
ਹੋਲੀ ਮੌਕੇ ਵੱਡੀ ਗਿਣਤੀ ਯਾਤਰੀਆਂ ਨੂੰ ਹੋਵੇਗੀ ਪ੍ਰੇਸ਼ਾਨੀ
ਨਵੀਂ ਦਿੱਲੀ : ਦਿੱਲੀ ਐਨਸੀਆਰ ਸਮੇਤ ਪੂਰੇ ਉੱਤਰੀ ਭਾਰਤ ਵਿਚ ਠੰਡ ਹੁਣ ਅਪਣੀ ਵਿਦਾਈ ਦੀ ਤਿਆਰੀ ਕਰ ਚੁੱਕੀ ਹੈ। ਇਨ੍ਹਾਂ ਇਲਾਕਿਆਂ ਅੰਦਰੋਂ ਹੁਣ ਜ਼ਬਰਦਸਤ ਠੰਡ ਅਤੇ ਧੁੰਦ ਦਾ ਦੌਰ ਵੀ ਲਗਭਗ ਸਮਾਪਤ ਹੋ ਚੁੱਕਾ ਹੈ। ਪਰ ਰੇਲਵੇ ਵਲੋਂ ਅਜੇ ਵੀ ਯਾਤਰੀਆਂ ਨੂੰ 'ਧੁੰਦ ਤੇ ਠੰਡ' ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਯਾਤਰੀ ਡਾਢੇ ਪ੍ਰੇਸ਼ਾਨ ਹਨ।
Photo
ਦਰਅਸਲ ਰੇਲਵੇ ਨੇ ਜ਼ਬਰਦਸਤ ਠੰਡ ਅਤੇ ਧੁੰਦ ਕਾਰਨ ਅੱਧ ਦਸੰਬਰ ਤੋਂ ਬਾਅਦ 46 ਟਰੇਨਾਂ ਨੂੰ ਰੱਦ ਅਤੇ 40 ਦੇ ਗੇੜੇ ਘਟਾਉਣ ਦਾ ਐਲਾਨ ਕੀਤਾ ਸੀ। ਪਹਿਲਾਂ ਇਹ ਐਲਾਨ ਸਿਰਫ਼ 31 ਜਨਵਰੀ ਤਕ ਹੀ ਕੀਤਾ ਗਿਆ ਸੀ। ਫ਼ਰਵਰੀ ਮਹੀਨੇ ਦੀ ਸ਼ੁਰੂਆਤ ਦੌਰਾਨ ਪਈ ਠੰਡ ਅਤੇ ਧੁੰਦ ਕਾਰਨ ਇਸ ਵਿਚ 29 ਫ਼ਰਵਰੀ ਤਕ ਵਾਧਾ ਕਰ ਦਿਤਾ ਗਿਆ ਸੀ। ਹੁਣ ਰੇਲਾਂ ਰੱਦ ਰੱਖਣ ਦੀ ਇਹ ਮਿਆਦ 31 ਮਾਰਚ ਤਕ ਵਧਾ ਦਿਤੀ ਗਈ ਹੈ, ਜਿਸ ਤੋਂ ਬਾਅਦ ਯਾਤਰੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
Photo
ਰੇਲਵੇ ਦੇ ਇਸ ਨਵੇਂ ਫ਼ੁਰਮਾਨ ਤੋਂ ਬਾਅਦ ਯੂਪੀ-ਬਿਹਾਰ ਤੇ ਬੰਗਾਲ ਸਮੇਤ ਹੋਰ ਸੂਬਿਆਂ ਵਿਚੋਂ ਦਿੱਲੀ ਆਉਣ-ਜਾਣ ਵਾਲੇ ਰੇਲ ਯਾਤਰੀਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੰਤਰਖ਼ਾਤੇ ਰੇਲਵੇ ਨਾਲ ਜੁੜੇ ਅਧਿਕਾਰੀ ਵੀ ਇਸ ਸਮੱਸਿਆ ਤੋਂ ਜਾਣੂ ਹਨ ਕਿਉਂਕਿ ਮਾਰਚ ਮਹੀਨੇ ਆਉਣ ਵਾਲੇ ਹੋਲੀ ਦੇ ਤਿਉਹਾਰ ਮੌਕੇ ਇਨ੍ਹਾਂ ਰਾਜਾਂ ਦੇ ਵੱਡੀ ਗਿਣਤੀ ਲੋਕ ਅਪਣੀਆਂ ਕੰਮ ਥਾਵਾਂ ਤੋਂ ਗ੍ਰਹਿ ਸਥਾਨ ਵੱਲ ਤੇ ਫਿਰ ਗ੍ਰਹਿ ਸਥਾਨ ਤੋਂ ਕੰਮ ਸਥਾਨਾਂ ਵੱਲ ਕੂਚ ਕਰਦੇ ਹਨ।
Photo
ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਰੇਲਵੇ ਰਾਹੀਂ ਹੀ ਸਫ਼ਰ ਕਰਦੇ ਹਨ। ਇਨ੍ਹਾਂ ਵਿਚ ਉਤਰ ਭਾਰਤ ਦੇ ਸੂਬੇ ਬਿਹਾਰ ਤੇ ਉੱਤਰ ਪ੍ਰਦੇਸ਼ ਆਉਂਦੇ ਹਨ ਜਿਥੇ ਲੋਕ ਹੋਲੀ ਅਪਣੇ ਘਰ ਵਿਚ ਹੀ ਮਨਾਉਣ ਨੂੰ ਪਹਿਲ ਦਿੰਦੇ ਹਨ। ਰੇਲਵੇ ਵਲੋਂ ਰੱਦ ਕੀਤੀਆਂ ਟਰੇਨਾਂ ਵਿਚ ਅੰਮ੍ਰਿਤਸਰ ਗੋਰਖਪੁਰ ਜਨਸਾਧਾਰਨ ਐਕਸਪ੍ਰੈੱਸ, ਨਵੀਂ ਦਿੱਲੀ-ਰੋਹਤਕ ਐਕਸਪ੍ਰੈੱਸ, ਲਿੱਛਵੀ ਐਕਸਪ੍ਰੈੱਸ, ਆਨੰਦ ਵਿਹਾਰ ਟਰਮੀਨਲ-ਸੰਤਰਾਗਾਛੀ ਐਕਸਪ੍ਰੈੱਸ, ਆਨੰਦ ਵਿਹਾਰ-ਹਟੀਆ ਝਾਰਖੰਡ ਸਵਰਣਜਯੰਤੀ ਐਕਸਪ੍ਰੈੱਸ, ਨਵੀਂ ਦਿੱਲੀ-ਮਾਲਦਾ ਟਾਊਨ ਐਕਸਪ੍ਰੈੱਸ ਸ਼ਾਮਲ ਹਨ।
Photo
ਇਸ ਤੋਂ ਇਲਾਵਾ ਹਫ਼ਤੇ 'ਚ ਇਕ ਦਿਨ ਰੱਦ ਰਹਿਣ ਵਾਲੀਆਂ ਪ੍ਰਮੁੱਖ ਟ੍ਰੇਨਾਂ ਵਿਚ ਅੰਮ੍ਰਿਤਸਰ-ਹਾਵੜਾ ਐਕਸਪ੍ਰੈੱਸ, ਭਾਗਲਪੁਰ ਗ਼ਰੀਬ ਰੱਥ, ਨਵੀਂ ਦਿੱਲੀ-ਰਾਜੇਂਦਰ ਨਗਰ ਜਨਸਾਧਾਰਨ ਐਕਸਪ੍ਰੈੱਸ, ਮਹਾਬੋਧੀ ਐਕਸਪ੍ਰੈੱਸ, ਸੁਤੰਤਰਤਾ ਸੈਨਾਨੀ ਐਕਸਪ੍ਰੈੱਸ, ਆਨੰਦ ਵਿਹਾਰ-ਰਕਸੌਲ ਐਕਸਪ੍ਰੈੱਸ, ਹਮਸਫ਼ਰ ਐਕਸਪ੍ਰੈੱਸ ਤੇ ਨਵੀਂ ਦਿੱਲੀ-ਨਵੀਂ ਜਲਪਾਈਗੁੜੀ ਐਕਸਪ੍ਰੈੱਸ ਆਦਿ ਹਨ।