
ਅਦਾਲਤ ਨੇ ਕੀਤੀ ਉਮਰ ਕੈਦ ਤੇ 25 ਲੱਖ ਜੁਰਮਾਨਾ
ਨਵੀਂ ਦਿੱਲੀ : ਦੇਸ਼ ਅੰਦਰ ਉਪਰ-ਥੱਲੇ ਵਾਪਰੀਆਂ ਬਲਾਤਕਾਰ ਦੀਆਂ ਘਟਨਾਵਾਂ ਤੋਂ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਨਿਰਭਿਆ ਕਾਂਡ ਨੂੰ 7 ਸਾਲ ਦਾ ਸਮਾਂ ਬੀਤ ਚੁੱਕਾ ਹੈ। ਨਿਰਭਿਆ ਦੇ ਦੋਸ਼ੀਆਂ ਨੂੰ ਜਲਦੀ ਫਾਹੇ ਟੰਗਣ ਦੀ ਮੰਗ ਪੂਰੇ ਜ਼ੋਰ ਸ਼ੋਰ ਨਾਲ ਉਠਾਈ ਜਾ ਰਹੀ ਹੈ। ਲੋਕਾਂ ਅੰਦਰ ਬਲਾਤਕਾਰੀਆਂ ਵਿਰੁਧ ਗੁੱਸਾ ਅਪਣੀ ਚਰਮ ਸੀਮਾ 'ਤੇ ਹੈ। ਇਸੇ ਦੌਰਾਨ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਦਾ ਅਦਾਲਤੀ ਫ਼ੈਸਲਾ ਆਇਆ ਹੈ ਜਿਸ ਨੇ ਬਲਾਤਕਾਰੀਆਂ ਵਿਰੁਧ ਛੇਤੀ ਕਾਰਵਾਈ ਦੀ ਉਮੀਦ ਵੀ ਜਗਾਈ ਹੈ।
Photo
ਉਤਰ ਪ੍ਰਦੇਸ਼ ਦੇ ਬਹੁਚਰਚਿਤ ਉਨਾਵ ਬਲਾਤਕਾਰ ਮਾਮਲੇ ਦੇ ਦੋਸ਼ੀ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ 25 ਲੱਖ ਦਾ ਜੁਰਮਾਨਾ ਵੀ ਠੋਕਿਆ ਹੈ। ਸਜ਼ਾ ਤੋਂ ਬਾਅਦ ਦੋਸ਼ੀ ਨੂੰ ਉਮਰ ਭਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਪਵੇਗਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੁਲਦੀਪ ਦੀ ਸਜ਼ਾ ਬਾਰੇ ਅਦਾਲਤ ਵਿਚ ਬਹਿਸ਼ ਹੋਈ ਸੀ। ਸੋਮਵਾਰ ਨੂੰ ਅਦਾਲਤ ਨੇ ਦੋਸ਼ੀ ਨੂੰ ਇਕ ਨਾਬਾਲਿਗ਼ ਕੁੜੀ ਨਾਲ ਬਲਾਤਕਾਰ ਕਰਨ ਅਤੇ ਅਗਵਾ ਕਰਨ ਦੀ ਦੋਸ਼ੀ ਕਰਾਰ ਦਿਤਾ ਸੀ।
Photo
ਕਾਬਲੇਗੌਰ ਹੈ ਕਿ ਸਾਲ 2017 ਵਿਚ ਕੁਲਦੀਪ ਤੇ ਉਸ ਦੇ ਕਰਮਚਾਰੀਆਂ ਨੇ ਉਨਾਵ ਵਿਚ ਨਾਬਾਲਿਗ਼ ਲੜਕੀ ਨੂੰ ਅਗ਼ਵਾ ਕਰ ਕੇ ਬਲਾਤਕਾਰ ਕੀਤਾ ਸੀ। ਜੁਲਾਈ 2019 ਵਿਚ ਪੀੜਤ ਦੀ ਕਾਰ ਟਰੱਕ ਨਾਲ ਟਕਰਾ ਗਈ ਸੀ। ਇਸ ਹਾਦਸੇ ਵਿਚ ਪੀੜਤਾ ਦੀ ਚਾਚੀ ਤੇ ਮਾਸੀ ਦੀ ਮੌਤ ਹੋ ਗਈ ਸੀ। ਪੀੜਤ ਲੜਕੀ ਅਤੇ ਉਸ ਦਾ ਵਕੀਲ ਉਦੋਂ ਤੋਂ ਹੀ ਦਿੱਲੀ ਏਮਜ਼ ਵਿਚ ਦਾਖ਼ਲ ਹਨ। ਸੇਂਗਰ 'ਤੇ ਇਸ ਹਾਦਸੇ ਦਾ ਵੀ ਦੋਸ਼ ਲੱਗਿਆ ਸੀ ਪਰ ਜਾਂਚ ਦੌਰਾਨ ਉਸ ਨੂੰ ਕਲੀਨ ਚਿੱਟ ਮਿਲ ਗਈ ਸੀ।
Photo
ਮੰਗਲਵਾਰ ਨੂੰ ਸੁਣਾਈ ਜਾਣ ਵਾਲੀ ਸਜ਼ਾ 'ਤੇ ਬਹਿਸ਼ ਦੌਰਾਨ ਸੀਬੀਆਈ ਨੇ ਦੋਸ਼ੀ ਵਿਧਾਇਕ ਨੂੰ ਵੱਧ ਤੋਂ ਵੱਧ ਸਜ਼ਾ ਤੇ ਪੀੜਤ ਨੂੰ ਢੁਕਵੇਂ ਮੁਆਵਜ਼ੇ ਦੀ ਮੰਗ ਕੀਤੀ ਸੀ। ਉਸ ਸਮੇਂ ਸੇਂਗਰ ਦੇ ਵਕੀਲਾਂ ਨੇ ਅਦਾਲਤ ਨੂੰ ਘੱਟੋ ਘੱਟ ਸਜ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਸੀ ਕਿ ਸੇਂਗਰ ਦੀਆਂ ਦੋ ਨਾਬਾਲਿਗ਼ ਧੀਆਂ ਹਨ ਅਤੇ ਇਸ ਤੋਂ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਹੈ। ਇਸ ਲਈ ਸਜ਼ਾ ਦੇਣ ਸਮੇਂ ਇਨ੍ਹਾਂ ਗੱਲਾਂ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।