
ਕੇਜਰੀਵਾਲ ਨੇ ਦਿੱਲੀ ’ਚ ਵਧ ਰਹੇ ਜੁਰਮਾਂ ਨੂੰ ਲੈ ਕੇ ਉਪ ਰਾਜਪਾਲ ਨਾਲ ਦਿੱਲੀ ਕੈਬਨਿਟ ਦੀ ਬੈਠਕ ਦੀ ਪੇਸ਼ਕਸ਼ ਕੀਤੀ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਦੀ ਰਾਜਧਾਨੀ ’ਚ ਅਪਰਾਧਕ ਘਟਨਾਵਾਂ ’ਚ ‘ਚਿੰਤਾਜਨਕ’ ਵਾਧੇ ਨੂੰ ਵੇਖਦਿਆਂ ਇਸ ਮਾਮਲੇ ’ਤੇ ‘ਸਾਰਥਕ ਚਰਚਾ’ ਲਈ ਉਪ ਰਾਜਪਾਲ ਵੀ.ਕੇ. ਸਕਸੇਨਾ ਨਾਲ ਦਿੱਲੀ ਕੈਬਨਿਟ ਦੀ ਇਕ ਬੈਠਕ ਦੀ ਪੇਸ਼ਕਸ਼ ਕੀਤੀ ਹੈ।
ਕੇਜਰੀਵਾਲ ਨੇ ਦੇਸ਼ ਦੀ ਰਾਜਧਾਨੀ ’ਚ ਵਧਦੀਆਂ ਅਪਰਾਧਕ ਘਟਨਾਵਾਂ ਅਤੇ ਇਸ ਮਾਮਲੇ ’ਤੇ ਵਿਚਾਰ-ਵਟਾਂਦਰੇ ਦੀ ਬਹੁਤ ਜ਼ਰੂਰਤ ਨੂੰ ਵੇਖਦਿਆਂ ਉਪ ਰਾਜਪਾਲ ਨੂੰ ਸੋਮਵਾਰ 19 ਜੂਨ ਨੂੰ ਚਿੱਠੀ ਲਿਖੀ ਸੀ।
ਉਨ੍ਹਾਂ ਚਿੱਠੀ ’ਚ ਕਿਹਾ, ‘‘ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਦਿੱਲੀ ਦੇ ਵੱਖੋ-ਵੱਖ ਹਿੱਸਿਆਂ ’ਚ ਪਿਛਲੇ 24 ਘੰਟਿਆਂ ’ਚ ਚਾਰ ਕਤਲ ਹੋ ਚੁੱਕੇ ਹਨ।’’
ਮੁੱਖ ਮੰਤਰੀ ਨੇ ਚਿੱਠੀ ’ਚ ਉਪ ਰਾਜਪਾਲ ਨੂੰ ਤੁਰਤ ਅਤੇ ਅਸਰਦਾਰ ਕਦਮ ਚੁੱਕਣ ਦੀ ਅਪੀਲ ਕੀਤੀ ਤਾਕਿ ਨਾਗਰਿਕਾਂ ਦਾ ਸੁਰਖਿਆ ’ਤੇ ਭਰੋਸਾ ਬਹਾਲ ਹੋ ਸਕੇ।
ਉਧਰ ਅੱਜ ਉਪ ਰਾਜਪਾਲ ਨੇ ਵੀ ਕੇਜਰੀਵਾਲ ਨੂੰ ਜਵਾਬ ਚਿੱਠੀ ਲਿਖੀ ਅਤੇ ਉਨ੍ਹਾਂ ਨੂੰ ‘ਜੁਰਮ ਦੇ ਸਿਆਸੀਕਰਨ’ ਵਿਰੁਧ ਚੌਕਸ ਕੀਤਾ। ਉਨ੍ਹਾਂ ਅਪਣੀ ਚਿੱਠੀ ’ਚ ਕਿਹਾ, ‘‘ਚੌਕਸੀ ਦੇ ਬਾਵਜੂਦ ਹੋ ਰਹੇ ਜੁਰਮ, ਮੁੱਦੇ ਨਾਲ ਨਜਿੱਠਣ ਲਈ ਵੱਧ ਵਿਆਪਕ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ।’’