
ਆਸਾਮ, ਪਛਮੀ ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿਚ ਆਏ ਹੜ੍ਹਾਂ ਕਾਰਨ ਭਾਰਤੀ ਰੇਲ ਨੂੰ ਪਿਛਲੇ ਸੱਤ ਦਿਨਾਂ ਵਿਚ ਕਰੀਬ 150 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਨਵੀਂ ਦਿੱਲੀ, 18 ਅਗੱਸਤ : ਆਸਾਮ, ਪਛਮੀ ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿਚ ਆਏ ਹੜ੍ਹਾਂ ਕਾਰਨ ਭਾਰਤੀ ਰੇਲ ਨੂੰ ਪਿਛਲੇ ਸੱਤ ਦਿਨਾਂ ਵਿਚ ਕਰੀਬ 150 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਰੇਲਵੇ ਦੇ ਬੁਲਾਰੇ ਅਨਿਲ ਸਕਸੈਨਾ ਨੇ ਕਿਹਾ ਕਿ ਹੜ੍ਹਾਂ ਕਾਰਨ ਸਵਾਰੀਆਂ ਤੋਂ ਮਿਲਣ ਵਾਲੇ ਕਿਰਾਏ ਅਤੇ ਮਾਲ ਢੁਆਈ ਤੋਂ ਮਿਲਣ ਵਾਲੇ ਭਾੜੇ ਵਿਚ ਪ੍ਰਤੀ ਦਿਨ 12 ਕਰੋੜ ਰੁਪਏ ਦਾ ਨੁਕਸਾਨ ਝੇਲਣਾ ਪਿਆ ਹੈ। ਇਸ ਤੋਂ ਇਲਾਵਾ ਨੁਕਸਾਨਗ੍ਰਸਤ ਪਟੜੀਆਂ ਦੀ ਮੁਰੰਮਤ ਵਿਚ ਕਰੀਬ 10 ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ। ਇਸ ਤਰ੍ਹਾਂ ਸੱਤ ਦਿਨਾਂ ਵਿਚ ਕੁਲ ਨੁਕਸਾਨ ਕਰੀਬ 94 ਕਰੋੜ ਰੁਪਏ ਤਕ ਪਹੁੰਚਣ ਦਾ ਅਨੁਮਾਨ ਹੈ। ਪੂਰਬੀ ਮੱਧ ਰੇਲ ਨੂੰ ਹਰ ਰੋਜ਼ 5.5 ਕਰੋੜ ਰੁਪਏ ਦਾ ਨੁਕਸਾਨ ਉਠਾਉਣਾ ਪਿਆ ਹੈ ਜਦਕਿ ਮੁਰੰਮਤ ਵਿਚ ਪੰਜ ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ, 'ਆਮਦਨ ਵਿਚ ਹੋਏ ਨੁਕਸਾਨ ਦਾ ਸਟੀਕ ਅੰਕੜਾ ਦੇਣਾ ਮੁਸ਼ਕਲ ਹੈ। ਇਹ ਅੰਕੜੇ ਅਨੁਮਾਨਤ ਹਨ। ਸਹੀ ਤਸਵੀਰ ਹਾਲਾਤ ਆਮ ਹੋਣ ਤੋਂ ਬਾਅਦ ਸਾਹਮਣੇ ਆਵੇਗੀ। ਪੂਰਬੀ ਖੇਤਰ ਵਿਚ ਕੁਲ 445 ਰੇਲ ਗੱਡੀਆਂ ਬੰਦ ਕਰ ਦਿਤੀਆਂ ਗਈਆਂ ਹਨ ਜਦਕਿ 151 ਨੂੰ ਕਿਤੇ ਕਿਤੇ ਰੋਕ ਦਿਤਾ ਗਿਆ ਹੈ। ਚਾਰ ਗੱਡੀਆਂ ਦੇ ਰਸਤੇ ਬਦਲੇ ਗਏ ਹਨ। ਪੂਰਬੀ ਮੱਧ ਰੇਲ ਨੇ 66 ਟਰੇਨਾਂ ਨੂੰ ਰੱਦ, 105 ਟਰੇਨਾਂ ਨੂੰ ਆਂਸ਼ਿਕ ਤੌਰ 'ਤੇ ਰੱਦ ਕੀਤਾ ਹੈ ਅਤੇ 28 ਟਰੇਨਾਂ ਦੇ ਰਾਹ ਬਦਲੇ ਗਏ ਹਨ। (ਏਜੰਸੀ)