ਹਮਲਾਵਰਾਂ ਨੇ ਸ਼ਾਹੀ ਇਮਾਮ ਸਮੇਤ 3 ਵਿਅਕਤੀਆਂ ’ਤੇ ਇੱਟਾਂ ਨਾਲ ਕੀਤਾ ਹਮਲਾ
ਲੁਧਿਆਣਾ : ਸ਼ਾਹੀ ਇਮਾਮ ਪੰਜਾਬ ਸਮੇਤ 3 ਲੋਕਾਂ ਉੱਤੇ ਜਾਮਾ ਮਸਜਿਦ ਜੇਲ੍ਹ ਰੋਡ ਦੇ ਬਾਹਰ ਤਿੰਨ ਲੋਕਾਂ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਹੈ । ਹਮਲਾਵਰਾਂ ਨੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ, ਮਸਜਿਦ ਦਫ਼ਤਰ ਪ੍ਰਬੰਧਕ ਅਤੇ ਇੱਕ ਹੋਰ ਵਿਅਕਤੀ ਉੱਤੇ ਇੱਟਾਂ ਨਾਲ ਹਮਲਾ ਕੀਤਾ।
ਘਟਨਾ ਦੇ ਪਿੱਛੇ ਮਸਜਿਦ ਪਰਿਸਰ ਵਿੱਚ ਬਣੀਆਂ ਦੁਕਾਨਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਦੱਸਿਆ ਜਾ ਰਿਹਾ ਹੈ। ਥਾਣਾ ਡਿਵੀਜਨ ਨੰਬਰ-2 ਪੁਲਿਸ ਨੇ ਆਰੋਪੀਆਂ ਖ਼ਿਲਾਫ਼ ਐੱਫ.ਆਈ.ਆਰੈ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਰੋਪੀਆਂ ਦੀ ਪਛਾਣ ਉਬੈਦ-ਉਰ-ਰਹਿਮਾਨ, ਉਸ ਦੇ ਬੇਟੇ ਅਤੀਕ-ਉਰ-ਰਹਿਮਾਨ ਅਤੇ ਮੁਹੰਮਦ ਅਹਿਮਦ ਵਜੋਂ ਹੋਈ ਹੈ।
ਮਾਮਲੇ ਵਿੱਚ ਸ਼ਿਕਾਇਤ ਮਸਜਿਦ ਦਫ਼ਤਰ ਇੰਚਾਰਜ ਮੁਹੰਮਦ ਮੁਜਾਹਿਦ ਨੇ ਦਰਜ ਕਰਵਾਈ ਹੈ। ਉਨ੍ਹਾਂ ਨੇ ਦੱਸਿਆ ਕਿ ਜਾਮਾ ਮਸਜਿਦ ਦਾ ਨਵੀਨੀਕਰਨ ਚੱਲ ਰਿਹਾ ਹੈ, ਜਿਸ ਦੀ ਨਿਗਰਾਨੀ ਖੁਦ ਸ਼ਾਹੀ ਇਮਾਮ ਕਰ ਰਹੇ ਹਨ। 1 ਫਰਵਰੀ ਨੂੰ ਜਦੋਂ ਸ਼ਾਹੀ ਇਮਾਮ ਮਸਜਿਦ ਪਹੁੰਚੇ ਤਾਂ ਆਰੋਪੀ ਉੱਥੇ ਆਏ ਅਤੇ ਗਾਲੀ-ਗਲੌਜ ਕਰਨ ਲੱਗੇ । ਇਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਇੱਟ ਨਾਲ ਹਮਲਾ ਕਰ ਦਿੱਤਾ।
ਸ਼ਿਕਾਇਤਕਰਤਾ ਮੁਤਾਬਕ, ਜਦੋਂ ਉਨ੍ਹਾਂ ਅਤੇ ਸ਼ਾਹ ਨਵਾਜ ਨੇ ਵਿਚਕਾਰ-ਬਚਾਅ ਕੀਤਾ ਤਾਂ ਆਰੋਪੀਆਂ ਨੇ ਉਨ੍ਹਾਂ ਨਾਲ ਵੀ ਮਾਰਕੁੱਟ ਕੀਤੀ। ਜਦੋਂ ਘਟਨਾ ਮੌਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਆਰੋਪੀ ਮੌਕੇ ਤੋਂ ਫਰਾਰ ਹੋ ਗਏ। ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
