ਛੇ ਇੰਚ ਦੀ ਪਾਈਪ ਨੂੰ ਮਲਬੇ ਦੇ ਆਰ-ਪਾਰ ਕੀਤੀ ਗਈ, ਪਹੁੰਚ ਸਕੇਗੀ ਰੋਟੀ ਅਤੇ ਸੰਚਾਰ ਦਾ ਸਾਮਾਨ
Uttarkashi Tunnel Collapse Updates : ਉੱਤਰਾਖੰਡ ’ਚ ਸਿਲਕਿਆਰਾ ਸੁਰੰਗ ’ਚ ਚਲ ਰਹੀ ਬਚਾਅ ਮੁਹਿੰਮ ’ਚ ਸੋਮਵਾਰ ਨੂੰ ਇਕ ਮਹੱਤਵਪੂਰਨ ਕਾਮਯਾਬੀ ਮਿਲੀ ਜਦੋਂ ਬਚਾਅ ਮੁਲਾਜ਼ਮਾਂ ਨੇ ਸੁਰੰਗ ਦੇ ਬੰਦ ਹਿੱਸੇ ’ਚ ਡਰੀਲਿੰਗ ਕਰ ਕੇ ਮਲਬੇ ਦੇ ਆਰ-ਪਾਰ 35 ਮੀਟਰ ਲੰਮੀ ਛੇ ਇੰਚ ਵਿਆਸ ਵਾਲੀ ਪਾਈਪਲਾਈਨ ਪਾ ਦਿਤੀ ਜਿਸ ਜ਼ਰੀਏ ਪਿਛਲੇ ਅੱਠ ਦਿਨਾਂ ਤੋਂ ਸੁਰੰਗ ’ਚ ਫਸੇ 41 ਮਜ਼ਦੂਰਾਂ ਨੂੰ ਜ਼ਿਆਦਾ ਮਾਤਰਾ ’ਚ ਸਮੱਗਰੀ, ਸੰਚਾਰ ਉਪਕਰਨ ਅਤੇ ਹੋਰ ਜ਼ਰੂਰੀ ਵਸਤਾਂ ਪਹੁੰਚਾਈਆਂ ਜਾ ਸਕਣਗੀਆਂ। ਇਸ ਤੋਂ ਪਹਿਲਾਂ ਮਜ਼ਦੂਰਾਂ ਤਕ ਆਕਸੀਜਨ, ਹਲਕੀ ਭੋਜਨ ਸਮੱਗਰੀ, ਮੇਵੇ, ਦਵਾਈਆਂ ਅਤੇ ਪਾਣੀ ਪਹੁੰਚਾਉਣ ਲਈ ਚਾਰ ਇੰਚ ਦੇ ਪਾਈਪ ਦਾ ਪ੍ਰਯੋਗ ਕੀਤਾ ਜਾ ਰਿਹਾ ਸੀ। ਦੂਜੀ ‘ਲਾਈਫ਼ ਲਾਈਨ’ ਕਹੀ ਜਾ ਰਹੀ ਇਸ ਪਾਈਪ ਜ਼ਰੀਏ ਹੁਣ ਮਜ਼ਦੂਰਾਂ ਤਕ ਰੋਟੀ ਅਤੇ ਸਬਜ਼ੀ ਵੀ ਭੇਜੀ ਜਾ ਸਕੇਗੀ।
ਬਚਾਅ ਕਾਰਜਾਂ ਬਾਰੇ ਰਾਸ਼ਟਰੀ ਰਾਜਮਾਰਗ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਿਟੇਡ (ਐੱਨ.ਐੱਚ.ਆਈ.ਡੀ.ਸੀ.ਐੱਲ.) ਦੇ ਨਿਰਦੇਸ਼ਕ ਅੰਸ਼ੂ ਮਨੀਸ਼ ਖਲਕੋ, ਉੱਤਰਕਾਸ਼ੀ ਦੇ ਜ਼ਿਲ੍ਹਾ ਮੈਜਿਸਟਰੇਟ ਅਭਿਸ਼ੇਕ ਰੁਹੇਲਾ ਅਤੇ ਸੁਰੰਗ ਦੇ ਅੰਦਰ ਚਲਾਏ ਬਚਾਅ ਕਾਰਜ ਦੇ ਇੰਚਾਰਜ ਕਰਨਲ ਦੀਪਕ ਪਾਟਿਲ ਨੇ ਸਾਂਝੇ ਤੌਰ ’ਤੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਜਾਰੀ ਬਚਾਅ ਮੁਹਿੰਮ ਦੀ ਅੱਜ ‘ਪਹਿਲੀ ਸਫਲਤਾ’ ਮਿਲੀ। ਉਨ੍ਹਾਂ ਕਿਹਾ, ‘‘ਅਸੀਂ ਮਲਬੇ ਦੇ ਦੂਜੇ ਪਾਸੇ 53 ਮੀਟਰ ਦੀ ਪਾਈਪ ਭੇਜ ਦਿਤੀ ਹੈ ਅਤੇ ਹੁਣ ਅਸੀਂ (ਅੰਦਰ ਫਸੇ) ਮਜ਼ਦੂਰਾਂ ਨੂੰ ਸੁਣ ਅਤੇ ਮਹਿਸੂਸ ਕਰ ਸਕਦੇ ਹਾਂ।’’
ਇਸ ਪਾਈਪ ਲਾਈਨ ਵਿਛਾਉਣ ਨਾਲ ਅੰਦਰ ਫਸੇ ਮਜ਼ਦੂਰਾਂ ਦੀ ਜਾਨ ਨੂੰ ਸੁਰੱਖਿਅਤ ਰੱਖਣ ਦਾ ਭਰੋਸਾ ਕਈ ਗੁਣਾ ਵਧ ਗਿਆ ਹੈ, ਜਿਸ ਕਾਰਨ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ-ਨਾਲ ਬਚਾਅ ਕਾਰਜਾਂ ’ਚ ਲੱਗੇ ਲੋਕਾਂ ’ਚ ਖੁਸ਼ੀ ਅਤੇ ਉਤਸ਼ਾਹ ਵੇਖਿਆ ਜਾ ਰਿਹਾ ਹੈ। 12 ਨਵੰਬਰ ਦੀ ਸਵੇਰ ਨੂੰ ਜ਼ਮੀਨ ਖਿਸਕਣ ਤੋਂ ਬਾਅਦ ਸੁਰੰਗ ਦੇ ਕੁਝ ਹਿੱਸੇ ਡਿੱਗਣ ਕਾਰਨ 41 ਮਜ਼ਦੂਰ ਮਲਬੇ ਦੇ ਵੱਡੇ ਢੇਰ ਦੇ ਪਿੱਛੇ ਫਸ ਗਏ ਹਨ, ਅਤੇ ਉਨ੍ਹਾਂ ਨੂੰ ਬਚਾਉਣ ਲਈ ਜੰਗੀ ਪੱਧਰ ’ਤੇ ਕੰਮ ਚੱਲ ਰਿਹਾ ਹੈ। ਸਿਲਕਿਆਰਾ ਸੁਰੰਗ, ਜ਼ਿਲ੍ਹਾ ਹੈੱਡਕੁਆਰਟਰ ਉੱਤਰਕਾਸ਼ੀ ਤੋਂ ਲਗਭਗ 30 ਕਿਲੋਮੀਟਰ ਅਤੇ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਤੋਂ ਸੱਤ ਘੰਟੇ ਦੀ ਦੂਰੀ ’ਤੇ ਕੇਂਦਰ ਸਰਕਾਰ ਦੇ ‘ਚਾਰ ਧਾਮ ਆਲ ਵੇਦਰ ਰੋਡ’ ਪ੍ਰਾਜੈਕਟ ਦਾ ਹਿੱਸਾ ਹੈ।
ਬਚਾਅ ਕਾਰਜਾਂ ’ਚ ਮਦਦ ਲਈ ਵਿਦੇਸ਼ੀ ਮਾਹਰ ਡਿਕਸ ਉਤਰਕਾਸ਼ੀ ਪੁੱਜੇ
ਉਧਰ ਸੁਰੰਗ ਹਾਦਸੇ ਦੇ ਨੌਵੇਂ ਦਿਨ ਕੇਂਦਰ ਸਰਕਾਰ ਵਲੋਂ ਬਚਾਅ ਕਾਰਜ ’ਚ ਸਹਿਯੋਗ ਦੇਣ ਦੀ ਅਪੀਲ ’ਤੇ ਕੌਮਾਂਤਰੀ ਪੱਧਰ ਦੇ ਸੁਰੰਗ ਮਾਹਰ ਅਰਨੋਲਡ ਡਿਕਸ ਵੀ ਸਿਲਕਿਆਰਾ ਪੁੱਜੇ ਅਤੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਨਾਲ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ। ‘ਇੰਟਰਨੈਸ਼ਨਲ ਟਨਲਿੰਗ ਐਂਡ ਅੰਡਰਗਰਾਊਂਡ ਸਪੇਸ ਐਸੋਸੀਏਸ਼ਨ’ ਦੇ ਪ੍ਰਧਾਨ ਡਿਕਸ ਨੇ ਉਮੀਦ ਪ੍ਰਗਟਾਈ ਕਿ ਸੁਰੰਗ ’ਚ ਫਸੇ ਮਜ਼ਦੂਰਾਂ ਨੂੰ ਸੁਰੱਖਿਅਤ ਕੱਢ ਲਿਆ ਜਾਵੇਗਾ। ਉਨ੍ਹਾਂ ਨੇ ਹੁਣ ਤਕ ਕੀਤੇ ਬਚਾਅ ਕਾਰਜਾਂ ’ਤੇ ਵੀ ਤਸੱਲੀ ਪ੍ਰਗਟਾਈ ਅਤੇ ਕਿਹਾ ਕਿ ‘ਬਹੁਤ ਸਾਰਾ ਕੰਮ ਕੀਤਾ ਗਿਆ ਹੈ।’
ਡਿਕਸ ਨੇ ਕਿਹਾ, ‘‘ਮੈਂ ਹੁਣੇ ਹੀ ਸੁਰੰਗ ਦਾ ਮੁਆਇਨਾ ਕੀਤਾ ਹੈ ਜਿੱਥੇ ਬਹੁਤ ਸਾਰੀ ਤਿਆਰੀ ਦਾ ਕੰਮ ਕੀਤਾ ਗਿਆ ਹੈ। ਅਸੀਂ ਹੁਣ ਪਹਾੜ ਉੱਤੇ ਆ ਰਹੇ ਹਾਂ ਜਿੱਥੇ ਅਸੀਂ ਹੋਰ ਬਦਲਾਂ ’ਤੇ ਵੀ ਵਿਚਾਰ ਕਰਾਂਗੇ।’’ ਉਨ੍ਹਾਂ ਕਿਹਾ, ‘‘ਮੈਂ ਕੱਲ੍ਹ ਇੱਥੇ ਆਇਆ ਸੀ ਪਰ ਮੈਂ ਕੱਲ੍ਹ ਅਤੇ ਅੱਜ ਦੇ ਵਿਚਕਾਰ ਜੋ ਕੰਮ ਵੇਖਿਆ ਹੈ ਉਹ ਅਸਾਧਾਰਣ ਹੈ…ਅੱਜ ਦੀ ਯੋਜਨਾ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਸਭ ਤੋਂ ਵਧੀਆ ਹੱਲ ਲੱਭਣ ਦੀ ਹੈ।’’ ਡਿਕਸ ਨੇ ਹਾਲਾਂਕਿ ਕੋਈ ਸਮਾਂ-ਸੀਮਾ ਨਹੀਂ ਦੱਸੀ ਕਿ ਬਚਾਅ ਕਾਰਜ ਕਿੰਨਾ ਸਮਾਂ ਚੱਲੇਗਾ। ਉਨ੍ਹਾਂ ਕਿਹਾ, ‘‘ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਕੋਈ ਸੁਰੱਖਿਅਤ ਹੈ, ਉਹ ਜ਼ਿੰਦਾ ਬਾਹਰ ਆ ਜਾਣ ਅਤੇ ਬਚਾਅ ਕਰਮਚਾਰੀ ਵੀ ਸੁਰੱਖਿਅਤ ਹਨ... ਹਰ ਕੋਈ ਇਸ ਗੱਲ ਨਾਲ ਸਹਿਮਤ ਹੋਵੇਗਾ ਕਿ ਅਸੀਂ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਸਕੀਏ ਅਤੇ ਬਚਾਅ ਕਾਰਜ ਸੁਰਖਿਅਤ ਰਖ ਸਕੀਏ। ਭਾਵੇਂ ਇਸ ’ਚ ਸਮਾਂ ਜਿੰਨਾ ਮਰਜ਼ੀ ਲੱਗੇ।’’
ਪ੍ਰਧਾਨ ਮੰਤਰੀ ਮੋਦੀ ਨੇ ਬਚਾਅ ਕਾਰਜਾਂ ਬਾਰੇ ਉੱਤਰਾਖੰਡ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ
ਇਸ ਦੌਰਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਫੋਨ ’ਤੇ ਗੱਲ ਕੀਤੀ ਅਤੇ ਇਕ ਹਫਤੇ ਤੋਂ ਵੱਧ ਸਮੇਂ ਤੋਂ ਸਿਲਕਿਆਰਾ ਸੁਰੰਗ ਵਿਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਜਾਰੀ ਬਚਾਅ ਮੁਹਿੰਮ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਅਤੇ ਕੇਂਦਰੀ ਅਤੇ ਸੂਬਾਈ ਏਜੰਸੀਆਂ ਦੇ ਆਪਸੀ ਤਾਲਮੇਲ ਰਾਹੀਂ ਲੋੜੀਂਦੇ ਬਚਾਅ ਉਪਕਰਨ ਅਤੇ ਸਾਧਨ ਉਪਲਬਧ ਕਰਵਾਏ ਜਾ ਰਹੇ ਹਨ ਅਤੇ ਆਸ ਪ੍ਰਗਟਾਈ ਕਿ ਫਸੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ। ਉੱਤਰਾਖੰਡ ਦੇ ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਫਸੇ ਮਜ਼ਦੂਰਾਂ ਦਾ ਮਨੋਬਲ ਬਣਾਈ ਰਖਣਾ ਜ਼ਰੂਰੀ ਹੈ। ਇਹ ਤੀਜੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਨੇ ਧਾਮੀ ਨਾਲ ਸੁਰੰਗ ਵਿਚ ਫਸੇ ਮਜ਼ਦੂਰਾਂ ਦੇ ਬਚਾਅ ਕਾਰਜਾਂ ਬਾਰੇ ਗੱਲ ਕੀਤੀ।
(For more news apart from Uttarkashi Tunnel Collapse Updates, stay tuned to Rozana Spokesman)