨੂੰ ਸ਼ੱਕ ਹੈ ਕਿ ਫ਼ੈਕਟਰੀ ਮਾਲਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਪੁੱਤਰ 'ਤੇ ਹਮਲਾ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਭਰਾ ਦੀ ਸ਼ਿਕਾਇਤ 'ਤੇ ਮਾਡਲ ਟਾਊਨ ਪੁਲਿਸ ਨੇ ਫੈਕਟਰੀ ਮਾਲਕ ਗੋਲਡੀ ਸਮੇਤ ਅੱਠ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੇ ਭਰਾ ਅਤੇ ਅਬਦੁੱਲਾਪੁਰ ਬਸਤੀ ਦੇ ਵਸਨੀਕ ਕੁਲਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵੱਡਾ ਭਰਾ ਜਸਵਿੰਦਰ ਸਿੰਘ ਉਰਫ਼ ਪ੍ਰਿੰਸ (38 ਸਾਲ) ਦੀਵਾਲੀ ਵਾਲੇ ਦਿਨ ਨੇੜਲੇ ਰੇਲਵੇ ਕੁਆਰਟਰਾਂ ਕੋਲ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲਿਆ ਸੀ। ਉਸ ਨੂੰ ਸੀਐਮਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੇ ਸਰੀਰ 'ਤੇ ਗੰਭੀਰ ਸੱਟਾਂ ਸਨ।