
ਗੁਜਰਾਤ ਵਿਚ ਕੋਰੋਨਾ ਵਾਇਰਸ ਪੀੜਤ ਘੱਟੋ ਘੱਟ 25 ਮਰੀਜ਼ਾਂ ਨੂੰ ਅਹਿਮਦਾਬਾਦ ਦੇ ਸਰਕਾਰੀ ਹਸਪਤਾਲ ਦੁਆਰਾ ਭਰਤੀ
ਅਹਿਮਦਾਬਾਦ, 20 ਅਪ੍ਰੈਲ : ਗੁਜਰਾਤ ਵਿਚ ਕੋਰੋਨਾ ਵਾਇਰਸ ਪੀੜਤ ਘੱਟੋ ਘੱਟ 25 ਮਰੀਜ਼ਾਂ ਨੂੰ ਅਹਿਮਦਾਬਾਦ ਦੇ ਸਰਕਾਰੀ ਹਸਪਤਾਲ ਦੁਆਰਾ ਭਰਤੀ ਕਰਨ ਤੋਂ ਇਨਕਾਰ ਕੀਤੇ ਜਾਣ ਮਗਰੋਂ ਕਈ ਘੰਟੇ ਸੜਕਾਂ ’ਤੇ ਬਿਤਾਉਣੇ ਪਏ। ਬਾਅਦ ਵਿਚ ਮਾਮਲਾ ਸੁਲਝਾਉਣ ਲਈ ਰਾਜ ਸਰਕਾਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਘਟਨਾ ਸਥਾਨ ’ਤੇ ਭੇਜਿਆ।
ਪ੍ਰੇਸ਼ਾਨ ਹਾਲ ਮਰੀਜ਼ਾਂ ਨੂੰ ਛੇ ਘੰਟਿਆਂ ਬਾਅਦ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ। ਪੂਰਾ ਮਾਮਲਾ ਐਤਵਾਰ ਰਾਤ ਨੂੰ ਸਾਹਮਣੇ ਆਇਆ ਜਦ ਮਰੀਜ਼ ਨੇ ਪੂਰੀ ਘਟਨਾ ਦੀ ਵੀਡੀਉ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿਤੀ। ਇਹ ਵੀਡੀਉ ਐਤਵਾਰ ਰਾਤ ਕਰੀਬ ਪੌਣੇ ਨੌਂ ਵਜੇ ਬਣਾਈ ਗਈ ਜਿਸ ਵਿਚ ਕੁੱਝ ਪੁਰਸ਼ ਅਤੇ ਕੁੱਝ ਔਰਤਾਂ ਕਥਿਤ ਤੌਰ ’ਤੇ ਸਰਕਾਰੀ ਹਸਪਤਾਲ ਦੇ ਬਾਹਰ ਖੜੇ ਹਨ ਅਤੇ ਕਹਿ ਰਹੇ ਹਨ ਕਿ ਉਹ ਕੋਰੋਨਾ ਵਾਇਰਸ ਦੇ ਮਰੀਜ਼ ਹਨ ਅਤੇ ਹਸਪਤਾਲ ਵਿਚ ਭਰਤੀ ਹੋਣ ਲਈ ਦੁਪਹਿਰ ਬਾਅਦ ਤਿੰਨ ਵਜੇ ਤੋਂ ਇੰਤਜ਼ਾਰ ਕਰ ਰਹੇ ਹਨ।
File photo
ਇਕ ਔਰਤ ਨੇ ਅਪਣੀ ਵੀਡੀਉ ਵਿਚ ਕਿਹਾ, ‘ਅਸੀਂ ਕੁਲ 25 ਜਣੇ ਹਾਂ ਜਿਨ੍ਹਾਂ ਦੀ ਕਲ ਆਈ ਕੋਰੋਨਾ ਵਾਇਰਸ ਰੀਪੋਰਟ ਵਿਚ ਲਾਗ ਦੀ ਪੁਸ਼ਟੀ ਹੋਈ ਹੈ। ਅਸੀਂ ਦੁਪਹਿਰ ਬਾਅਦ ਤਿੰਨ ਵਜੇ ਤੋਂ ਸਰਕਾਰੀ ਹਸਪਤਾਲ ਦੇ ਬਾਹਰ ਉਡੀਕ ਕਰ ਰਹੇ ਹਾਂ। ਰਾਤ ਹੋ ਗਈ ਹੈ। ਸਾਡੇ ਕੋਲ ਖਾਣਾ ਵੀ ਨਹੀਂ। ਸਾਡੇ ਕੋਲੋਂ ਬਾਹਰ ਉਡੀਕ ਕਰਾਈ ਜਾ ਰਹੀ ਹੈ ਅਤੇ ਕੋਈ ਸਾਨੂੰ ਕੁੱਝ ਨਹੀਂ ਦੱਸ ਰਿਹਾ।’ ਰਾਜ ਦੀ ਮੁੱਖ ਸਕੱਤਰ ਜਯੰਤੀ ਰਵੀ ਨੇ ਦਸਿਆ ਕਿ ਜਿਉਂ ਹੀ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਸਿਹਤ ਕਮਿਸ਼ਨਰ ਜੈ ਪ੍ਰਕਾਸ਼ ਸ਼ਿਵਹਰੇ ਸਣੇ ਕੁੱਝ ਅਧਿਕਾਰੀਆਂ ਨੂੰ ਸਰਕਾਰੀ ਹਸਪਤਾਲ ਭੇਜਿਆ ਗਿਆ ਅਤੇ ਮਰੀਜ਼ਾਂ ਨੂੰ ਦਾਖ਼ਲ ਕੀਤਾ ਗਿਆ।
(ਏਜੰਸੀ)