
ਕਿਸਾਨੀ ਅੰਦੋਲਨ ’ਚ ਆਟੋ ਚਲਾਉਣ ਵਾਲੇ ਪਵਨ ਕੁਮਾਰ ਨੇ ਕੀਤੀ ਪੰਜਾਬੀਆਂ ਦੀ ਤਾਰੀਫ਼
ਨਵੀਂ ਦਿੱਲੀ (ਸ਼ੈਸ਼ਵ ਨਾਗਰਾ): ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨੀ ਸੰਘਰਸ਼ ਦੌਰਾਨ ਕਿਸਾਨ ਭਾਈਚਾਰੇ ਨੂੰ ਸਮਾਜ ਦੇ ਹਰ ਵਰਗ ਦਾ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਕਿਸਾਨੀ ਮੋਰਚੇ ਵਿਚ ਇਕ ਆਟੋ ਚਾਲਕ ਨੇ ਸੰਘਰਸ਼ ਵਿਚ ਬੈਠੇ ਪੰਜਾਬੀਆਂ ਦੀ ਤਾਰੀਫ ਕੀਤੀ ਹੈ। ਆਟੋ ਚਾਲਕ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੰਜਾਬੀਆਂ ਦਾ ਪਿਆਰ ਕਦੀ ਨਹੀਂ ਭੁੱਲੇਗਾ।
Auto Driver at Farmers Protest
ਪਵਨ ਕੁਮਾਰ ਨੇ ਦੱਸਿਆ ਕਿ ਉਹ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਇੱਥੇ ਆਟੋ ਚਲਾ ਰਹੇ ਹਨ, ਹਰ ਰੋਜ਼ ਕਿਸਾਨ ਉਹਨਾਂ ਦੇ ਆਟੋ ਵਿਚ ਸਫਰ ਕਰਦੇ ਹਨ। ਉਹਨਾਂ ਕਿਹਾ ਕਿ ਇਸ ਦੌਰਾਨ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ, ਕਿਸਾਨਾਂ ਨੇ ਜੰਗਲ ਵਿਚ ਮੰਗਲ ਕੀਤਾ ਹੋਇਆ ਹੈ। ਸੰਘਰਸ਼ ‘ਤੇ ਡਟੇ ਕਿਸਾਨ ਗਰੀਬ ਲੋਕਾਂ ਨੂੰ ਲੰਗਰ ਛਕਾ ਰਹੇ ਹਨ।
Farmers Protest
ਪਵਨ ਕੁਮਾਰ ਨੇ ਕਿਹਾ ਕਿ ਪੰਜਾਬੀਆਂ ਦਾ ਸੁਭਾਅ ਬਹੁਤ ਮਿੱਠਾ ਹੈ ਤੇ ਉਹ ਅਪਣਾ ਘਰ ਛੱਡ ਕੇ ਦਿੱਲੀ ਦੀਆਂ ਸੜਕਾਂ ‘ਤੇ ਬੈਠੇ ਹਨ। ਕਿਸਾਨੀ ਅੰਦੋਲਨ ਬਾਰੇ ਗੱਲ਼ ਕਰਦਿਆਂ ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਕਿਸਾਨ ਨੇ ਅਪਣੇ ਹੱਕਾਂ ਲਈ ਸਾਰੀ ਸਰਦੀ ਦਾ ਮੌਸਮ ਬਾਰਡਰ ‘ਤੇ ਬਿਤਾਇਆ ਹੈ। ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ। ਆਟੋ ਚਾਲਕ ਨੇ ਕਿਹਾ ਕਿ ਕਿਸਾਨਾਂ ਨੂੰ ਇੱਥੇ ਕਿਸੇ ਕਿਸਮ ਦੀ ਸਮੱਸਿਆ ਨਹੀਂ ਆ ਰਹੀ। ਕਿਸਾਨ ਇਸ ਲੜਾਈ ਦੌਰਾਨ ਵੀ ਗਰੀਬਾਂ ਦੀ ਮਦਦ ਕਰ ਰਹੇ ਹਨ, ਉਹਨਾਂ ਨੂੰ ਰੋਟੀ ਤੋਂ ਇਲਾਵਾ ਕੱਪੜੇ ਆਦਿ ਵੀ ਦੇ ਰਹੇ ਹਨ।
Auto Driver at Farmers Protest
ਉਹਨਾਂ ਕਿਹਾ ਜਦੋਂ ਕਿਸਾਨ ਇੱਥੋਂ ਚਲੇ ਜਾਣਗੇ ਤਾਂ ਉਹਨਾਂ ਦੀ ਯਾਦ ਜ਼ਰੂਰ ਆਵੇਗੀ। ਇੰਨੀ ਜਲਦੀ ਇਹ ਮਨ ਵਿਚੋਂ ਨਹੀਂ ਨਿਕਲਣਗੇ। ਕਿਸਾਨੀ ਸੰਘਰਸ਼ ਨੇ ਪੰਜਾਬੀਆਂ ਦੀ ਨਵੀਂ ਪਛਾਣ ਬਣਾਈ ਹੈ, ਲੋਕ ਯਾਦ ਰੱਖਣਗੇ ਕਿ ਪੰਜਾਬ ਤੋਂ ਸਰਦਾਰ ਆਏ ਸੀ। ਪਵਨ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਕਈ ਕਿਸਾਨਾਂ ਨੇ ਪੰਜਾਬ ਆਉਣ ਦਾ ਸੱਦਾ ਵੀ ਦਿੱਤਾ। ਇਸ ਤੋਂ ਇਲਾਵਾ ਕਿਸਾਨ ਉਹਨਾਂ ਨੂੰ ਅਪਣਾ ਮੋਬਾਈਲ ਨੰਬਰ ਵੀ ਦੇ ਕੇ ਗਏ।