Mimicry Row: ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਸੱਤਾਧਾਰੀ ਧਿਰ ਨੇ ‘ਉਪਰਾਸ਼ਟਰਪਤੀ ਦੇ ਅਪਮਾਨ’ ’ਤੇ ਨਾਰਾਜ਼ਗੀ ਪ੍ਰਗਟਾਈ
Published : Dec 20, 2023, 3:59 pm IST
Updated : Dec 20, 2023, 3:59 pm IST
SHARE ARTICLE
PM Modi calls up Rajya Sabha Chairman Jagdeep Dhankar
PM Modi calls up Rajya Sabha Chairman Jagdeep Dhankar

ਪ੍ਰਧਾਨ ਮੰਤਰੀ ਮੋਦੀ ਨੇ ਉਪ ਰਾਸ਼ਟਰਪਤੀ ਨੂੰ ਫ਼ੋਨ ਕੀਤਾ, ਕੁਝ ਸੰਸਦ ਮੈਂਬਰਾਂ ਦੇ ‘ਅਸ਼ੋਭਨੀਕ ਵਤੀਰੇ’ ’ਤੇ ਦੁੱਖ ਪ੍ਰਗਟਾਇਆ

Mimicry Row : ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਸਮੇਤ ਸੱਤਾਧਾਰੀ ਧਰਿ ਨੇ ਵਿਰੋਧੀ ਧਿਰ ਦੇ ਕੁੱਝ ਸੰਸਦ ਮੈਂਬਰਾਂ ਵਲੋਂ ਸੰਸਦ ਭਵਨ ’ਚ ‘ਉਪ ਰਾਸ਼ਟਰਪਤੀ  ਦੇ ਅਪਮਾਨ’ ’ਤੇ ਦੁੱਖ ਪ੍ਰਗਟਾਇਆ ਹੈ।

ਦੂਜੇ ਪਾਸੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਵਿਰੁਧ ਸੰਸਦ ਭਵਨ ’ਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਨਕਲ ਕਰਨ ਦੇ ਦੋਸ਼ ’ਚ ਇਕ ਵਕੀਲ ਅਭਿਸ਼ੇਕ ਗੌਤਮ ਨੇ ਮੰਗਲਵਾਰ ਸ਼ਾਮ ਨੂੰ ਡਿਫੈਂਸ ਕਲੋਨੀ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ, ‘‘ਅਸੀਂ ਸ਼ਿਕਾਇਤ ਨੂੰ ਨਵੀਂ ਦਿੱਲੀ ਜ਼ਿਲ੍ਹਾ ਪੁਲਿਸ ਕੋਲ ਭੇਜ ਦਿਤਾ ਹੈ।’’ ਗੌਤਮ ਨੇ ਅਪਣੀ ਸ਼ਿਕਾਇਤ ’ਚ ਕਿਹਾ ਕਿ ਇਹ ਵੀਡੀਉ ਭਾਰਤ ਦੇ ਉਪ ਰਾਸ਼ਟਰਪਤੀ ਦਾ ਉਨ੍ਹਾਂ ਦੀ ਜਾਤ ਦੇ ਨਾਲ-ਨਾਲ ਇਕ ਕਿਸਾਨ ਅਤੇ ਵਕੀਲ ਦੇ ਤੌਰ ’ਤੇ ਉਨ੍ਹਾਂ ਦੇ ਪਿਛੋਕੜ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਬਣਾਇਆ ਗਿਆ ਸੀ। ਉਨ੍ਹਾਂ ਮੰਗ ਕੀਤੀ ਕਿ ਟੀ.ਐਮ.ਸੀ. ਸੰਸਦ ਮੈਂਬਰ ਅਤੇ ਵੀਡੀਉ ’ਚ ਦਿਸ ਰਹੇ ਹੋਰਾਂ ਵਿਰੁਧ ਐਫ.ਆਈ.ਆਰ. ਦਰਜ ਕੀਤੀ ਜਾਵੇ।

ਇਸ ਘਟਨਾ ’ਤੇ ਰਾਸ਼ਟਰਪਤੀ ਮੁਰਮੂ ਨੇ ਬੁਧਵਾਰ ਨੂੰ ਕਿਹਾ ਕਿ ਸੰਸਦ ਭਵਨ ’ਚ ਉਪ ਰਾਸ਼ਟਰਪਤੀ ਨੂੰ ਜਿਸ ਤਰ੍ਹਾਂ ਅਪਮਾਨਿਤ ਕੀਤਾ ਗਿਆ, ਉਸ ਤੋਂ ਉਹ ਬਹੁਤ ਪ੍ਰੇਸ਼ਾਨ ਹਨ। ਰਾਸ਼ਟਰਪਤੀ ਨੇ ਕਿਹਾ ਕਿ ਚੁਣੇ ਹੋਏ ਨੁਮਾਇੰਦੇ ਅਪਣੇ ਵਿਚਾਰ ਪ੍ਰਗਟ ਕਰਨ ਲਈ ਆਜ਼ਾਦ ਹਨ ਪਰ ਉਨ੍ਹਾਂ ਦਾ ਪ੍ਰਗਟਾਵਾ ਸ਼ਿਸ਼ਟਾਚਾਰ ਅਤੇ ਮਰਿਆਦਾ ਦੇ ਘੇਰੇ ਅੰਦਰ ਰਹਿਣਾ ਚਾਹੀਦਾ ਹੈ।

ਰਾਸ਼ਟਰਪਤੀ ਦਾ ਇਹ ਬਿਆਨ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਵਲੋਂ ਸੰਸਦ ਮੈਂਬਰਾਂ ਦੀ ਮੁਅੱਤਲੀ ਦੇ ਵਿਰੋਧ ’ਚ ਮੰਗਲਵਾਰ ਨੂੰ ਸੰਸਦ ਦੀਆਂ ਪੌੜੀਆਂ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਧਨਖੜ ਦੀ ਨਕਲ ਕਰਨ ਤੋਂ ਇਕ ਦਿਨ ਬਾਅਦ ਆਇਆ ਹੈ। ਮੁਰਮੂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਜਿਸ ਤਰ੍ਹਾਂ ਸਾਡੇ ਮਾਣਯੋਗ ਉਪ ਰਾਸ਼ਟਰਪਤੀ ਨੂੰ ਸੰਸਦ ਭਵਨ ’ਚ ਅਪਮਾਨਿਤ ਕੀਤਾ ਗਿਆ, ਉਸ ਤੋਂ ਮੈਂ ਬਹੁਤ ਦੁਖੀ ਹਾਂ। ਚੁਣੇ ਹੋਏ ਨੁਮਾਇੰਦੇ ਅਪਣੇ ਵਿਚਾਰ ਪ੍ਰਗਟ ਕਰਨ ਲਈ ਆਜ਼ਾਦ ਹਨ ਪਰ ਉਨ੍ਹਾਂ ਦੇ ਪ੍ਰਗਟਾਵੇ ਸ਼ਿਸ਼ਟਾਚਾਰ ਅਤੇ ਮਰਿਆਦਾ ਦੇ ਘੇਰੇ ਅੰਦਰ ਹੋਣੇ ਚਾਹੀਦੇ ਹਨ। ਸਾਡੇ ਕੋਲ ਸੰਸਦੀ ਪਰੰਪਰਾਵਾਂ ਹਨ ਜਿਨ੍ਹਾਂ ’ਤੇ ਸਾਨੂੰ ਮਾਣ ਹੈ ਅਤੇ ਭਾਰਤ ਦੇ ਲੋਕ ਉਨ੍ਹਾਂ ਨੂੰ ਕਾਇਮ ਰੱਖਣ ਦੀ ਉਮੀਦ ਕਰਦੇ ਹਨ।’’

ਰਾਸ਼ਟਰਪਤੀ ਦੇ ਇਸ ਪੋਸਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਜ ਸਭਾ ਦੇ ਚੇਅਰਮੈਨ ਧਨਖੜ ਨੇ ਕਿਹਾ ਕਿ ਉਹ ਅਪਣੀ ਆਖਰੀ ਸਾਹ ਤਕ ਸੰਵਿਧਾਨਕ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਵਚਨਬੱਧ ਹਨ ਅਤੇ ਕੋਈ ਵੀ ਅਪਮਾਨ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਨਹੀਂ ਰੋਕ ਸਕਦਾ। ਉਪ ਰਾਸ਼ਟਰਪਤੀ ਨੇ ਮੁਰਮੂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਇਹ ਯਾਦ ਦਿਵਾਉਣ ਲਈ ਵੀ ਕਿਹਾ ਕਿ ਬੁਨਿਆਦੀ ਸ਼ਿਸ਼ਟਾਚਾਰ ਬਣਾਈ ਰੱਖਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਫ਼ੋਨ ਕੀਤਾ ਅਤੇ ਸੰਸਦ ਭਵਨ ਅੰਦਰ ਕੁਝ ਸੰਸਦ ਮੈਂਬਰਾਂ ਵਲੋਂ ‘ਅਸ਼ੋਭਨੀਕ ਵਤੀਰਾ’ ਕਰਦਿਆਂ ਉਨ੍ਹਾਂ ਦਾ ਮਜ਼ਾਕ ਉਡਾਏ ਜਾਣ ’ਤੇ ਡੂੰਘੀ ਦੁੱਖ ਪ੍ਰਗਟ ਕੀਤਾ। ਧਨਖੜ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਇਕ ਪੋਸਟ ’ਚ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਫੋਨ ਆਇਆ ਹੈ, ਜਿਸ ’ਚ ਸੰਸਦ ਦੇ ਪਵਿੱਤਰ ਕੰਪਲੈਕਸ ’ਚ ਕੁਝ ਮਾਣਯੋਗ ਸੰਸਦ ਮੈਂਬਰਾਂ ਵਲੋਂ ਵਿਖਾਏ ਗਏ ਘਿਨਾਉਣੇ ਨਾਟਕ ’ਤੇ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ। ਪੋਸਟ ਮੁਤਾਬਕ ਪ੍ਰਧਾਨ ਮੰਤਰੀ ਨੇ ਧਨਖੜ ਨੂੰ ਕਿਹਾ ਕਿ ਉਹ ਖੁਦ ਪਿਛਲੇ 20 ਸਾਲਾਂ ਤੋਂ ਇਸ ਤਰ੍ਹਾਂ ਦੇ ਅਪਮਾਨ ਦਾ ਸਾਹਮਣਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ‘‘ਪਰ ਦੇਸ਼ ਦੇ ਉਪ ਰਾਸ਼ਟਰਪਤੀ ਵਰਗੇ ਸੰਵਿਧਾਨਕ ਅਹੁਦੇ ਦੇ ਨਾਲ ਅਤੇ ਉਹ ਵੀ ਸੰਸਦ ਵਿਚ... ਅਜਿਹਾ ਹੋਣਾ ਮੰਦਭਾਗੀ ਗੱਲ ਹੈ।’’

ਧਨਖੜ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਕੁਝ ਲੋਕਾਂ ਦੀਆਂ ‘ਬੇਤੁਕੀਆਂ ਹਰਕਤਾਂ’ ਉਨ੍ਹਾਂ ਨੂੰ ਅਪਣਾ ਫਰਜ਼ ਨਿਭਾਉਣ ਅਤੇ ਸੰਵਿਧਾਨ ’ਚ ਦਰਜ ਸਿਧਾਂਤਾਂ ਦਾ ਸਨਮਾਨ ਕਰਨ ਤੋਂ ਨਹੀਂ ਰੋਕ ਸਕਦੀਆਂ। ਉਨ੍ਹਾਂ ਕਿਹਾ, ‘‘ਮੈਂ ਸੰਵਿਧਾਨਕ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧ ਹਾਂ ਅਤੇ ਇਸ ਤਰ੍ਹਾਂ ਦਾ ਅਪਮਾਨ ਮੈਨੂੰ ਅਪਣੇ ਰਸਤੇ ਤੋਂ ਨਹੀਂ ਰੋਕ ਸਕਦਾ।’’

ਇਸ ਤੋਂ ਇਲਾਵਾ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਧਨਖੜ ਨਾਲ ਅਪਣੀ ਮੁਲਾਕਾਤ ਦਾ ਵੀਡੀਉ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤਾ ਅਤੇ ਲਿਖਿਆ, ‘‘ਸੰਸਦ ਭਵਨ ’ਚ ਕੁਝ ਮਾਣਯੋਗ ਸੰਸਦ ਮੈਂਬਰਾਂ ਵਲੋਂ ਉਪ ਰਾਸ਼ਟਰਪਤੀ ਦੇ ਸੰਵਿਧਾਨਕ ਅਹੁਦੇ ਦਾ ਅਪਮਾਨ ਅਤੇ ਮਜ਼ਾਕ ਉਡਾਉਣ ’ਤੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਪ੍ਰਤੀ ਡੂੰਘੀ ਚਿੰਤਾ ਅਤੇ ਗੁੱਸਾ ਜ਼ਾਹਰ ਕੀਤਾ।’’ ਉਨ੍ਹਾਂ ਕਿਹਾ ਕਿ ਇਹ ਹੈਰਾਨਕਰਨ ਵਾਲੀ ਗੱਲ ਹੈ ਕਿ ਇਕ ਸੰਸਦ ਮੈਂਬਰ ਨੇ ਵੀਡੀਉਗ੍ਰਾਫੀ ਰਾਹੀਂ ਇਸ ਨਿੰਦਣਯੋਗ ਕਾਰਵਾਈ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ, ‘‘ਇਹ ਗਿਰਾਵਟ ਦਾ ਇਕ ਨਵਾਂ ਪੱਧਰ ਹੈ ਅਤੇ ਲੋਕਤੰਤਰ ’ਚ ਵਿਸ਼ਵਾਸ ਕਰਨ ਵਾਲਾ ਕੋਈ ਵੀ ਵਿਅਕਤੀ ਕਦੇ ਵੀ ਇਸ ਦੀ ਕਦਰ ਨਹੀਂ ਕਰ ਸਕਦਾ।’’

ਜ਼ਿਕਰਯੋਗ ਹੈ ਕਿ ਸੰਸਦ ’ਚ ਸੁਰੱਖਿਆ ਦੀ ਉਲੰਘਣਾ ਦੀ ਘਟਨਾ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ਨੂੰ ਲੈ ਕੇ ਹੰਗਾਮਾ ਕਰਨ ਵਾਲੇ ਵਿਰੋਧੀ ਧਿਰ ਦੇ 90 ਤੋਂ ਵੱਧ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਦੇ ਵਿਰੋਧ ’ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਸੰਸਦ ਕੰਪਲੈਕਸ ’ਚ ਪ੍ਰਦਰਸ਼ਨ ਕੀਤਾ ਅਤੇ ਸੰਸਦ ਕੰਪਲੈਕਸ ’ਚ ‘ਮੌਕ ਕਾਰਵਾਈ’ ਕਰਵਾਈ। ਮੁਅੱਤਲ ਸੰਸਦ ਮੈਂਬਰਾਂ ਨੇ ਨਵੇਂ ਸੰਸਦ ਭਵਨ ਦੇ ਮਕਰ ਗੇਟ ’ਤੇ ਧਰਨਾ ਦਿਤਾ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਲੋਕ ਸਭਾ ਮੈਂਬਰ ਕਲਿਆਣ ਬੈਨਰਜੀ ਨੇ ਰਾਜ ਸਭਾ ਦੇ ਚੇਅਰਮੈਨ ਅਤੇ ਲੋਕ ਸਭਾ ਦੇ ਸਪੀਕਰ ਵਲੋਂ ਸਦਨਾਂ ਦੀ ਕਾਰਵਾਈ ਦੇ ਸੰਚਾਲਨ ਦੀ ਨਕਲ ਕੀਤੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਬੈਨਰਜੀ ਦੇ ਮੋਬਾਈਲ ਫੋਨ ’ਤੇ ਵੀਡੀਉ ਬਣਾਉਂਦੇ ਹੋਏ ਵੇਖਿਆ ਗਿਆ।

ਰਾਜ ਸਭਾ ਦੇ ਚੇਅਰਮੈਨ ਧਨਖੜ ਨੇ ਮੰਗਲਵਾਰ ਨੂੰ ਉਪ ਰਾਸ਼ਟਰਪਤੀ ਅਤੇ ਲੋਕ ਸਭਾ ਸਪੀਕਰ ਦੀ ਨਕਲ ਦੀ ਘਟਨਾ ’ਤੇ ਸਖ਼ਤ ਇਤਰਾਜ਼ ਜਤਾਇਆ ਸੀ ਅਤੇ ਇਸ ਨੂੰ ‘ਅਸਵੀਕਾਰਯੋਗ’ ਕਰਾਰ ਦਿਤਾ ਸੀ। ਧਨਖੜ ਨੇ ਕਿਹਾ ਸੀ ਕਿ ਇਹ ਸਿਰਫ ਇਕ ਕਿਸਾਨ ਅਤੇ ਇਕ ਭਾਈਚਾਰੇ (ਜਾਟ) ਦਾ ਅਪਮਾਨ ਨਹੀਂ ਹੈ, ਇਹ ਰਾਜ ਸਭਾ ਦੇ ਚੇਅਰਮੈਨ ਦੇ ਅਹੁਦੇ ਦਾ ਅਪਮਾਨ ਹੈ ਅਤੇ ਉਹ ਵੀ ਇਕ ਅਜਿਹੀ ਸਿਆਸੀ ਪਾਰਟੀ ਦੇ ਮੈਂਬਰ ਵਲੋਂ ਜਿਸ ਨੇ ਇੰਨੇ ਲੰਮੇ ਸਮੇਂ ਤਕ ਦੇਸ਼ ’ਤੇ ਰਾਜ ਕੀਤਾ ਹੈ।

ਪਿਛਲੇ ਕੁਝ ਦਿਨਾਂ ’ਚ ਸਦਨ ’ਚ ਨਾਅਰੇਬਾਜ਼ੀ ਕਰਨ ਅਤੇ ਤਖ਼ਤੀਆਂ ਲਹਿਰਾਉਣ ਲਈ 141 ਸੰਸਦ ਮੈਂਬਰਾਂ ਨੂੰ ਲੋਕ ਸਭਾ ਅਤੇ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਸਦਨ ਦੀ ਕਾਰਵਾਈ ’ਚ ਰੁਕਾਵਟ ਪਾਉਣ ਦੇ ਦੋਸ਼ ’ਚ ਮੰਗਲਵਾਰ ਨੂੰ 49 ਲੋਕ ਸਭਾ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਵਿਰੋਧੀ ਗੱਠਜੋੜ 'ਇੰਡੀਆ' ਦੇ ਸੰਸਦ ਮੈਂਬਰ 13 ਦਸੰਬਰ ਨੂੰ ਸੰਸਦ ’ਚ ਹੋਈ ਉਲੰਘਣਾ ਦੀ ਘਟਨਾ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਦੋਵਾਂ ਸਦਨਾਂ ’ਚ ਬਿਆਨ ਦੀ ਮੰਗ ਕਰ ਰਹੇ ਹਨ।

ਧਨਖੜ ਨੇ ਰਾਜ ਸਭਾ ’ਚ ਅਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਸੀ ਕਿ ਉਹ ਨਿੱਜੀ ਤੌਰ ’ਤੇ ਦੁਖੀ ਹਨ ਕਿਉਂਕਿ ਉਨ੍ਹਾਂ ਦੇ ਕਿਸਾਨ ਅਤੇ ਜਾਟ ਪਿਛੋਕੜ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ, ‘‘ਕਲਪਨਾ ਕਰੋ ਕਿ ਮੇਰੇ ਦਿਲ ’ਚ ਕੀ ਚੱਲ ਰਿਹਾ ਹੋਵੇਗਾ ਜਦੋਂ ਤੁਹਾਡੇ ਸੀਨੀਅਰ ਨੇਤਾ ਦੀ ਸੰਸਦ ਮੈਂਬਰ ਨੇ ਚੇਅਰਮੈਨ ਦਾ ਮਜ਼ਾਕ ਉਡਾਉਂਦੇ ਹੋਏ ਵੀਡੀਉਗ੍ਰਾਫੀ ਕੀਤੀ ਸੀ।’’

 (For more news apart from PM Modi and president over Rajya Sabha Chairman mimicry episode, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement