
ਬੀਐਸਐਫ ਜਵਾਨਾਂ ਨੂੰ ਇਲਾਕੇ ਦੇ ਪਿੰਡ 41 ਪੀਐਸ ਨੇੜੇ ਬੀਓਪੀ ਤ੍ਰਿਸ਼ੂਲ ਵਿਚ ਡਰੋਨ ਗਤੀਵਿਧੀ ਦਾ ਸ਼ੱਕ ਹੋਇਆ ਜਿਸ ਤੋਂ ਬਾਅਦ ਗੋਲੀਬਾਰੀ ਕੀਤੀ ਗਈ
ਸ੍ਰੀ ਗੰਗਾਨਗਰ - ਸ੍ਰੀ ਗੰਗਾਨਗਰ 'ਚ ਭਾਰਤ-ਪਾਕਿ ਸਰਹੱਦ 'ਤੇ ਇਕ ਵਾਰ ਫਿਰ ਗੋਲੀਬਾਰੀ ਹੋਈ ਹੈ। ਪਾਕਿਸਤਾਨ ਵੱਲੋਂ ਡਰੋਨ ਰਾਂਹੀ ਹੈਰੋਇਨ ਦੇ ਤਿੰਨ ਪੈਕੇਟ ਸੁੱਟੇ ਗਏ, ਡਰੋਨ ਦੀ ਗਤੀਵਿਧੀ ਨੂੰ ਦੇਖਦਿਆਂ ਬੀਐਸਐਫ ਦੇ ਜਵਾਨ ਚੌਕਸ ਹੋ ਗਏ ਅਤੇ 45 ਰਾਊਂਡ ਫਾਇਰ ਕਰਕੇ ਡਰੋਨ ਨੂੰ ਢੇਰ ਕੀਤਾ। ਬੀਐਸਐਫ ਨੇ ਹੈਰੋਇਨ ਦੇ ਪੈਕਟ ਜ਼ਬਤ ਕਰ ਲਏ ਹਨ।
ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਡਰੋਨ ਤੋਂ ਸੁੱਟੀ ਗਈ ਹੈਰੋਇਨ ਦੀ ਕੀਮਤ ਕਰੀਬ 12 ਕਰੋੜ ਰੁਪਏ ਹੈ। ਇਹ ਘਟਨਾ ਬੁੱਧਵਾਰ ਅੱਧੀ ਰਾਤ ਨੂੰ ਸ੍ਰੀ ਗੰਗਾਨਗਰ ਦੇ ਰਾਏਸਿੰਘਨਗਰ ਇਲਾਕੇ 'ਚ ਵਾਪਰੀ। ਬੀਐਸਐਫ ਦੇ ਜੋਧਪੁਰ ਸਥਿਤ ਫਰੰਟੀਅਰ ਹੈੱਡਕੁਆਰਟਰ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਬੀਐਸਐਫ ਜਵਾਨਾਂ ਨੂੰ ਇਲਾਕੇ ਦੇ ਪਿੰਡ 41 ਪੀਐਸ ਨੇੜੇ ਬੀਓਪੀ ਤ੍ਰਿਸ਼ੂਲ ਵਿਚ ਡਰੋਨ ਗਤੀਵਿਧੀ ਦਾ ਸ਼ੱਕ ਹੋਇਆ।
ਇਸ 'ਤੇ ਬੀਐਸਐਫ ਜਵਾਨਾਂ ਨੇ ਚਾਰਜ ਸੰਭਾਲ ਲਿਆ। ਉਹਨਾਂ ਨੇ ਡਰੋਨ ਦੀ ਦਿਸ਼ਾ ਵਿਚ ਲਗਾਤਾਰ 45 ਰਾਉਂਡ ਫਾਇਰ ਕੀਤੇ। ਗੋਲੀਬਾਰੀ ਕਾਰਨ ਬੀਓਪੀ ਕੈਂਪਸ ਵਿਚ ਡਰੋਨ ਹੇਠਾਂ ਡਿੱਗ ਗਿਆ। ਬੀਐਸਐਫ ਨੇ ਡਰੋਨ ਨੂੰ ਕਬਜ਼ੇ ਵਿਚ ਲੈ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਤਲਾਸ਼ੀ ਮੁਹਿੰਮ ਦੌਰਾਨ ਇਲਾਕੇ ਦੇ ਇਕ ਖੇਤ 'ਚੋਂ 3 ਪੈਕਟਾਂ 'ਚ 2 ਕਿਲੋ 300 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 12 ਕਰੋੜ ਰੁਪਏ ਦੇ ਕਰੀਬ ਦੱਸੀ ਗਈ ਹੈ। ਹੈਰੋਇਨ ਨੂੰ ਜਾਂਚ ਲਈ ਸਬੰਧਤ ਏਜੰਸੀ ਨੂੰ ਸੌਂਪ ਦਿੱਤਾ ਜਾਵੇਗਾ।
ਇਲਾਕੇ 'ਚ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਤਸਕਰੀ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਹਨ। ਇਸ ਸਾਲ ਫਰਵਰੀ ਵਿਚ ਕੇਸਰੀਸਿੰਘਪੁਰ ਇਲਾਕੇ ਵਿਚ ਖੇਤਾਂ ਵਿਚੋਂ 6 ਕਿਲੋ ਹੈਰੋਇਨ ਬਰਾਮਦ ਹੋਈ ਸੀ। ਇਸ ਨੂੰ ਡਰੋਨ ਰਾਹੀਂ ਇੱਥੇ ਭੇਜਿਆ ਗਿਆ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਤਸਕਰੀ ਦੀਆਂ ਕਈ ਘਟਨਾਵਾਂ ਵਾਪਰੀਆਂ ਸਨ। ਪਿਛਲੇ ਸਾਲ ਜੁਲਾਈ ਵਿਚ ਗਜਸਿੰਘਪੁਰ ਇਲਾਕੇ ਵਿਚ ਡਰੋਨ ਰਾਹੀਂ ਕਰੀਬ ਸਾਢੇ ਤਿੰਨ ਕਿਲੋ ਹੈਰੋਇਨ ਭੇਜੀ ਗਈ ਸੀ। ਇਸੇ ਮਹੀਨੇ ਰਾਏਸਿੰਘਨਗਰ ਇਲਾਕੇ ਤੋਂ ਹੈਰੋਇਨ ਦੀ ਡਲਿਵਰੀ ਲੈਣ ਆਏ ਚਾਰ ਤਸਕਰਾਂ ਨੂੰ ਵੀ ਕਾਬੂ ਕੀਤਾ ਗਿਆ ਸੀ ਅਤੇ ਪਿਛਲੇ ਸਾਲ ਅਗਸਤ ਵਿਚ ਅੱਠ ਹੈਰੋਇਨ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਤਸਕਰ ਵੀ ਇੱਥੇ ਹੈਰੋਇਨ ਦੀ ਡਲਿਵਰੀ ਲੈਣ ਆਏ ਸਨ।