
ਗ਼ੈਰ ਸਰਕਾਰੀ ਸੰਗਠਨਾਂ ਅਨੁਸਾਰ, ਭਾਰਤ ’ਚ ਕਰੀਬ 40 ਹਜ਼ਾਰ ਰੋਹਿੰਗੀਆ ਸ਼ਰਨਾਰਥੀ ਰਹਿ ਰਹੇ ਹਨ
ਨਵੀਂ ਦਿੱਲੀ : ਦਿੱਲੀ ਦੇ ਕਈ ਸ਼ਰਨਾਰਥੀ ਕੈਂਪਾਂ ’ਚ ਰਹਿ ਰਹੇ ਰੋਹਿੰਗੀਆ ਮੁਸਲਮਾਨਾਂ ਕੋਲ ਨਾ ਤਾਂ ਇਲਾਜ ਲਈ ਪੈਸਾ ਹੈ ਅਤੇ ਨਾ ਹੀ ਕੋਵਿਡ ਰੋਕੂ ਟੀਕਾ ਲਗਵਾਉਣ ਲਈ ਦਸਤਾਵੇਜ਼ ਹਨ। ਜਿਸ ਨਾਲ ਮਹਾਂਮਾਰੀ ਦੇ ਇਸ ਦੌਰ ’ਚ ਜਿਊਂਦੇ ਰਹਿਣ ਲਈ ਉਹ ਖ਼ੁਦ ਹੀ ਸੰਘਰਸ਼ ਕਰ ਰਹੇ ਹਨ। ਸਰਕਾਰ ਨੇ ਉਨ੍ਹਾਂ ਲੋਕਾਂ ਲਈ ਜਾਂਚ ਅਤੇ ਟੀਕਾਕਰਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਆਸਾਨ ਬਣਾਇਆ ਹੈ ਜਿਨ੍ਹਾਂ ਕੋਲ ਪੂਰੇ ਦਸਤਾਵੇਜ਼ ਨਹੀਂ ਹਨ ਪਰ ਕਈ ਸ਼ਰਨਾਰਥੀਆਂ ਦਾ ਕਹਿਣਾ ਹੈ ਕਿ ਜ਼ਮੀਨੀ ਪੱਧਰ ’ਤੇ ਇਸ ਨਾਲ ਕੋਈ ਫਰਕ ਨਹੀਂ ਪਿਆ।
Rohingyas
ਸ਼ਹਿਰ ਦੇ ਮਦਨਪੁਰ ਖਾਦਰ ਕੈਂਪ ’ਚ ਕਰੀਬ 270 ਰੋਹਿੰਗੀਆ ਮੁਸਲਿਮ ਰਹਿੰਦੇ ਹਨ, ਜੋ ਅੱਤਿਆਚਾਰਾਂ ਤੋਂ ਬਚਣ ਲਈ ਮਿਆਂਮਾਰ ’ਚ ਅਪਣੇ ਘਰਾਂ ਤੋਂ ਦੌੜ ਆਏ। ਝੁੱਗੀ ਬਸਤੀ ’ਚ ਰਹਿ ਰਹੇ ਕਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖ਼ੁਦ ਤੋਂ ਹੀ ਬੀਮਾਰੀ ਦੇ ਲੱਛਣਾਂ ਨਾਲ ਲੜਨਾ ਸਿਖ ਲਿਆ ਹੈ, ਜਿਸ ’ਚ ਕਈ ਘਰੇਲੂ ਇਲਾਜ ਜਿਵੇਂ ਕਿ ਨਮਕ ਦੇ ਪਾਣੀ ਨਾਲ ਗਰਾਰੇ ਕਰਨਾ ਅਤੇ ਸਥਿਤੀ ਗੰਭੀਰ ਹੋਣ ’ਤੇ ਆਪਣੀਆਂ ਝੁੱਗੀਆਂ ’ਚ ਹੀ ਏਕਾਂਤਵਾਸ ਰਹਿਣਾ ਸ਼ਾਮਲ ਹੈ।
Rohingyas
ਅਜਿਹੇ ਹੀ ਇਕ ਨੌਜਵਾਨ ਦਿਹਾੜੀ ਮਜਦੂਰ ਆਮਿਰ ’ਚ ਕੋਰੋਨਾ ਵਾਇਰਸ ਦੇ ਲੱਛਣ ਦਿੱਸ ਰਹੇ ਹਨ ਅਤੇ ਉਹ ਅਪਣੀ ਖੰਘ ਦੂਰ ਕਰਨ ਲਈ ਦਿਨ ’ਚ ਚਾਰ ਵਾਰ ਨਮਕ ਦੇ ਪਾਣੀ ਦੇ ਗਰਾਰੇ ਕਰ ਰਿਹਾ ਹੈ। ਇਸ ਨਾਲ ਕੁੱਝ ਰਾਹਤ ਤਾਂ ਮਿਲ ਰਹੀ ਹੈ ਪਰ ਉਸ ਨੂੰ ਨਹੀਂ ਪਤਾ ਕਿ ਹਾਲਤ ਵਿਗੜਨ ’ਤੇ ਕੀ ਕਰੇਗਾ। ਉਸ ਕੋਲ ਨਾ ਆਧਾਰ ਕਾਰਡ ਹੈ ਅਤੇ ਨਾ ਹੀ ਕੋਈ ਹੋਰ ਦਸਤਾਵੇਜ। ਅਜਿਹਾ ਹੀ ਹਾਲ ਉਸ ਦੇ ਨਾਲ ਰਹਿ ਰਹੇ ਹੋਰ ਲੋਕਾਂ ਦਾ ਵੀ ਹੈ।
Rohingyas People
ਪਿਛਲੇ ਮਹੀਨੇ ਜਦੋਂ ਮਹਾਂਮਾਰੀ ਸਿਖਰ ’ਤੇ ਸੀ ਤਾਂ ਮਦਨਪੁਰ ਖਾਦਰ ਕੈਂਪ ’ਚ ਕਰੀਬ 50-60 ਰੋਹਿੰਗੀਆ ਸ਼ਰਨਾਰਥੀਆਂ ਦੇ ਲੱਛਣ ਦਿੱਸੇ ਸਨ। ਹੁਣ ਕਰੀਬ 20-25 ਲੋਕਾਂ ’ਚ ਲੱਛਣ ਹਨ। ਗ਼ੈਰ ਸਰਕਾਰੀ ਸੰਗਠਨਾਂ ਅਨੁਸਾਰ, ਭਾਰਤ ’ਚ ਕਰੀਬ 40 ਹਜ਼ਾਰ ਰੋਹਿੰਗੀਆ ਸ਼ਰਨਾਰਥੀ ਰਹਿ ਰਹੇ ਹਨ। ਮਦਨਪੁਰ ਖਾਦਰ, ਕਾਲਿੰਦੀ ਕੁੰਜ ਅਤੇ ਸ਼ਾਹੀਨ ਬਾਗ਼ ’ਚ ਕੰਪਲੈਕਸਾਂ ’ਚ ਕਰੀਬ 900 ਸ਼ਰਨਾਰਥੀ ਰਹਿ ਰਹੇ ਹਨ।