
ਅੱਧ ਜਨਵਰੀ ਤਕ ਪਿਆਜ ਕੀਮਤਾਂ 20 ਤੋਂ 25 ਰੁਪਏ ਤਕ ਹੋਣ ਦੇ ਅਸਾਰ
ਨਵੀਂ ਦਿੱਲੀ : ਪਿਆਜ਼ ਦੀਆਂ ਕੀਮਤਾਂ ਨੇ ਹਰ ਘਰ ਦੀ ਰਸੋਈ ਦਾ ਬਜਟ ਵਿਗਾੜਿਆ ਪਿਆ ਹੈ। ਪਿਆਜ਼ ਦੀਆਂ ਵਧੀਆ ਕੀਮਤਾਂ ਕਾਰਨ ਜਿੱਥੇ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੋਟਲ ਅਤੇ ਢਾਬਾ ਚਲਾਉਣ ਵਾਲੇ ਛੋਟੇ ਕਾਰੋਬਾਰੀ ਵੀ ਡਾਢੇ ਪ੍ਰੇਸ਼ਾਨ ਹਨ। ਪੋਲਟਰੀ ਫਾਰਮਿੰਗ ਵਾਲਿਆਂ ਨੂੰ ਵੀ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪਿਆਜ਼ ਦੀ ਕਿੱਲਤ ਦਾ ਉਨ੍ਹਾਂ ਦੇ ਕਾਰੋਬਾਰ 'ਤੇ ਵੀ ਅਸਰ ਪਿਆ ਹੈ। ਪੋਲਟਰੀ ਦੇ ਕਿੱਤੇ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਗ੍ਰਾਹਕਾਂ ਨੂੰ ਸਮਝ ਨਹੀਂ ਰਿਹਾ ਕਿ ਉਹ ਚਿਕਨ ਨੂੰ ਪਿਆਜ਼ ਵਿਚ ਪਾਉਣ ਜਾਂ ਪਿਆਜ਼ ਨੂੰ ਚਿਕਨ ਵਿਚ। ਕਿਉਂਕਿ ਪਿਆਜ਼ ਅਤੇ ਚਿਕਨ ਦੀ ਕੀਮਤ ਇਸ ਸਮੇਂ ਤਕਰੀਬਨ ਨੇੜੇ-ਤੇੜੇ ਹੀ ਚੱਲ ਰਹੀ ਹੈ। ਨਾਗਰਿਕਤਾ ਸੋਧ ਕਾਨੂੰਨ ਦੇ ਪ੍ਰਦਰਸ਼ਨਾਂ ਤੋਂ ਪਹਿਲਾਂ ਪਿਆਜ਼ ਦੀਆਂ ਕੀਮਤਾਂ ਸਬੰਧੀ ਪ੍ਰਦਰਸ਼ਨ ਦਾ ਸਿਲਸਿਲਾ ਵੀ ਜ਼ੋਰ ਫੜਦਾ ਜਾ ਰਿਹਾ ਸੀ। ਪਰ ਫਿਲਹਾਲ ਇਸ ਮਸਲੇ ਦੇ ਉਭਰਨ ਬਾਅਦ ਪਿਆਜ਼ ਦੀਆਂ ਕੀਮਤਾਂ ਦਾ ਰੌਲਾ ਭਾਵੇਂ ਘੱਟ ਗਿਆ ਹੈ ਪਰ ਅੰਦਰੋਂ ਅੰਦਰ ਲੋਕ ਡਾਢੇ ਪ੍ਰੇਸ਼ਾਨ ਚੱਲ ਰਹੇ ਹਨ।
file photo
ਮਿਲ ਰਹੀਆਂ ਖ਼ਬਰਾਂ ਅਨੁਸਾਰ ਹੁਣ ਸਰਕਾਰ ਨੇ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਦਾ ਮੰਨ ਬਣਾ ਲਿਆ ਹੈ। ਅੰਦਰ ਦੀਆਂ ਕਨਸੋਆਂ ਮੁਤਾਬਕ ਸਰਕਾਰੀ ਕੰਪਨੀ ਐਮਐਮਟੀਸੀ ਨੇ ਪਿਆਜ਼ ਦੀ ਉਪਲੱਬਧਾ ਵਧਾਉਣ ਤੇ ਕੀਮਤਾਂ ਘਟਾਉਣ ਦੇ ਉਪਰਾਲੇ ਤਹਿਤ ਤੁਰਕੀ ਤੋਂ 12,500 ਟਨ ਹੋਰ ਪਿਆਜ਼ ਮੰਗਵਾਉਣ ਦਾ ਸਮਝੌਤਾ ਕੀਤਾ ਹੈ। ਅੰਦਾਜ਼ੇ ਅਨੁਸਾਰ ਅਗਲੇ ਹਫ਼ਤੇ ਤਕ ਪਿਆਜ਼ ਦੀਆਂ ਕੀਮਤਾਂ ਘੱਟ ਕੇ 80 ਰੁਪਏ ਪ੍ਰਤੀ ਕਿਲੋ ਤਕ ਥੱਲੇ ਆ ਸਕਦੀਆਂ ਹਨ। ਉੱਥੇ ਹੀ ਆਉਂਦੇ ਸਾਲ 2020 ਦੇ ਜਨਵਰੀ ਮਹੀਨੇ ਦੇ ਅੱਧ ਤਕ ਮਹਾਰਾਸ਼ਟਰ ਵਿਖੇ ਸਥਿਤ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਲਾਸਲਗਾਵ 'ਚ ਪਿਆਜ਼ ਦੀਆਂ ਥੋਕ ਕੀਮਤਾਂ 20 ਤੋਂ 25 ਰੁਪਏ ਪ੍ਰਤੀ ਕਿਲੋ ਤਕ ਹੋਣ ਦੀ ਉਮੀਦ ਹੈ।
file photo
ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਹੋ ਰਹੇ ਪ੍ਰਦਰਸ਼ਨਾਂ ਕਾਰਨ ਪਿਆਜ਼ ਦੀ ਆਮਦ ਵਿਚ ਕਮੀ ਆਈ ਹੈ। ਇਸ ਕਾਰਨ ਫ਼ਿਲਹਾਲ ਕੀਮਤਾਂ 'ਚ ਤੇਜ਼ੀ ਦਾ ਰੁਝਾਨ ਬਣਿਆ ਹੈ। ਕਾਬਲੇਗੌਰ ਹੈ ਕਿ ਦਿੱਲੀ ਸਮੇਤ ਐਨਸੀਆਰ 'ਚ ਬੀਤੇ ਹਫ਼ਤੇ ਦੌਰਾਨ ਪਿਆਜ਼ ਦੀ ਕੀਮਤ 150 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਈ ਸੀ। ਜਦਕਿ ਇਸ ਸਮੇਂ ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤਕ ਚੱਲ ਰਹੀ ਹੈ।
file photo
ਪਿਆਜ਼ ਸਸਤਾ ਹੋਣ ਦੇ ਕਾਰਨ : ਐਮਐਮਟੀਸੀ ਨੂੰ ਉਪਭੋਗਤਾ ਮਾਮਲਿਆਂ ਦੇ ਵਿਭਾਗ ਦੇ ਮੁੱਲ ਸਥਿਰਤਾ ਪ੍ਰਬੰਧਨ ਕਮੇਟੀ (ਪੀਐਸਐਫਐਮਸੀ) ਨੇ ਪਿਆਜ਼ ਨਿਰਯਾਤ ਕਰਨ ਲਈ ਕਿਹਾ ਹੈ। ਕਮੇਟੀ ਮੁਤਾਬਕ ਇਹ ਪਿਆਜ਼ ਜਨਵਰੀ ਦੇ ਅੱਧ ਤਕ ਪਹੁੰਚਣਾ ਸ਼ੁਰੂ ਹੋ ਜਾਵੇਗਾ।