
ਮਨੀਪੁਰੀ ਅਦਾਕਾਰਾ ਨੇ ਅਪਣੇ ’ਤੇ ਲਗਾਈ ਪਾਬੰਦੀ ਦਾ ਕੀਤਾ ਵਿਰੋਧ, ਕਿਹਾ- ਮੈਨੂੰ ਬੋਲਣ ਦਾ ਪੂਰਾ ਹੱਕ ਹੈ
ਇੰਫਾਲ: ਮਨੀਪੁਰੀ ਅਦਾਕਾਰਾ ਸੋਮਾ ਲੈਸ਼ਰਾਮ ਨੇ ਸੁੰਦਰਤਾ ਮੁਕਾਬਲਿਆਂ ’ਚ ਹਿੱਸਾ ਲੈਣ, ਫਿਲਮਾਂ ਵਿਚ ਅਦਾਕਾਰੀ ਕਰਨ ਅਤੇ ਜਨਤਕ ਸਮਾਗਮਾਂ ’ਚ ਸ਼ਾਮਲ ਹੋਣ ’ਤੇ ਇਕ ਨਾਗਰਿਕ ਸੰਗਠਨ ਵਲੋਂ ਲਗਾਈ ਪਾਬੰਦੀ ਦਾ ਸਖਤ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਉਸਨੇ ਅਪਣੇ ਸੂਬੇ ਵਿਰੁਧ ਕੁਝ ਵੀ ਗਲਤ ਨਹੀਂ ਕੀਤਾ। ਨਾਗਰਿਕ ਸੰਗਠਨ ਕਾਂਗਲੀਪਕ ਕੰਬਾ ਲੁਪ (ਕੇ.ਕੇ.ਐਲ.) ਨੇ ਮਨੀਪੁਰ ’ਚ ਲਗਾਤਾਰ ਹਿੰਸਾ ਦੇ ਵਿਚਕਾਰ ਦਿੱਲੀ ’ਚ ਕਰਵਾਏ ਇਕ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਅਦਾਕਾਰਾ ’ਤੇ ਇਹ ਪਾਬੰਦੀ ਲਗਾਈ ਹੈ।
ਲੈਸ਼ਰਾਮ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਵੀਡੀਉ ’ਚ ਕਿਹਾ ਕਿ ਉਹ ਇਸ ਘਟਨਾ ਤੋਂ ਸਦਮੇ ’ਚ ਹੈ ਅਤੇ ਬਹੁਤ ਦੁਖੀ ਹੈ। ਸੌ ਤੋਂ ਵੱਧ ਮਨੀਪੁਰੀ ਫਿਲਮਾਂ ’ਚ ਕੰਮ ਕਰਨ ਵਾਲੇ ਲੈਸ਼ਰਾਮ ਨੇ ਕਿਹਾ, ‘‘ਇਕ ਕਲਾਕਾਰ ਅਤੇ ਸੋਸ਼ਲ ਮੀਡੀਆ ਇੰਫ਼ਲੂਐਂਸਰ (ਜੋ ਲੋਕਾਂ ਨੂੰ ਅਪਣੇ ਵਿਚਾਰਾਂ ਨਾਲ ਪ੍ਰੇਰਿਤ ਕਰਦੇ ਹਨ) ਹੋਣ ਦੇ ਨਾਤੇ, ਮੈਂ ਇਸ (ਫ਼ਤਵੇ ਦਾ) ਦਾ ਸਖ਼ਤ ਵਿਰੋਧ ਕਰਦੀ ਹਾਂ। ਜਦੋਂ ਵੀ ਮੈਂ ਚਾਹਾਂ ਅਤੇ ਜਿੱਥੇ ਵੀ ਮੈਨੂੰ ਲੋੜ ਮਹਿਸੂਸ ਹੋਵੇ ਮੈਨੂੰ ਬੋਲਣ ਦਾ ਪੂਰਾ ਅਧਿਕਾਰ ਹੈ। ਮੈਂ ਅਪਣੇ ਸੂਬੇ ਅਤੇ ਅਪਣੀ ਮਾਤ ਭੂਮੀ ਵਿਰੁਧ ਕੁਝ ਵੀ ਗਲਤ ਨਹੀਂ ਕੀਤਾ ਹੈ।’’
31 ਵਰ੍ਹਿਆਂ ਦੀ ਇਸ ਅਦਾਕਾਰਾ ਨੇ ਕਿਹਾ, ‘‘ਜਦੋਂ ਮੈਨੂੰ ਉੱਤਰ-ਪੂਰਬੀ ਫੈਸਟੀਵਲ ’ਚ ‘ਸ਼ੋਅ ਸਟਾਪਰ’ ਵਜੋਂ ਮਨੀਪੁਰ ਦੀ ਨੁਮਾਇੰਦਗੀ ਕਰਨ ਲਈ ਬੁਲਾਇਆ ਗਿਆ ਸੀ, ਤਾਂ ਮੈਂ ਹਜ਼ਾਰਾਂ ਲੋਕਾਂ ’ਚ ਸਿਰਫ਼ ਅਪਣੇ ਸੂਬੇ ਦਾ ਸਮਰਥਨ ਕਰਨ ਅਤੇ ਜਾਗਰੂਕਤਾ ਫੈਲਾਉਣ ( ਹਿੰਸਾ ਪਿੱਛੇ ਕਾਰਨ ਦੱਸਣ) ਦੇ ਇਰਾਦੇ ਨਾਲ ਗਈ ਸੀ।’’ ਲੈਸ਼ਲਾਮ ’ਤੇ ਪਾਬੰਦੀ ਦੀ ਲੋਕ ਅਤੇ ਫਿਲਮ ਫ਼ੋਰਮ ਮਨੀਪੁਰ ਦੇ ਸਿਖਰਲੇ ਅਹੁਦੇਦਾਰ ਆਲੋਚਨਾ ਕਰ ਰਹੇ ਹਨ।
ਜਦੋਂ ਫਿਲਮ ਫੋਰਮ ਮਨੀਪੁਰ ਦੇ ਇਕ ਉੱਚ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਦਖਲਅੰਦਾਜ਼ੀ ਮੰਦਭਾਗੀ ਅਤੇ ਅਨੁਚਿਤ ਹੈ।ਮਨੀਪੁਰ ’ਚ ਬਹੁਗਿਣਤੀ ਮੈਤੇਈ ਲੋਕਾਂ ਵਲੋਂ ਉਨ੍ਹਾਂ ਨੂੰ ਅਨੁਸੂਚਿਤ ਜਾਤੀ ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ ’ਚ 3 ਮਈ ਨੂੰ ਪਹਾੜੀ ਜ਼ਿਲ੍ਹਿਆਂ ’ਚ ਹੋਏ ‘ਆਦਿਵਾਸੀ ਏਕਤਾ ਮਾਰਚ’ ਪ੍ਰਦਰਸ਼ਨਾਂ ਤੋਂ ਬਾਅਦ ਭੜਕੀ ਹਿੰਸਾ ’ਚ ਹੁਣ ਤਕ 175 ਤੋਂ ਵੱਧ ਲੋਕ ਅਪਣੀ ਜਾਨ ਗੁਆ ਚੁੱਕੇ ਹਨ। ਹਿੰਸਾ ’ਚ ਸੈਂਕੜੇ ਲੋਕ ਜ਼ਖਮੀ ਹੋਏ ਹਨ।
ਮੈਤੇਈ ਭਾਈਚਾਰੇ ਦੀ ਆਬਾਦੀ ਮਨੀਪੁਰ ਦੀ ਕੁਲ ਆਬਾਦੀ ਦਾ 53 ਫ਼ੀ ਸਦੀ ਹੈ, ਜੋ ਮੁੱਖ ਤੌਰ ’ਤੇ ਇੰਫਾਲ ਵਾਦੀ ’ਚ ਰਹਿੰਦੇ ਹਨ, ਜਦੋਂ ਕਿ ਨਾਗਾ ਅਤੇ ਕੁਕੀ ਭਾਈਚਾਰੇ ਦੀ ਆਬਾਦੀ 40 ਫ਼ੀ ਸਦੀ ਹੈ, ਜੋ ਜ਼ਿਆਦਾਤਰ ਪਹਾੜੀ ਜ਼ਿਲ੍ਹਿਆਂ ’ਚ ਰਹਿੰਦੇ ਹਨ।