
ਇਹ ਘਟਨਾ ਭਿਆਨਕ ਅਤੇ ਨਿੰਦਣਯੋਗ ਹੈ, ਪੁਲਿਸ ਸੁਪਰਡੈਂਟ ਨੂੰ ਨੋਟਿਸ ਜਾਰੀ ਕਰ ਕੇ 7 ਫਰਵਰੀ ਤਕ ਮੁੱਢਲੀ ਰੀਪੋਰਟ ਦਾਇਰ ਕਰਨ ਦੇ ਹੁਕਮ ਦਿਤੇ
ਅਹਿਮਦਾਬਾਦ: ਗੁਜਰਾਤ ਹਾਈ ਕੋਰਟ ਨੇ ਬੁਧਵਾਰ ਨੂੰ ਅਹਿਮਦਾਬਾਦ ਜ਼ਿਲ੍ਹੇ ਦੇ ਇਕ ਟਰੱਸਟ ਵਲੋਂ ਚਲਾਏ ਜਾ ਰਹੇ ਹਸਪਤਾਲ ’ਚ ਮੋਤੀਆਬਿੰਦ ਦੀ ਸਰਜਰੀ ਤੋਂ ਬਾਅਦ 17 ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਅੰਸ਼ਕ ਜਾਂ ਪੂਰੀ ਤਰ੍ਹਾਂ ਜਾਣ ਦੇ ਮਾਮਲੇ ਦਾ ਖੁਦ ਨੋਟਿਸ ਲਿਆ ਹੈ। ਅਦਾਲਤ ਨੇ ਕਿਹਾ ਕਿ ਇਹ ਘਟਨਾ ਭਿਆਨਕ ਅਤੇ ਨਿੰਦਣਯੋਗ ਹੈ। ਜਸਟਿਸ ਏ.ਐਸ. ਸੁਪੇਹੀਆ ਅਤੇ ਜਸਟਿਸ ਵਿਮਲ ਕੇ. ਵਿਆਸ ਦੀ ਬੈਂਚ ਨੇ ਸੂਬੇ ਦੇ ਸਿਹਤ ਅਤੇ ਪਰਵਾਰ ਭਲਾਈ ਵਿਭਾਗ ਦੇ ਸਕੱਤਰ ਅਤੇ ਅਹਿਮਦਾਬਾਦ ਦਿਹਾਤੀ ਦੇ ਪੁਲਿਸ ਸੁਪਰਡੈਂਟ ਨੂੰ ਨੋਟਿਸ ਜਾਰੀ ਕਰ ਕੇ 7 ਫਰਵਰੀ ਤਕ ਮੁੱਢਲੀ ਰੀਪੋਰਟ ਦਾਇਰ ਕਰਨ ਦੇ ਹੁਕਮ ਦਿਤੇ ਹਨ।
ਬੈਂਚ ’ਚ ਸ਼ਾਮਲ ਜਸਟਿਸ ਸੁਪੇਹੀਆ ਨੇ ਕਿਹਾ, ‘‘ਅਸੀਂ 17 ਜਨਵਰੀ ਨੂੰ ਪ੍ਰਕਾਸ਼ਿਤ ਖਬਰ ਦਾ ਖੁਦ ਨੋਟਿਸ ਲੈਂਦੇ ਹਾਂ ਕਿਉਂਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਦਾ ਸਿੱਧਾ ਅਸਰ ਬਜ਼ੁਰਗ ਮਰੀਜ਼ਾਂ ਦੀ ਭਲਾਈ ’ਤੇ ਪੈਂਦਾ ਹੈ, ਜਿਨ੍ਹਾਂ ਨੇ ਅਪਣੀ ਨਜ਼ਰ ਗੁਆ ਦਿਤੀ ਹੈ।’’
ਉਨ੍ਹਾਂ ਕਿਹਾ, ‘‘ਇਹ ਜਾਣਨਾ ਵੀ ਜ਼ਰੂਰੀ ਹੈ ਕਿ ਕੀ ਸਰਜਰੀ ਕਰਦੇ ਸਮੇਂ ਕਿਸੇ ਘਟੀਆ ਦਵਾਈ ਦੀ ਵਰਤੋਂ ਕੀਤੀ ਗਈ ਸੀ ਜਾਂ ਅੱਖਾਂ ਦੀ ਸਰਜਰੀ ਤੋਂ ਪਹਿਲਾਂ ਡਾਕਟਰੀ ਪ੍ਰੋਟੋਕੋਲ ਦੀ ਪਾਲਣਾ ਵਿਚ ਕੋਈ ਕਮੀ ਸੀ।’’
ਅਦਾਲਤ ਨੇ ਕਿਹਾ ਕਿ ਰੀਪੋਰਟ ਵਿਚ ਦੋਸ਼ੀ ਮੈਡੀਕਲ ਸਟਾਫ ਜਾਂ ਘਟਨਾ ਲਈ ਜ਼ਿੰਮੇਵਾਰ ਕਿਸੇ ਹੋਰ ਸਟਾਫ ਵਿਰੁਧ ਸੂਬੇ ਦੇ ਅਧਿਕਾਰੀਆਂ ਵਲੋਂ ਦਾਇਰ ਕੀਤੀ ਗਈ ਕਿਸੇ ਅਪਰਾਧਕ ਸ਼ਿਕਾਇਤ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਇਸ ਘਟਨਾ ਦੀ ਪੂਰੀ ਅਤੇ ਗੰਭੀਰਤਾ ਨਾਲ ਜਾਂਚ ਦੀ ਲੋੜ ਹੈ ਤਾਂ ਜੋ ਦੋਸ਼ੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ ਅਤੇ ਪੀੜਤਾਂ ਨੂੰ ਉਚਿਤ ਮੁਆਵਜ਼ਾ ਦਿਤਾ ਜਾ ਸਕੇ।
ਬੈਂਚ ਨੇ ਹਾਈ ਕੋਰਟ ਦੀ ਰਜਿਸਟਰੀ ਨੂੰ ਹੁਕਮ ਦਿਤਾ ਕਿ ਉਹ ਖੁਦ ਨੋਟਿਸ ਪਟੀਸ਼ਨ ਦੇ ਤੌਰ ’ਤੇ ਇਹ ਖ਼ਬਰ ਦਾਇਰ ਕਰੇ ਅਤੇ ਰਾਜ ਦੇ ਸਿਹਤ ਅਤੇ ਪਰਵਾਰ ਭਲਾਈ ਵਿਭਾਗ ਦੇ ਨਾਲ-ਨਾਲ ਐਸ.ਪੀ. (ਅਹਿਮਦਾਬਾਦ ਦਿਹਾਤੀ) ਨੂੰ ਨੋਟਿਸ ਜਾਰੀ ਕਰੇ। ਅਦਾਲਤ ਨੇ ਕਿਹਾ ਕਿ ਰਜਿਸਟਰੀ ਇਸ ਮਾਮਲੇ ਨੂੰ 7 ਫਰਵਰੀ ਨੂੰ ਸੁਣਵਾਈ ਦੀ ਅਗਲੀ ਤਰੀਕ ’ਤੇ ਚੀਫ ਜਸਟਿਸ ਸੁਨੀਤਾ ਅਗਰਵਾਲ ਦੀ ਅਦਾਲਤ ਦੇ ਸਾਹਮਣੇ ਰੱਖੇਗੀ।
ਅਹਿਮਦਾਬਾਦ ਜ਼ਿਲ੍ਹੇ ਦੇ ਇਕ ਟਰੱਸਟ ਵਲੋਂ ਚਲਾਏ ਜਾ ਰਹੇ ਹਸਪਤਾਲ ’ਚ ਮੋਤੀਆਬਿੰਦ ਦੀ ਸਰਜਰੀ ਤੋਂ ਬਾਅਦ ਘੱਟੋ ਘੱਟ 17 ਲੋਕਾਂ ਨੇ ਅੰਸ਼ਕ ਜਾਂ ਪੂਰੀ ਤਰ੍ਹਾਂ ਨਜ਼ਰ ਗੁਆਉਣ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਜਾਂਚ ਦੇ ਹੁਕਮ ਦਿਤੇ। ਅਹਿਮਦਾਬਾਦ ਖੇਤਰ ਦੇ ਡਿਪਟੀ ਡਾਇਰੈਕਟਰ (ਸਿਹਤ ਅਤੇ ਮੈਡੀਕਲ ਸੇਵਾਵਾਂ) ਸਤੀਸ਼ ਮਕਵਾਨਾ ਨੇ ਕਿਹਾ ਕਿ ਰਾਜ ਦੇ ਸਿਹਤ ਅਤੇ ਪਰਵਾਰ ਭਲਾਈ ਵਿਭਾਗ ਨੇ ਜਾਂਚ ਕਰਨ ਲਈ 9 ਮੈਂਬਰੀ ਮਾਹਰ ਕਮੇਟੀ ਦਾ ਗਠਨ ਕੀਤਾ ਹੈ ਅਤੇ ਹਸਪਤਾਲ ਨੂੰ ਅਗਲੇ ਹੁਕਮਾਂ ਤਕ ਮੋਤੀਆਬਿੰਦ ਦੀ ਕੋਈ ਹੋਰ ਸਰਜਰੀ ਨਾ ਕਰਨ ਲਈ ਕਿਹਾ ਹੈ।
ਉਨ੍ਹਾਂ ਦਸਿਆ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 10 ਜਨਵਰੀ ਨੂੰ ਰਾਮਾਨੰਦ ਆਈ ਹਸਪਤਾਲ ’ਚ ਸਰਜਰੀ ਕਰਵਾਉਣ ਵਾਲੇ ਪੰਜ ਮਰੀਜ਼ਾਂ ਨੂੰ ਸੋਮਵਾਰ ਨੂੰ ਇਲਾਜ ਲਈ ਅਹਿਮਦਾਬਾਦ ਸਿਵਲ ਹਸਪਤਾਲ ਦੇ ਅੱਖਾਂ ਦੇ ਵਿਭਾਗ ’ਚ ਰੈਫਰ ਕਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਭਾਵਤ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਲਈ ਵੱਖ-ਵੱਖ ਹਸਪਤਾਲਾਂ ਦੇ ਮਾਹਿਰ ਡਾਕਟਰ ਤਾਇਨਾਤ ਕੀਤੇ ਗਏ ਹਨ। ਮਕਵਾਨਾ ਨੇ ਕਿਹਾ ਕਿ ਇਸ ਮਹੀਨੇ ਹਸਪਤਾਲ ’ਚ ਲਗਭਗ 100 ਮੋਤੀਆਬਿੰਦ ਸਰਜਰੀ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਸਾਰੇ ਮਰੀਜ਼ਾਂ ਦੀ ਜਾਂਚ ਕਰਨ ਲਈ ਵਿਰਾਮਗਾਮ ਕਸਬੇ ’ਚ ਇਕ ਕੈਂਪ ਲਗਾਇਆ ਗਿਆ ਹੈ।