
ਕੇਂਦਰੀ ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਨੇ ਅਧਿਐਨ ਦੇ ਅੰਦਾਜ਼ਿਆਂ ਨੂੰ ਗੁਮਰਾਹਕੁੰਨ ਦਸਿਆ
Covid-19 : ਵਿਸ਼ਵ ਪੱਧਰ 'ਤੇ ਕੋਰੋਨਾ ਮਹਾਮਾਰੀ ਨੂੰ 4 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਇਸ ਦੌਰਾਨ ਕੋਰੋਨਾ ਦੇ ਕਈ ਰੂਪ ਸਾਹਮਣੇ ਆਏ ਹਨ। ਲੋਕਾਂ ਵਿੱਚ ਇਸ ਮਹਾਂਮਾਰੀ ਦੇ ਹਲਕੇ ਤੋਂ ਗੰਭੀਰ ਲੱਛਣ ਰਿਪੋਰਟ ਕੀਤੇ ਗਏ ਹਨ। ਕਰੋਨਾ ਦਾ ਖ਼ਤਰਾ ਅਜੇ ਵੀ ਰੁਕਿਆ ਨਹੀਂ ਹੈ।
ਇਸ ਦੌਰਾਨ ਅਕਾਦਮਿਕ ਜਰਨਲ ਸਾਇੰਸ ਐਡਵਾਂਸ ਵਿੱਚ ਜੀਵਨ ਸੰਭਾਵਨਾ ਨੂੰ ਲੈ ਕੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ। ਇਸ ਰਿਪੋਰਟ ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਖਾਰਿਜ ਕਰ ਦਿੱਤਾ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਕੋਰੋਨਾ ਕਾਰਨ ਭਾਰਤ ਵਿੱਚ ਜੀਵਨ ਸੰਭਾਵਨਾ ਦਰ 'ਚ ਕਾਫੀ ਕਮੀ ਆਈ ਹੈ।
ਸਾਇੰਸ ਐਡਵਾਂਸ ਜਰਨਲ ਵਿੱਚ ਪ੍ਰਕਾਸ਼ਿਤ ਅਧਿਐਨ ਦੇ ਅਨੁਸਾਰ ਭਾਰਤ ਵਿੱਚ 2019 ਤੋਂ 2020 ਦਰਮਿਆਨ ਔਸਤ ਉਮਰ ਵਿੱਚ 2.6 ਸਾਲ ਦੀ ਕਮੀ ਆਈ ਹੈ। ਅਧਿਐਨ ਦੇ ਅਨੁਸਾਰ ਸਮਾਜਿਕ ਤੌਰ 'ਤੇ ਵਾਂਝੇ ਸਮੂਹਾਂ ਅਤੇ ਮੁਸਲਮਾਨਾਂ ਦੇ ਜੀਵਨ ਕਾਲ ਵਿੱਚ ਗਿਰਾਵਟ ਆਈ ਹੈ। ਇਸ ਵਿੱਚ ਇਹ ਗਿਰਾਵਟ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਸ ਰਿਪੋਰਟ ਨੂੰ ਪਰਿਵਾਰ ਅਤੇ ਸਿਹਤ ਭਲਾਈ ਮੰਤਰਾਲੇ ਨੇ ਖਾਰਿਜ ਕਰ ਦਿੱਤਾ ਹੈ।
ਮੰਤਰਾਲੇ ਨੇ ਦੱਸੀਆ ਇਹ ਕਮੀਆਂ
ਸਟੱਡੀ ਵਿੱਚ ਕਈ ਕਮੀਆਂ ਨੂੰ ਉਜਾਗਰ ਕਰਦੇ ਹੋਏ ਮੰਤਰਾਲੇ ਨੇ ਕਿਹਾ ਕਿ ਰਿਪੋਰਟ ਤਿਆਰ ਕਰਨ ਵਾਲੇ ਖੋਜਕਰਤਾਵਾਂ ਨੇ ਦੇਸ਼ ਭਰ ਵਿੱਚ ਮੌਤ ਦਰ ਦਾ ਅੰਦਾਜ਼ਾ ਲਗਾਉਣ ਲਈ ਜਨਵਰੀ ਅਤੇ ਅਪ੍ਰੈਲ 2021 ਦੇ ਵਿਚਕਾਰ ਨੈਸ਼ਨਲ ਫੈਮਿਲੀ ਐਂਡ ਹੈਲਥ ਸਰਵੇ (NFHS) ਦੇ ਪਰਿਵਾਰਾਂ ਦੇ ਡੇਟਾ ਦਾ ਉਪਯੋਗ ਕੀਤਾ ਗਿਆ।ਮੰਤਰਾਲੇ ਨੇ ਕਿਹਾ ਕਿ ਇਹ ਰਿਪੋਰਟ ਤਾਂ ਹੀ ਸਹੀ ਹੁੰਦੀ ਜੇਕਰ ਪਰਿਵਾਰ ਸਰਵੇਖਣ ਸੈਂਪਲ ਦੇ ਡੇਟਾ ਦਾ ਪੂਰੀ ਤਰ੍ਹਾਂ ਉਪਯੋਗ ਕੀਤਾ ਜਾਂਦਾ। ਅਜਿਹੇ 'ਚ 14 ਰਾਜਾਂ ਦੇ ਸਿਰਫ 23 ਫੀਸਦੀ ਪਰਿਵਾਰਾਂ ਨੂੰ ਹੀ ਰਿਪੋਰਟ 'ਚ ਸ਼ਾਮਲ ਕੀਤਾ ਗਿਆ ਹੈ, ਜੋ ਮੌਤ ਦੇ ਸਹੀ ਅੰਕੜੇ ਜਾਰੀ ਨਹੀਂ ਕਰਦੇ।
ਕੇਂਦਰ ਸਰਕਾਰ ਨੇ ਸਿਰੇ ਤੋਂ ਕੀਤਾ ਖਾਰਜ, ਜਾਣੋ ਕੀ ਕਿਹਾ
ਮੰਤਰਾਲੇ ਨੇ ਕਿਹਾ ਹੈ ਕਿ ਸਿਰਫ 14 ਰਾਜਾਂ ਦੇ 23 ਫੀਸਦੀ ਪਰਿਵਾਰਾਂ ਦਾ ਵਿਸ਼ਲੇਸ਼ਣ ਕਰਕੇ ਇਹ ਅੰਦਾਜ਼ਾ ਕਿਵੇਂ ਲਗਾਇਆ ਜਾ ਸਕਦਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਇਹ ਡੇਟਾ ਕੋਵਿਡ -19 ਮਹਾਂਮਾਰੀ ਦੇ ਸਿਖਰ ਦੌਰਾਨ ਇਕੱਤਰ ਕੀਤਾ ਗਿਆ ਸੀ। ਸਰਕਾਰ ਨੇ ਦੱਸਿਆ ਕਿ 2019 ਦੇ ਮੁਕਾਬਲੇ 2020 ਵਿੱਚ ਮੌਤ ਦੀਆਂ ਰਜਿਸਟ੍ਰੇਸ਼ਨਾਂ ਵਿੱਚ ਲਗਭਗ 474,000 ਦਾ ਵਾਧਾ ਹੋਇਆ ਹੈ,ਇਹ ਰੁਝਾਨ ਪਿਛਲੇ ਸਾਲਾਂ ਨਾਲ ਮੇਲ ਖਾਂਦਾ ਹੈ ਅਤੇ ਸਿਰਫ਼ ਮਹਾਂਮਾਰੀ ਲਈ ਜ਼ਿੰਮੇਵਾਰ ਨਹੀਂ ਹੈ।
ਸਰਕਾਰ ਨੇ ਉਮਰ- ਅਤੇ ਲਿੰਗ-ਸਬੰਧੀ ਮੌਤ ਦਰ ਵਿੱਚ ਵਾਧੇ 'ਤੇ ਅਧਿਐਨ ਦੇ ਨਤੀਜਿਆਂ ਦਾ ਵੀ ਵਿਰੋਧ ਕੀਤਾ। ਅਧਿਕਾਰਤ ਅੰਕੜਿਆਂ ਤੋਂ ਸੰਕੇਤ ਮਿਲਦਾ ਹੈ ਕਿ ਮਰਦਾਂ ਅਤੇ ਵੱਡੀ ਉਮਰ ਦੇ ਸਮੂਹਾਂ ਕੋਵਿਡ -19 ਮੌਤ ਦਰ ਵਧੇਰੇ ਸੀ, ਜੋ ਅਧਿਐਨ ਦੇ ਇਸ ਦਾਅਵੇ ਦਾ ਖੰਡਨ ਕਰਦੀ ਹੈ ਕਿ ਨੌਜਵਾਨ ਵਿਅਕਤੀਆਂ ਅਤੇ ਔਰਤਾਂ ਵਿੱਚ ਮੌਤ ਦਰ ਵਧੇਰੇ ਸੀ। ਮੰਤਰਾਲੇ ਨੇ ਕਿਹਾ, "ਪ੍ਰਕਾਸ਼ਿਤ ਪੇਪਰ ਵਿੱਚ ਇਹ ਅਸੰਗਤ ਅਤੇ ਅਸਪਸ਼ਟ ਨਤੀਜੇ ਇਸਦੇ ਦਾਅਵਿਆਂ ਵਿੱਚ ਵਿਸ਼ਵਾਸ ਨੂੰ ਹੋਰ ਕਮਜ਼ੋਰ ਕਰਦੇ ਹਨ।"