
ਬੈਨਰਜੀ ਨੇ ਦੋਸ਼ ਲਾਇਆ ਸੀ ਕਿ ਦੋਹਾਂ ਮਠਾਂ ਦੇ ਕੁੱਝ ਸੰਤ ਅਤੇ ਸੰਨਿਆਸੀ ‘ਭਾਜਪਾ ਦੇ ਇਸ਼ਾਰੇ ’ਤੇ’ ਕੰਮ ਕਰ ਰਹੇ ਹਨ
ਓਂਡਾ/ਪਾਂਸਕੁੜਾ (ਪਛਮੀ ਬੰਗਾਲ): ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਰਾਮਕ੍ਰਿਸ਼ਨ ਮਿਸ਼ਨ ਅਤੇ ਭਾਰਤ ਸੇਵਾਸ਼ਰਮ ਸੰਘ ਦੇ ਪਰਉਪਕਾਰੀ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਕਿਸੇ ਸੰਸਥਾ ਦੇ ਵਿਰੁਧ ਨਹੀਂ ਹਨ ਪਰ ਸਿਆਸਤ ਵਿਚ ਸ਼ਾਮਲ ਹੋਣ ਲਈ ਇਕ ਜਾਂ ਦੋ ਲੋਕਾਂ ਦੀ ਆਲੋਚਨਾ ਕਰਦੇ ਹਨ।
ਬੈਨਰਜੀ ਨੇ ਸਨਿਚਰਵਾਰ ਨੂੰ ਦੋਸ਼ ਲਾਇਆ ਸੀ ਕਿ ਦੋਹਾਂ ਮਠਾਂ ਦੇ ਕੁੱਝ ਸੰਤ ਅਤੇ ਸੰਨਿਆਸੀ ‘ਭਾਜਪਾ ਦੇ ਇਸ਼ਾਰੇ ’ਤੇ’ ਕੰਮ ਕਰ ਰਹੇ ਹਨ। ਮਮਤਾ ਦੇ ਇਸ ਬਿਆਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਖ਼ਤ ਆਲੋਚਨਾ ਕੀਤੀ ਸੀ। ਮੋਦੀ ਨੇ ਦੋਸ਼ ਲਾਇਆ ਕਿ ਬੈਨਰਜੀ ਮੁਸਲਿਮ ਕੱਟੜਪੰਥੀਆਂ ਦੇ ਦਬਾਅ ਹੇਠ ਹੈ ਅਤੇ ਤ੍ਰਿਣਮੂਲ ਕਾਂਗਰਸ ਦੇ ਵੋਟ ਬੈਂਕ ਨੂੰ ਖੁਸ਼ ਕਰਨ ਲਈ ਇਨ੍ਹਾਂ ਸਮਾਜਕ-ਧਾਰਮਕ ਸੰਗਠਨਾਂ ਨੂੰ ਧਮਕੀਆਂ ਦੇ ਰਹੀ ਹੈ।
ਬਾਂਕੁਰਾ ਦੇ ਓਂਡਾ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਕਿਹਾ, ‘‘ਮੈਂ ਰਾਮਕ੍ਰਿਸ਼ਨ ਮਿਸ਼ਨ ਦੇ ਵਿਰੁਧ ਨਹੀਂ ਹਾਂ, ਮੈਂ ਕਿਸੇ ਸੰਸਥਾ ਦੇ ਵਿਰੁਧ ਜਾਂ ਅਪਮਾਨ ਕਿਉਂ ਕਰਾਂ।’’ ਉਨ੍ਹਾਂ ਕਿਹਾ, ‘‘ਮੈਂ ਇਕ ਜਾਂ ਦੋ ਲੋਕਾਂ ਬਾਰੇ ਗੱਲ ਕੀਤੀ।’’
ਮੁੱਖ ਮੰਤਰੀ ਨੇ ਭਾਰਤ ਸੇਵਾਸ਼ਰਮ ਸੰਘ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਲੋਕਾਂ ਲਈ ਕੰਮ ਕਰਦਾ ਹੈ। ਉਨ੍ਹਾਂ ਕਿਹਾ, ‘‘ਮੈਂ ਕਾਰਤਿਕ ਮਹਾਰਾਜ ਬਾਰੇ ਗੱਲ ਕੀਤੀ, ਉਨ੍ਹਾਂ ਨੇ ਰੇਜੀਨਗਰ (ਪੋਲਿੰਗ ਬੂਥ ’ਤੇ) ਟੀ.ਐਮ.ਸੀ. ਏਜੰਟ ਨੂੰ (ਪੋਲਿੰਗ ਬੂਥ ’ਤੇ) ਬੈਠਣ ਦੀ ਆਗਿਆ ਨਹੀਂ ਦਿਤੀ।’’ ਉਨ੍ਹਾਂ ਦਾਅਵਾ ਕੀਤਾ ਕਿ ਮੁਰਸ਼ਿਦਾਬਾਦ ਜ਼ਿਲ੍ਹੇ ’ਚ ਭਾਰਤ ਸੇਵਾਸ਼ਰਮ ਸੰਘ ਦੇ ਸੰਤ (ਮਹਾਰਾਜ) ਭਾਜਪਾ ਲਈ ਕੰਮ ਕਰ ਰਹੇ ਸਨ। ਉਸ ਨੇ ਦੋਸ਼ ਲਾਇਆ ਕਿ ਜਦੋਂ ਰੇਜਿੰਗਰ ’ਚ ਦੋ ਸਮੂਹਾਂ ’ਚ ਝੜਪ ਹੋਈ ਤਾਂ ਉਨ੍ਹਾਂ ਨੇ ਲੋਕਾਂ ਨੂੰ ਭੜਕਾਇਆ।
ਬੈਨਰਜੀ ਨੇ ਕਿਹਾ, ‘‘ਜੇਕਰ ਉਹ ਭਾਜਪਾ ਲਈ ਕੰਮ ਕਰਨਾ ਚਾਹੁੰਦੇ ਹਨ ਤਾਂ ਉਹ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਭਾਜਪਾ ਦਾ ਬੈਜ (ਬਿੱਲਾ) ਪਹਿਨ ਕੇ ਅਜਿਹਾ ਕਰਨਾ ਚਾਹੀਦਾ ਹੈ।’’ ਪਿਛਲੇ ਸਮੇਂ ’ਚ ਰਾਮਕ੍ਰਿਸ਼ਨ ਮਿਸ਼ਨ ਲਈ ਅਪਣੇ ਕੰਮ ਦਾ ਜ਼ਿਕਰ ਕਰਦੇ ਹੋਏ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੇ ਕੋਲਕਾਤਾ ’ਚ ਸਵਾਮੀ ਵਿਵੇਕਾਨੰਦ ਦੇ ਘਰ ਨੂੰ ਕੋਲਕਾਤਾ ਨਗਰ ਨਿਗਮ ਤੋਂ ਖਰੀਦ ਕੇ ਵਿਕਰੀ ਤੋਂ ਬਚਾਇਆ ਸੀ।
ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੇ ਮੈਟਰੋ ਰੇਲਵੇ ਸਟੇਸ਼ਨ ਤੋਂ ਦੱਖਣੇਸ਼ਵਰ ਮੰਦਰ ਤਕ ਸਕਾਈਵਾਕ ਬਣਾਉਣ ਤੋਂ ਇਲਾਵਾ ਦਾਰਜੀਲਿੰਗ ’ਚ ਉਸ ਘਰ ਨੂੰ ਵੀ ਬਚਾਇਆ, ਜਿੱਥੇ ਭੈਣ ਨਿਵੇਦਿਤਾ ਠਹਿਰੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪਛਮੀ ਬੰਗਾਲ ‘ਇੰਡੀਆ’ ਗੱਠਜੋੜ ਨੂੰ ਅੱਗੇ ਕਰੇਗਾ ਅਤੇ ਭਾਜਪਾ ਨੂੰ ਦਿੱਲੀ ਤੋਂ ਉਖਾੜ ਸੁੱਟੇਗਾ। ਬੈਨਰਜੀ ਬਿਸ਼ਨੂਪੁਰ ਤੋਂ ਟੀ.ਐਮ.ਸੀ. ਉਮੀਦਵਾਰ ਸੁਜਾਤਾ ਮੰਡਲ ਅਤੇ ਬਾਂਕੁਰਾ ਤੋਂ ਅਰੂਪ ਚੱਕਰਵਰਤੀ ਲਈ ਪ੍ਰਚਾਰ ਕਰ ਰਹੀ ਸੀ।