
ਜਾਂਚ ਦੌਰਾਨ ਯੂਪੀ ਪੁਲਿਸ ਖਿਲਾਫ਼ ਨਹੀਂ ਮਿਲਿਆ ਕੋਈ ਸਬੂਤ
ਨਵੀਂ ਦਿੱਲੀ: ਕਾਨਪੁਰ ਦੇ ਬਿਕਰੂ ਪਿੰਡ ਵਿਚ ਕਈ ਪੁਲਿਸ ਕਰਮਚਾਰੀਆਂ ਦੀ ਹੱਤਿਆ ਕਰਨ ਵਾਲੇ ਗੈਂਗਸਟਰ ਵਿਕਾਸ ਦੁਬੇ ਦੇ ਮੁਕਾਬਲੇ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਦੀ ਪੁਲਿਸ ਨੂੰ ਵੱਡੀ ਰਾਹਤ ਮਿਲੀ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ ਵਿਚ ਉੱਤਰ ਪ੍ਰਦੇਸ਼ ਦੀ ਪੁਲਿਸ ਖਿਲਾਫ਼ ਕੋਈ ਸਬੂਤ ਨਹੀਂ ਮਿਲਿਆ ਹੈ, ਜਿਸ ਦੇ ਮੱਦੇਨਜ਼ਰ ਜਸਟਿਸ ਬੀਐਸ ਚੌਹਾਨ ਕਮਿਸ਼ਨ ਦੀ ਰਿਪੋਰਟ ਵਿਚ ਯੂਪੀ ਪੁਲਿਸ ਨੂੰ ਇਸ ਮਾਮਲੇ ਵਿਚ ਕਲੀਨ ਚਿੱਟ ਦੇ ਦਿੱਤੀ ਗਈ ਹੈ।
Vikas Dubey
ਗੈਂਗਸਟਰ ਵਿਕਾਸ ਦੁਬੇ ਦੇ ਮੁਕਾਬਲੇ ਦੇ ਮਾਮਲੇ ਵਿਚ ਹੋ ਰਹੀ ਜਾਂਚ ਵਿਚ ਯੂਪੀ ਪੁਲਿਸ ਦੇ ਫਰਜ਼ੀ ਮੁਠਭੇੜ ਕਰਨ ਖਿਲਾਫ਼ ਕੋਈ ਸਬੂਤ ਨਹੀਂ ਮਿਲਿਆ ਹੈ।ਦੱਸ ਦਈਏ ਕਿ ਵਿਕਾਸ ਦੁਬੇ ਦੇ ਐਨਕਾਊਂਟਰ ਦੇ ਕੇਸ ਵਿਚ ਪਿਛਲੇ ਸਾਲ 22 ਜੁਲਾਈ ਨੂੰ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਬੀਐਸ ਚੌਹਾਨ ਦੀ ਆਗਵਾਈ ਵਿਚ ਇਕ ਕਮਿਸ਼ਨ ਦਾ ਗਠਨ ਕੀਤਾ ਗਿਆ। ਕਮਿਸ਼ਨ ਨੇ ਅੱਠ ਮਹੀਨੇ ਦੀ ਖੋਜ ਤੋਂ ਬਾਅਦ ਸੋਮਵਾਰ ਨੂੰ ਯੂਪੀ ਸਰਕਾਰ ਨੂੰ ਅਪਣੀ ਰਿਪੋਰਟ ਸੌਂਪੀ। ਇਸ ਰਿਪੋਰਟ ਵਿਚ ਦੱਸਿਆ ਗਿਆ ਕਿ ਮਾਮਲੇ ਵਿਚ ਪੁਲਿਸ ਖਿਲਾਫ਼ ਕੋਈ ਸਬੂਤ ਨਹੀਂ ਮਿਲਿਆ ਹੈ।
Up Police
ਜ਼ਿਕਰਯੋਗ ਹੈ ਕਿ ਪਿਛਲੇ ਸਾਲ 3 ਜੁਲਾਈ ਨੂੰ ਕਾਨਪੁਰ ਦੇ ਪਿੰਡ ਬਿਕਰੂ ਵਿਚ ਵਿਕਾਸ ਦੁਬੇ ਅਤੇ ਉਸ ਦੇ ਸਾਥੀਆਂ ਨੇ ਡੀਐਸਪੀ ਸਮੇਤ 8 ਪੁਲਿਸ ਕਰਮਚਾਰੀਆਂ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ 10 ਜੁਲਾਈ ਨੂੰ ਪੁਲਿਸ ਨੇ ਵਿਕਾਸ ਦੁਬੇ ਨੂੰ ਮੁਠਭੇੜ ਵਿਚ ਮਾਰ ਦਿੱਤਾ। ਇਸ ਤੋਂ ਬਾਅਦ ਇਸ ਮੁਠਭੇੜ ਨੂੰ ਫਰਜ਼ੀ ਦੱਸਦੇ ਹੋਏ ਸੁਪਰੀਮ ਕੋਰਟ ਵਿਚ 6 ਪਟੀਸ਼ਨਾਂ ਦਰਜ ਕੀਤੀ ਗਈਆਂ ਸਨ।