
ਦਿੱਲੀ ’ਚ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਲਈ ਭਾਜਪਾ ਦੀ ਗੰਦੀ ਸਿਆਸਤ ਜ਼ਿੰਮੇਵਾਰ : ਆਤਿਸ਼ੀ
‘ਆਪ’ ਸਰਕਾਰ ਦੇ ‘ਅਪਰਪੱਕ ਅਤੇ ਅਸਮਰੱਥ’ ਹੋਣ ਕਾਰਨ ਦਿੱਲੀ ’ਚ ਹਵਾ ਅਤੇ ਜਲ ਪ੍ਰਦੂਸ਼ਣ ਗੰਭੀਰ ਹੋ ਗਿਆ
ਜੇਕਰ ਪੰਜਾਬ ਸਰਕਾਰ ਪਰਾਲੀ ਸਾੜਨ ਨੂੰ ਘੱਟ ਕਰ ਸਕਦੀ ਹੈ ਤਾਂ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਭਾਜਪਾ ਸਰਕਾਰਾਂ ਕਿਉਂ ਨਹੀਂ? : ਆਤਿਸ਼ੀ
ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਨੂੰ ਦਸਿਆ ਦਿੱਲੀ ’ਚ ਪ੍ਰਦੂਸ਼ਣ ਵਧਣ ਦਾ ਕਾਰਨ
ਨਵੀਂ ਦਿੱਲੀ : ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਐਤਵਾਰ ਨੂੰ ਕਿਹਾ ਕਿ ਕੌਮੀ ਰਾਜਧਾਨੀ ’ਚ ਵੱਧ ਰਹੇ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਲਈ ਭਾਜਪਾ ਦੀ ‘ਗੰਦੀ ਸਿਆਸਤ’ ਜ਼ਿੰਮੇਵਾਰ ਹੈ। ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਕੌਮੀ ਰਾਜਧਾਨੀ ’ਚ ਹਵਾ ਦੀ ਗੁਣਵੱਤਾ ਵਿਗੜਨ ਲੱਗੀ ਹੈ। ਯਮੁਨਾ ਨਦੀ ਦੀ ਸਤਹ ’ਤੇ ਵੱਖ-ਵੱਖ ਥਾਵਾਂ ’ਤੇ, ਖਾਸ ਕਰ ਕੇ ਕਾਲਿੰਦੀਕੁੰਜ ’ਚ ਜ਼ਹਿਰੀਲੇ ਰਸਾਇਣਕ ਫੋਮ ਦੀਆਂ ਮੋਟੀਆਂ ਪਰਤਾਂ ਵੇਖੀਆਂ ਗਈਆਂ।
ਭਾਜਪਾ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ 'ਆਪ' ਸਰਕਾਰ ਦੀ 'ਅਪ੍ਰਪੱਕਤਾ ਅਤੇ ਅਯੋਗਤਾ' ਕਾਰਨ ਦਿੱਲੀ 'ਚ ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਗੰਭੀਰ ਹੋ ਗਿਆ ਹੈ। ਉਨ੍ਹਾਂ ਕਿਹਾ, ‘‘ਇਸ ਸਾਲ ਵੀ ਇੰਡੀਅਨ ਐਗਰੀਕਲਚਰਲ ਰੀਸਰਚ ਇੰਸਟੀਚਿਊਟ ਦੇ ਅੰਕੜੇ ਦਰਸਾਉਂਦੇ ਹਨ ਕਿ 1 ਤੋਂ 15 ਅਕਤੂਬਰ ਦਰਮਿਆਨ ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ 27 ਫ਼ੀ ਸਦੀ ਦੀ ਕਮੀ ਆਈ ਹੈ, ਜੋ ਕਿ 2023 ’ਚ 1105 ਘਟਨਾਵਾਂ ਤੋਂ ਘਟ ਕੇ 811 ਹੋ ਗਈ ਹੈ। ਦੂਜੇ ਪਾਸੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 1 ਤੋਂ 15 ਅਕਤੂਬਰ ਦਰਮਿਆਨ ਹਰਿਆਣਾ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ 341 ਤੋਂ ਵਧ ਕੇ 417 ਅਤੇ ਉੱਤਰ ਪ੍ਰਦੇਸ਼ ’ਚ 244 ਤੋਂ ਵਧ ਕੇ 417 ਹੋ ਗਈਆਂ ਹਨ। ਇਹ ਸਪੱਸ਼ਟ ਤੌਰ ’ਤੇ ਭਾਜਪਾ ਦੀ ਗੰਦੀ ਰਾਜਨੀਤੀ ਨੂੰ ਦਰਸਾਉਂਦਾ ਹੈ। ਜੇਕਰ ਪੰਜਾਬ ਸਰਕਾਰ ਪਰਾਲੀ ਸਾੜਨ ਨੂੰ ਘੱਟ ਕਰ ਸਕਦੀ ਹੈ ਤਾਂ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਭਾਜਪਾ ਸਰਕਾਰਾਂ ਅਜਿਹਾ ਕਿਉਂ ਨਹੀਂ ਕਰ ਸਕਦੀਆਂ?’’ ਉਨ੍ਹਾਂ ਕਿਹਾ, ‘‘ਪਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਸ਼ਹਿਰ ਦੇ ਲੋਕਾਂ ਦੀ ਮਦਦ ਲਈ ਵਚਨਬੱਧ ਹੈ।’’
ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਆਨੰਦ ਵਿਹਾਰ ਖੇਤਰ ’ਚ ਪ੍ਰਦੂਸ਼ਣ ਦਾ ਸੱਭ ਤੋਂ ਵੱਡਾ ਕਾਰਨ ਹਨ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਕੌਮੀ ਰਾਜਧਾਨੀ ਦੇ ਨੇੜੇ ਸਥਿਤ ਯੂ.ਪੀ. ਬੱਸ ਡਿਪੂਆਂ ’ਤੇ ਪ੍ਰਦੂਸ਼ਣ ਰੋਕੂ ਉਪਾਵਾਂ ਨੂੰ ਲਾਗੂ ਕਰਨ ਲਈ ਗੁਆਂਢੀ ਸੂਬੇ ਨਾਲ ਮਿਲ ਕੇ ਕੰਮ ਕਰੇਗੀ।
ਆਤਿਸ਼ੀ ਨੇ ਵਾਤਾਵਰਣ ਮੰਤਰੀ ਗੋਪਾਲ ਰਾਏ ਨਾਲ ਆਨੰਦ ਵਿਹਾਰ ਬੱਸ ਡਿਪੂ ਵਿਖੇ ਪ੍ਰਦੂਸ਼ਣ ਕੰਟਰੋਲ ਉਪਾਵਾਂ ਦਾ ਨਿਰੀਖਣ ਕਰਨ ਤੋਂ ਬਾਅਦ ਇਹ ਟਿਪਣੀ ਕੀਤੀ। ਪ੍ਰਦੂਸ਼ਣ ਦੇ ਮੁੱਦੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਸਰਹੱਦ ’ਤੇ ਆਨੰਦ ਵਿਹਾਰ ਪ੍ਰਦੂਸ਼ਣ ਦਾ ਕੇਂਦਰ ਬਣਿਆ ਹੋਇਆ ਹੈ ਜਿੱਥੇ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) ਦਾ ਪੱਧਰ ਸੱਭ ਤੋਂ ਵੱਧ ਹੈ। ਦਿੱਲੀ ਦੇ ਬਾਹਰੋਂ ਬੱਸਾਂ ਇਸ ਖੇਤਰ ’ਚ ਅਕਸਰ ਆ ਰਹੀਆਂ ਹਨ ਅਤੇ ਕੌਸ਼ੰਬੀ ਬੱਸ ਡਿਪੂ ਨੇੜੇ ਹੈ। ਸੀ.ਐਨ.ਜੀ. ਅਤੇ ਇਲੈਕਟ੍ਰਿਕ ਬੱਸਾਂ ਦਿੱਲੀ ’ਚ ਚਲਦੀਆਂ ਹਨ ਜਦਕਿ ਡੀਜ਼ਲ ਬੱਸਾਂ ਕੌਸ਼ੰਬੀ ਬੱਸ ਡਿਪੂ ਤਕ ਚਲਦੀਆਂ ਹਨ। ਅਸੀਂ ਪ੍ਰਦੂਸ਼ਣ ਕੰਟਰੋਲ ਉਪਾਵਾਂ ਨੂੰ ਲਾਗੂ ਕਰਨ ਲਈ ਉੱਤਰ ਪ੍ਰਦੇਸ਼ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਯੋਜਨਾ ਬਣਾ ਰਹੇ ਹਾਂ।’’
ਆਤਿਸ਼ੀ ਨੇ ਕਿਹਾ ਕਿ ਦਿੱਲੀ ਸਰਕਾਰ ਇਸ ਸਮੱਸਿਆ ਨਾਲ ਨਜਿੱਠਣ ਲਈ 99 ਟੀਮਾਂ ਅਤੇ 315 ਤੋਂ ਵੱਧ ਸਮੋਗ ਗਨ ਸਮੇਤ ਸਾਰੇ ਉਪਲਬਧ ਸਰੋਤਾਂ ਦੀ ਵਰਤੋਂ ਕਰ ਰਹੀ ਹੈ। ਮੁੱਖ ਮੰਤਰੀ ਨੇ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਦਿੱਲੀ ’ਚ ਯਮੁਨਾ ’ਚ ਵੇਖਿਆ ਗਿਆ ਝੱਗ ਉਦਯੋਗਿਕ ਗੰਦੇ ਪਾਣੀ ਦੇ ਨਦੀ ’ਚ ਛੱਡੇ ਜਾਣ ਕਾਰਨ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਬਾਦਸ਼ਾਹਪੁਰ, ਮੁੰਗੇਸ਼ਪੁਰ ਅਤੇ ਹੋਰ ਡਰੇਨਾਂ ਰਾਹੀਂ ਰੋਜ਼ਾਨਾ ਯਮੁਨਾ ’ਚ 165 ਐਮ.ਜੀ.ਡੀ. ਉਦਯੋਗਿਕ ਗੰਦਾ ਪਾਣੀ ਛੱਡਦਾ ਹੈ ਜਦਕਿ ਉੱਤਰ ਪ੍ਰਦੇਸ਼ ਵੱਖ-ਵੱਖ ਨਾਲਿਆਂ ਰਾਹੀਂ ਨਦੀ ’ਚ 65 ਐਮ.ਜੀ.ਡੀ. ਦੂਸ਼ਿਤ ਪਾਣੀ ਛਡਦਾ ਹੈ।
ਭਾਜਪਾ ਦਾ ਪਲਟਵਾਰ
ਹਾਲਾਂਕਿ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵ ਨੇ ਦੋਸ਼ ਲਾਇਆ ਕਿ ਪਰਾਲੀ ਸਾੜਨ ਦੇ ਮੁੱਦੇ ’ਤੇ ਪੰਜਾਬ ’ਚ ਆਪਣੀ ਸਰਕਾਰ ਦਾ ਬਚਾਅ ਕਰਨ ਵਾਲੇ ‘ਆਪ’ ਆਗੂ ਦਿੱਲੀ ਵਾਸੀਆਂ ਦੇ ਦੁਸ਼ਮਣ ਬਣ ਗਏ ਹਨ। ਉਨ੍ਹਾਂ ਕਿਹਾ ਕਿ 2021 ਤਕ ਕੇਜਰੀਵਾਲ ਸਮੇਤ ‘ਆਪ’ ਆਗੂ ਦੋਸ਼ ਲਗਾਉਂਦੇ ਸਨ ਕਿ ਪੰਜਾਬ ’ਚ ਪਰਾਲੀ ਸਾੜਨ ਨਾਲ ਦਿੱਲੀ ਗੈਸ ਚੈਂਬਰ ’ਚ ਬਦਲ ਗਈ ਹੈ। ਹੁਣ ਉਹ ਇਸ ਦਾ ਦੋਸ਼ ਉੱਤਰ ਪ੍ਰਦੇਸ਼ ਅਤੇ ਹਰਿਆਣਾ ’ਤੇ ਲਗਾ ਰਹੇ ਹਨ ਕਿਉਂਕਿ ਪੰਜਾਬ ’ਤੇ ਉਨ੍ਹਾਂ ਦੀ ਪਾਰਟੀ ਦਾ ਸ਼ਾਸਨ ਹੈ।