
ਵਾਇਰਲ ਵੀਡੀਓ 'ਚ ਦੋਸ਼ੀ ਨੇ ਹਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ।
ਮਣੀਪੁਰ - ਮਣੀਪੁਰ ਵਿਚ ਦੋ ਕੁਕੀ ਮਹਿਲਾਵਾਂ ਦੀ ਨਗਨ ਹਾਲਤ ਵਿਚ ਪਰੇਡ ਅਤੇ ਜਿਨਸੀ ਸ਼ੋਸ਼ਣ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੇਸ਼ ਭਰ ਵਿਚ ਰੋਸ ਹੈ। ਇਸ ਦੌਰਾਨ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਮੁੱਖ ਮੁਲਜ਼ਮ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਉਹੀ ਮੁਲਜ਼ਮ ਹੈ ਜੋ ਮਹਿਲਾ ਨੂੰ ਦੋਵੇਂ ਹੱਥਾਂ ਨਾਲ ਜਕੜਦਾ ਹੋਇਆ ਨਜ਼ਰ ਆ ਰਿਹਾ ਹੈ। ਵਾਇਰਲ ਵੀਡੀਓ 'ਚ ਦੋਸ਼ੀ ਨੇ ਹਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ।
ਔਰਤ ਨੂੰ ਲੈ ਕੇ ਜਾਣ ਵਾਲੇ ਵਿਅਕਤੀ ਦਾ ਨਾਂ ਹੁਈਰੇਮ ਹੀਰੋਦਾਸ ਮੈਤੇਈ ਹੈ। ਸੂਤਰਾਂ ਮੁਤਾਬਕ ਹੀਰੋਦਾਸ ਮੈਤੇਈ ਦੀ ਉਮਰ 32 ਸਾਲ ਹੈ। ਉਸ ਨੂੰ 800-1000 ਲੋਕਾਂ ਦੀ ਭੀੜ ਨਾਲ ਔਰਤ ਨੂੰ ਚੁੱਕ ਕੇ ਲਿਜਾਂਦੇ ਦੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਦੀ ਜਾਂਚ ਤੋਂ ਬਾਅਦ ਹੀਰੋਦਾਸ ਦੀ ਪਛਾਣ ਹੋ ਗਈ, ਜਿਸ ਤੋਂ ਬਾਅਦ ਮਣੀਪੁਰ ਪੁਲਿਸ ਨੇ ਉਸ ਨੂੰ ਥੌਬਲ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ।
ਸੂਤਰਾਂ ਨੇ ਦੱਸਿਆ ਕਿ "ਵੀਡੀਓ ਵਿਚ ਦਿਖਾਈ ਦੇਣ ਵਾਲੇ ਮੁੱਖ ਦੋਸ਼ੀ, ਜਿਸ ਨੇ ਹਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਅਤੇ ਔਰਤ ਨੂੰ ਫੜਿਆ ਹੋਇਆ ਸੀ, ਉਸ ਨੂੰ ਅੱਜ ਸਵੇਰੇ ਸਹੀ ਪਛਾਣ ਦੇ ਬਾਅਦ ਇੱਕ ਆਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦਾ ਨਾਮ ਹੁਈਰੇਮ ਹੀਰੋਦਾਸ ਮੇਈਤੀ ਹੈ। ਉਸ ਦੀ ਉਮਰ 32 ਸਾਲ ਹੈ। ਪਿਤਾ ਦਾ ਨਾਮ ਸਵਰਗੀ ਐਚ. ਰਾਜੇਨ ਮੀਤੀ ਹੈ। ਦੋਸ਼ੀ ਪੇਚੀ ਅਵਾਂਗ ਲੀਕਾਈ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਮਣੀਪੁਰ ਪੁਲਿਸ ਮੁਤਾਬਕ 4 ਮਈ ਨੂੰ ਦੋ ਕੁਕੀ ਔਰਤਾਂ ਨਾਲ ਹੋਏ ਸਮੂਹਿਕ ਬਲਾਤਕਾਰ ਦੀ ਘਟਨਾ ਦੇ ਸਾਰੇ ਸ਼ੱਕੀਆਂ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਨੇ ਕਿਹਾ ਕਿ "ਉਨ੍ਹਾਂ ਨੂੰ 20 ਜੁਲਾਈ ਦੀ ਰਾਤ ਤੱਕ ਗ੍ਰਿਫ਼ਤਾਰ ਕਰ ਲਿਆ ਜਾਵੇਗਾ।" ਮਣੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੇ ਵੀਰਵਾਰ ਨੂੰ ਕਿਹਾ, "ਮੌਜੂਦਾ ਸਮੇਂ ਵਿਚ, ਪੂਰੀ ਜਾਂਚ ਚੱਲ ਰਹੀ ਹੈ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਫਾਂਸੀ ਦੀ ਸਜ਼ਾ ਦੀ ਸੰਭਾਵਨਾ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਦੋਸ਼ੀਆਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।"