
ਇਹ ਸਨਮਾਨ ਹਾਸਲ ਕਰਨ ਵਾਲੀ ਪ੍ਰਤਿਭਾ ਸਿੰਘ ਇਕਲੌਤੀ ਏਸ਼ੀਆਈ ਜੱਜ
ਦਿੱਲੀ : ਸੰਯੁਕਤ ਰਾਸ਼ਟਰ ਦੇ ਮੰਚ ’ਤੇ ਸਿੱਖਾਂ ਅਤੇ ਭਾਰਤ ਲਈ ਇਕ ਮਾਣ ਵਾਲਾ ਪਲ ਸਾਹਮਣੇ ਆਇਆ ਹੈ। ਇਸ ਮਾਣ ਦਾ ਸਿਹਰਾ ਇਕ ਮਹਿਲਾ ਜੱਜ ਦੀ ਸਫ਼ਲਤਾ ਨੂੰ ਜਾਂਦਾ ਹੈ। ਦਿੱਲੀ ਹਾਈ ਕੋਰਟ ਦੀ ਜੱਜ ਪ੍ਰਤਿਭਾ ਐਮ.ਸਿੰਘ ਨੂੰ ਵਿਸ਼ਵ ਬੌਧਿਕ ਸੰਪਤੀ ਸੰਗਠਨ ਦਾ ਪ੍ਰਧਾਨ ਚੁਣਿਆ ਗਿਆ ਹੈ। ਜਸਟਿਸ ਪ੍ਰਤਿਭਾ ਸਿੰਘ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ। ਪ੍ਰਧਾਨ ਦੇ ਰੂਪ ’ਚ ਜੱਜ ਪ੍ਰਤਿਭਾ ਸਿੰਘ ਅੰਤਰਾਸ਼ਟਰੀ ਪੱਧਰ ’ਤੇ ਜੱਜਾਂ ਦੇ ਇਕ ਸਮੂਹ ਦੀ ਅਗਵਾਈ ਕਰਨਗੇ।
ਸਵਿਟਜ਼ਰਲੈਂਡ ਦੇ ਜੇਨੇਵਾ ’ਚ ਸਥਿਤ ਭਾਰਤ ਦੇ ਸਥਾਈ ਮਿਸ਼ਨ ਨੇ ਐਕਸ ’ਤੇ ਲਿਖਿਆ ਕਿ ਜਸਟਿਸ ਪ੍ਰਤਿਭਾ ਐਮ.ਸਿੰਘ ਬੌਧਿਕ ਸੰਪਤੀ ਦੇ ਖੇਤਰ ’ਚ ਨਿਆਂਪਾਲਿਕਾਵਾਂ ਦੇ ਨਾਲ ਡਬਲਿਊ.ਆਈ.ਪੀ.ਓ. ਦੇ ਕੰਮਾਂ ਨੂੰ ਮਾਰਗ ਦਰਸ਼ਨ ਅਤੇ ਦਿਸ਼ਾ ਦੇਣਗੇ।
ਜ਼ਿਕਰਯੋਗ ਹੈ ਕਿ ਬਤੌਰ ਕਾਨੂੰਨੀ ਮਾਹਿਰ ਜੱਜ ਪ੍ਰਤਿਭਾ ਐਮ. ਸਿੰਘ ਦਾ ਕਾਰਜਕਾਲ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ ਹੈ। ਉਨ੍ਹਾਂ ਨੇ ਕਰਨਾਟਕ ਦੀ ਯੂਨੀਵਰਸਿਟੀ ਲਾਅ ਕਾਲਜ, ਬੰਗਲੁਰੂ ਤੋਂ ਕਾਨੂੰਨ ਦੀ ਡਿਗਰੀ ਲੈਣ ਤੋਂ ਬਾਅਦ ਅੱਗੇ ਦੀ ਪੜ੍ਹਾਈ ਲਈ ਬ੍ਰਿਟੇਨ ਦੀ ਕੈਂਬ੍ਰਿਜ ਯੂਨੀਵਰਸਿਟੀ ਦਾ ਰੁਖ ਕੀਤਾ। ਦਿੱਲੀ ਹਾਈ ਕੋਰਟ ਦੀ ਵੈਬਸਾਈਟ ’ਤੇ ਮੌਜੂਦ ਵੇਰਵੇ ਅਨੁਸਾਰ ਉਨ੍ਹਾਂ ਨੂੰ ਪੇਟੈਂਟ, ਟ੍ਰੇਡਮਾਰਕ, ਡਿਜ਼ਾਇਨ, ਕਾਪੀਰਾਈਟ ਅਤੇ ਇੰਟਰਨੈਟ ਨਾਲ ਜੁੜੇ ਕਾਨੂੰਨਾਂ ਤੋਂ ਇਲਾਵਾ ਹੋਰ ਕਈ ਖੇਤਰਾਂ ’ਚ ਵੀ ਮੁਹਾਰਤ ਹਾਸਲ ਹੈ।