
ਫਾਊਂਡੇਸ਼ਨ ਨੇ ਦਸਿਆ, ਜਲਦ ਮਿਲੇਗੀ ਹਸਪਤਾਲ ਤੋਂ ਛੁੱਟੀ
Sadhguru health update: ਈਸ਼ਾ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਅਧਿਆਤਮਕ ਆਗੂ ਸਦਗੁਰੂ ਜੱਗੀ ਵਾਸੂਦੇਵ ਦੇ ਦਿਮਾਗ ਦੀ ਐਮਰਜੈਂਸੀ ਸਰਜਰੀ ਸਫਲ ਰਹੀ ਹੈ। ਉਨ੍ਹਾਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਈਸ਼ਾ ਫਾਊਂਡੇਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਸਿਰ ਵਿਚ ਅੰਦਰੂਨੀ ਖੂਨ ਵਹਿਣ ਦੀ ਸ਼ਿਕਾਇਤ ਤੋਂ ਬਾਅਦ ਸਦਗੁਰੂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਫਾਊਂਡੇਸ਼ਨ ਨੇ ਸਦਗੁਰੂ ਦਾ ਇਕ ਵੀਡੀਉ ਜਾਰੀ ਕੀਤਾ, ਜਿਸ ਵਿਚ ਪੁਸ਼ਟੀ ਕੀਤੀ ਗਈ ਕਿ ਉਹ ਠੀਕ ਹੋ ਰਹੇ ਹਨ ਅਤੇ ਜਲਦੀ ਹੀ ਹਸਪਤਾਲ ਤੋਂ ਛੁੱਟੀ ਹੋ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵਿਟਰ 'ਤੇ ਲਿਖਿਆ, 'ਸਦਗੁਰੂ ਜੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ’। ਈਸ਼ਾ ਫਾਊਂਡੇਸ਼ਨ ਨੇ ਇੰਸਟਾਗ੍ਰਾਮ 'ਤੇ ਸਦਗੁਰੂ ਦਾ ਨਵਾਂ ਵੀਡੀਉ ਪੋਸਟ ਕੀਤਾ ਹੈ। ਜਿਸ 'ਚ ਸਦਗੁਰੂ ਸਰਜਰੀ ਤੋਂ ਬਾਅਦ ਹਸਪਤਾਲ ਦੇ ਬੈੱਡ 'ਤੇ ਮਜ਼ਾਕ ਕਰਦੇ ਨਜ਼ਰ ਆਏ।
ਵੀਡੀਉ ਵਿਚ ਸਦਗੁਰੂ ਕਹਿ ਰਹੇ ਹਨ, "ਅਪੋਲੋ ਹਸਪਤਾਲ ਦੇ ਨਿਊਰੋਸਰਜਨਾਂ ਨੇ ਮੇਰਾ ਸਿਰ ਵੱਢ ਕੇ ਕੁੱਝ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕੁੱਝ ਨਹੀਂ ਮਿਲਿਆ। ਇਹ ਬਿਲਕੁਲ ਖਾਲੀ ਸੀ। ਆਖਰਕਾਰ ਉਨ੍ਹਾਂ ਨੇ ਹਾਰ ਮੰਨ ਲਈ ਅਤੇ ਫਿਰ ਪਹਿਲਾਂ ਵਾਂਗ ਕਰ ਦਿਤਾ। ਮੈਂ ਇਥੇ ਹਾਂ। ਦਿੱਲੀ ਵਿਚ, ਮੇਰੇ ਸਿਰ 'ਤੇ ਪੈਚ ਲੱਗਿਆ ਹੈ ਪਰ ਮੈਨੂੰ ਕੋਈ ਨੁਕਸਾਨ ਨਹੀਂ ਹੋਇਆ’।
ਈਸ਼ਾ ਫਾਊਂਡੇਸ਼ਨ ਦੇ ਇਕ ਬਿਆਨ 'ਚ ਕਿਹਾ ਗਿਆ ਹੈ, 'ਸਦਗੁਰੂ ਪਿਛਲੇ ਚਾਰ ਹਫਤਿਆਂ ਤੋਂ ਗੰਭੀਰ ਸਿਰ ਦਰਦ ਤੋਂ ਪੀੜਤ ਹਨ। ਗੰਭੀਰ ਸਿਰ ਦਰਦ ਦੇ ਬਾਵਜੂਦ, ਉਨ੍ਹਾਂ ਨੇ ਅਪਣਾ ਪ੍ਰੋਗਰਾਮ ਅਤੇ ਗਤੀਵਿਧੀਆਂ ਜਾਰੀ ਰੱਖੀਆਂ ਅਤੇ 8 ਮਾਰਚ 2024 ਨੂੰ ਰਾਤ ਭਰ ਮਹਾਸ਼ਿਵਰਾਤਰੀ ਦਾ ਜਸ਼ਨ ਵੀ ਆਯੋਜਿਤ ਕੀਤਾ।"
(For more Punjabi news apart from sadhguru health update news in punjabi, stay tuned to Rozana Spokesman)