
ਪੰਚਕੂਲਾ ਵਿਚ ਸਵਾਈਨ ਫਲੂ ਦਾ ਤੀਜਾ ਕੇਸ ਆਉਣ ਕਰਕੇ ਸਿਹਤ ਵਿਭਾਗ ਚਿੰਤਤ ਹੋ ਗਿਆ ਹੈ। ਸਭ ਤੋਂ ਪਹਿਲਾ ਕੇਸ ਪੰਚਕੂਲਾ ਦੇ ਸੈਕਟਰ...
ਪੰਚਕੂਲਾ : ਪੰਚਕੂਲਾ ਵਿਚ ਸਵਾਈਨ ਫਲੂ ਦਾ ਤੀਜਾ ਕੇਸ ਆਉਣ ਕਰਕੇ ਸਿਹਤ ਵਿਭਾਗ ਚਿੰਤਤ ਹੋ ਗਿਆ ਹੈ। ਸਭ ਤੋਂ ਪਹਿਲਾ ਕੇਸ ਪੰਚਕੂਲਾ ਦੇ ਸੈਕਟਰ 12-ਏ ਤੋਂ ਆਇਆ ਸੀ ਤੇ ਉਸ ਤੋਂ ਬਾਅਦ ਪਿੰਡ ਬੁਢਣਪੁਰ ਤੋਂ ਤੇ ਹੁਣ ਫਿਰ ਸੈਕਟਰ 12-ਏ ਤੋਂ ਆਉਣ ਕਾਰਨ ਸਿਹਤ ਵਿਭਾਗ ਚਿੰਤਤ ਹੋ ਗਿਆ ਹੈ। ਸੀਐਮ ਨੂੰ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਜਿਹੜਾ 12-ਏ ਵਿਚੋਂ ਕੇਸ ਆਇਆ ਹੈ ਉਹ ਇਕ ਮਹਿਲਾ ਹੈ ਜਿਹੜੀ ਸਿਰਸਾ ਦੀ ਰਹਿਣ ਵਾਲੀ ਦੱਸੀ ਗਈ ਹੈ। ਅਪਣੇ ਬੇਟੇ ਦੇ ਬਿਮਾਰ ਹੋਣ ਤੋਂ ਬਾਅਦ ਉਹ ਇੱਥੇ ਆਈ ਸੀ।
ਉਨ੍ਹਾਂ ਦੱਸਿਆ ਕਿ ਜਿਹੜੇ ਸੈਕਟਰਾਂ ਵਿਚੋਂ ਸਵਾਈਨ ਫਲੂ ਦੇ ਕੇਸ ਆ ਰਹੇ ਹਨ। ਉਨ੍ਹਾਂ ਵਿਚ ਸਿਹਤ ਵਿਭਾਗ ਦੇ ਕਰਮਚਾਰੀ ਡੋਰ ਟੂ ਡੋਰ ਸਰਵੇ ਕਰ ਰਹੇ ਹਨ ਤੇ ਸ਼ੱਕ ਪੈਣ ’ਤੇ ਬਲੱਡ ਸੈਂਪਲ ਵੀ ਲੈ ਰਹੇ ਹਨ। ਯੋਗੇਸ਼ ਸ਼ਰਮਾ ਸਿਵਲ ਸਰਜਨ ਨੇ ਦੱਸਿਆ ਕਿ ਬੀਤੇ ਡੇਢ ਮਹੀਨੇ ਵਿਚ ਤਿੰਨ ਕੇਸ ਆਏ ਹਨ ਅਤੇ ਹੁਣ ਸਿਹਤ ਵਿਭਾਗ ਵਲੋਂ ਮੈਡੀਕਲ ਸਟਾਫ਼ ਨੂੰ ਮਾਸਕ ਤੇ ਦਸਤਾਨੇ ਦਿਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸੈਕਟਰ 12, 17, 8, 9, 15, 16, 18, 19, 23 ਅਤੇ 25 ਵਿਚ ਸਰਵੇ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਕਾਲਜਾਂ ਸਕੂਲਾਂ ਵਿਚ ਜਾ ਕੇ ਵੀ ਮੈਡੀਕਲ ਸਟਾਫ਼ ਦੀ ਟੀਮ ਸਵਾਈਨ ਫਲੂ ਦੇ ਬਾਰੇ ਜਾਣਕਾਰੀ ਦੇ ਰਹੀ ਹੈ ਤੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਪੰਚਕੂਲਾ ਦੇ ਜਰਨਲ ਹਸਪਤਾਲ ਵਿਚ ਸਵਾਈਨ ਫਲੂ ਦੇ ਮਰੀਜ਼ਾਂ ਲਈ ਇਕ ਵੱਖਰਾ ਵਾਰਡ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਸ਼ਹਿਰ ਦੇ ਪ੍ਰਾਈਵੇਟ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਹੁਣ ਸਿਵਲ ਸਰਜਨ ਨੇ ਪੱਤਰ ਲਿਖਿਆ ਹੈ ਕਿ ਪ੍ਰਾਈਵੇਟ ਹਸਪਤਾਲਾਂ ਵਿਚ ਜਦੋਂ ਵੀ ਸਵਾਈਨ ਫਲੂ ਦਾ ਮਰੀਜ਼ ਆਵੇ ਤਾਂ ਉਸ ਦੀ ਸੂਚਨਾ ਤੁਰਤ ਸਰਕਾਰੀ ਹਸਪਤਾਲ ਤੇ ਸਿਵਲ ਸਰਜਨ ਦੇ ਦਫ਼ਤਰ ਵਿਚ ਦਿਤੀ ਜਾਵੇ। ਸਵਾਈਨ ਫਲੂ ਦੇ ਮਾਮਲੇ ‘ਤੇ ਆਮ ਆਦਮੀ ਪਾਰਟੀ ਦੇ ਪੰਚਕੂਲਾ ਦੇ ਜ਼ਿਲ੍ਹਾ ਪ੍ਰਧਾਨ ਯੋਗੇਸ਼ਵਰ ਸ਼ਰਮਾ ਨੇ ਕਿਹਾ ਕਿ ਸਿਹਤ ਮੰਤਰੀ ਅਨਿਲ ਵਿੱਜ ਐਵੇਂ ਫਾਲਤੂ ਦੇ ਅਪਣੇ ਟਵੀਟ ਬੰਦ ਕਰਕੇ ਸਵਾਈਨ ਫਲੂ ਵੱਲ ਧਿਆਨ ਦੇਣ।
ਉਨ੍ਹਾਂ ਕਿਹਾ ਕਿ ਉਹ ਟਿੱਪਣੀਆਂ ਬੰਦ ਕਰਨ ਤੇ ਸਹੀ ਅਰਥਾਂ ਵਿਚ ਸਰਕਾਰੀ ਹਸਪਤਾਲ ਦੇ ਦੌਰੇ ਕਰਨ ਕਿਉਂਕਿ ਪੰਚਕੂਲਾ ਵਿਚ ਅਤੇ ਹਰਿਆਣਾ ਦੇ ਹੋਰ ਕਈ ਸ਼ਹਿਰਾਂ ਵਿਚ ਦਿਨੋਂ ਦਿਨ ਸਵਾਈਨ ਫਲੂ ਦੇ ਕੇਸ ਵਧੇਰੇ ਆ ਰਹੇ ਹਨ ਤੇ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਸਿਰਫ਼ ਬਿਆਨਬਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੂਰੇ ਹਰਿਆਣਾ ਵਿਚ ਸਵਾਈਨ ਫਲੂ ਦੇ ਰੋਗੀਆਂ ਦੀ ਸੰਖਿਆ 180 ਹੋ ਗਈ ਹੈ।