
ਜੰਮੂ-ਕਸ਼ਮੀਰ ਦੇ ਇੱਕ ਕੈਂਪ ‘ਚ ਜਵਾਨਾਂ ‘ਚ ਬਹਿਸ ਹੋਣ ਤੋਂ ਬਾਅਦ ਸੀਆਰਪੀਐਫ ਜਵਾਨ ਨੇ ਬੁੱਧਵਾਰ ਨੂੰ ਆਪਣੇ ਤਿੰਨ ਸਾਥੀਆਂ ਨੂੰ ਗੋਲ਼ੀ ਮਾਰ ਦਿੱਤੀ।
ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਊਧਮਪੁਰ ਖੇਤਰ ਵਿਚ ਪੈਂਦੇ ਬੱਟਲਵਾਲੀਆਂ ਵਿਖੇ ਇਕ ਸੀਆਰਪੀਐਫ ਦੇ ਜਵਾਨ ਨੇ ਅਪਣੇ ਹੀ ਤਿੰਨ ਸਾਥੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਹੈ। ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਦੋ ਗੋਲੀਆਂ ਮਾਰ ਲਈਆਂ ਹਨ।
ਘਟਨਾ ਰਾਤੀਂ ਕਰੀਬ ਪੌਣੇ 11 ਵਜੇ ਦੀ ਹੈ ਜਦੋਂ ਸੀਆਰਪੀਐਫ ਕਾਂਸਟੇਬਲ ਅਜੀਤ ਸਿੰਘ ਯੂਨਿਟ ਕੰਪਲੈਕਸ ਵਿਚ ਅਪਣੇ ਤਿੰਨ ਸਾਥੀਆਂ ਹੈੱਡ ਕਾਂਸਟੇਬਲ ਜੋਗਿੰਦਰ ਕੁਮਾਰ, ਹੈੱਡ ਕਾਂਸਟੇਬਲ ਪੋਖਰ ਮੱਲ ਅਤੇ ਹੈੱਡ ਕਾਂਸਟੇਬਲ ਉਮੇਦ ਪਾਲ ਦੇ ਨਾਲ ਬੈਠਾ ਸੀ। ਇਸੇ ਦੌਰਾਨ ਅਜੀਤ ਦੀ ਅਪਣੇ ਸਾਥੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਕਹਾਸੁਣੀ ਹੋ ਗਈ, ਇਸ 'ਤੇ ਵਿਵਾਦ ਇੰਨਾ ਵਧ ਗਿਆ ਕਿ ਅਜੀਤ ਨੇ ਗੁੱਸੇ ਵਿਚ ਆ ਕੇ ਅਪਣੀ ਰਾਈਫ਼ਲ ਨਾਲ ਅਪਣੇ ਤਿੰਨੇ ਸਾਥੀਆਂ 'ਤੇ ਅੰਨ੍ਹੇਵਾਹ ਗੋਲੀਆਂ ਵਰਸਾ ਦਿਤੀਆਂ ਅਤੇ ਬਾਅਦ ਵਿਚ ਖ਼ੁਦ ਨੂੰ ਵੀ ਗੋਲੀਆਂ ਮਾਰ ਲਈਆਂ।
ਗੋਲੀਆਂ ਦੀ ਆਵਾਜ਼ ਸੁਣ ਕੇ ਹੋਰ ਜਵਾਨ ਘਟਨਾ ਸਥਾਨ 'ਤੇ ਪਹੁੰਚ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਪਰ ਦਿੱਲੀ ਵਾਸੀ ਜੋਗਿੰਦਰ ਕੁਮਾਰ, ਰਾਜਸਥਾਨ ਦੇ ਪੋਖਰ ਮੱਲ ਅਤੇ ਰੇਵਾੜੀ ਦੇ ਉਮੇਦ ਪਾਲ ਦੀ ਮੌਤ ਹੋ ਗਈ। ਜਦਕਿ ਮੁਲਜ਼ਮ ਅਜੀਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਊਧਮਪੁਰ ਜ਼ਿਲ੍ਹਾ ਹਸਪਤਾਲ ਤੋਂ ਫ਼ੌਜੀ ਹਸਪਤਾਲ ਊਧਮਪੁਰ ਰੈਫ਼ਰ ਕੀਤਾ ਗਿਆ ਹੈ। ਸੀਆਰਪੀਐਫ ਦੇ ਉਚ ਅਧਿਕਾਰੀਆਂ ਨੇ ਇਸ ਮਾਮਲੇ ਦੀ ਕਮਿਸ਼ਨ ਆਫ਼ ਇਨਕੁਆਰੀ ਦੇ ਹੁਕਮ ਦੇ ਦਿਤੇ ਹਨ। ਜਿਸ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਆਖ਼ਰ ਅਜੀਤ ਨੇ ਗੋਲੀ ਕਿਉਂ ਚਲਾਈ?