
ਪਾਰਟੀ ਆਗੂ ਜਨਤਾ ਨੂੰ ਖੇਤੀ ਸੁਧਾਰਾਂ ਦੇ ਲਾਭਾਂ ਤੋਂ ਜਾਣੂ ਕਰਵਾਉਣ : ਪ੍ਰਧਾਨ ਮੰਤਰੀ
ਨਵੀਂ ਦਿੱਲੀ : ਤਿੰਨ ਖੇਤੀ ਕਾਨੂੰਨਾਂ ਵਿਰੁਧ ਪਿਛਲੇ ਲਗਭਗ ਤਿੰਨ ਮਹੀਨੇ ਤੋਂ ਜਾਰੀ ਕਿਸਾਨਾਂ ਦੇ ਅੰਦੋਲਨ ਦੌਰਾਨ ਭਾਜਪਾ ਨੇ ਐਤਵਾਰ ਨੂੰ ਇਕ ਅਹਿਮ ਬੈਠਕ ’ਚ ਇਕ ਮਤਾ ਪਾਸ ਕਰ ਕੇ ਖੇਤੀ ਖੇਤਰ ’ਚ ਸੁਧਾਰ ਅਤੇ ਕੋਵਿਡ 19 ਮਹਾਂਮਾਰੀ ਦੇ ਬਿਹਤਰ ਪ੍ਰਬੰਧਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਨਵਾਦ ਕੀਤਾ। ਇਹ ਮਤਾ ਭਾਜਪਾ ਪ੍ਰਧਾਨ ਜੇ.ਪੀ ਨੱਡਾ ਦੀ ਪ੍ਰਧਾਨਗੀ ’ਚ ਐਨਡੀਐਮਸੀ ਕਨਵੇਂਸ਼ਨ ਸੇਂਟਰ ’ਚ ਆਯੋਜਤ ਰਾਸ਼ਟਰੀ ਅਹੁਦੇਦਾਰਾਂ ਦੀ ਬੈਠਕ ’ਚ ਪਾਸ ਕੀਤਾ ਗਿਆ।
PM Modi
ਮੀਟਿੰਗ ਦੇ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਪਾਰਟੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਸੁਧਾਰਾਂ ਦੇ ਲਾਭਾਂ ਤੋਂ ਜਨਤਾ ਨੂੰ ਜਾਣੂ ਕਰਾਉਣ। ਬੈਠਕ ’ਚ ਕੋਵਿਡ 19 ਮਹਾਂਮਾਰੀ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿਤੀ ਗਈ ਅਤੇ ਇਸ ਸਬੰਧ ’ਚ ਇਕ ਸੋਗ ਮਤਾ ਵੀ ਪਾਸ ਕੀਤਾ।
J.P. Nadha
ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਨੇ ਪ੍ਰਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਦਸਿਆ ਕਿ ਇਕ ਰਾਜਨੀਤਕ ਮਤਾ ਪਾਸ ਕਰ ਕੇ ਖੇਤੀ ਖੇਤਰ ’ਚ ਕੀਤੇ ਗਏ ਸੁਧਾਰਾਂ ਅਤੇ ਕੋਵਿਡ 19 ਦੇ ਪ੍ਰਬੰਧਾਂ ’ਚ ਪ੍ਰਭਾਵੀ ਅਗਵਾਈ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਤੇ ’ਚ ਮਹਾਂਮਾਰੀ ਦੌਰਾਨ ਗ਼ਰੀਬ ਕਿਸਾਨ ਭਲਾਈ ਯੋਜਨਾ ਚਲਾਉਣ, ਸੰਤੁਲਿਤ ਬਜਟ ਪੇਸ਼ ਕਰਨ ਅਤੇ ਚੀਨ ਨਾਲ ਪੂਰਬੀ ਲੱਦਾਖ਼ ’ਚ ਸਰਹੱਦ ’ਤੇ ਰੇੜਕੇ ਦੌਰਾਨ ਵਾਜਬ ਕਦਮ ਚੁਕਣ ਦਾ ਵੀ ਜ਼ਿਕਰ ਕੀਤਾ ਗਿਆ।
Bjp Leadership
ਇਸ ਤੋਂ ਪਹਿਲਾਂ, ਭਾਜਪਾ ਜਰਨਲ ਸੱਕਤਰ ਅਰੁਣ ਸਿੰਘ ਨੇ ਦਸਿਆ ਕਿ ਦਿਨ ਭਰ ਚੱਲੀ ਇਸ ਬੈਠਕ ਦੌਰਾਨ ਅਸਾਮ, ਪਛਮੀ ਬੰਗਾਲ ਅਤੇ ਤਾਮਿਲਨਾਡੁ ਸਮੇਤ ਪੰਜ ਰਾਜਾਂ ’ਚ ਹੋਣ ਵਾਲੀ ਵਿਭਾਨ ਸਭਾ ਚੋਣਾਂ, ਆਤਮਨਿਰਭਰ ਭਾਰਤ ਮੁਹਿੰਮ ਅਤੇ ਤਿੰਨ ਖੇਤੀ ਕਾਨੂੰਨਾਂ ਬਾਰੇ ਵੀ ਚਰਚਾ ਕੀਤੀ ਗਈ। ਉਨ੍ਹਾਂ ਦਸਿਆ ਕਿ ਬੈਠਕ ਦੇ ਬਾਅਦ ਪਾਰਟੀ ਦੇ ਅਗਲੇ ਪ੍ਰੋਗਰਾਮਾਂ ਦੀ ਰੂਪ ਰੇਖਾ ਦਾ ਐਲਾਨ ਕੀਤਾ ਜਾਵੇਗਾ। ਇਸ ਬੈਠਕ ’ਚ ਭਾਜਪਾ ਦੇ ਸਾਰੇ ਰਾਸ਼ਟਰੀ ਅਹੁਦੇਦਾਰ, ਪ੍ਰਦੇਸ਼ਾਂ ਦੇ ਪ੍ਰਧਾਨ, ਰਾਜਾਂ ਦੇ ਇੰਚਰਾਜ ਅਤੇ ਸਹਿ ਇੰਚਾਰਜ ਤੇ ਰਾਜਾਂ ਦੇ ਸੰਗਠਨ ਮੰਤਰੀ ਵੀ ਸ਼ਾਮਲ ਹੋਏ।