
ਕਿਹਾ, ਪ੍ਰਧਾਨ ਮੰਤਰੀ ‘ਮੱਝਾਂ ਖੋਹਣ’ ਅਤੇ ਬਜਟ ਦਾ 15 ਫੀ ਸਦੀ ਮੁਸਲਮਾਨਾਂ ਨੂੰ ਦੇਣ ਦੀ ਗੱਲ ਕਹਿ ਕੇ ਖੁਦ ਸਮਾਜ ਵਿਚ ਵੰਡੀਆਂ ਪੈਦਾ ਕਰ ਰਹੇ ਹਨ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਜ਼ਾਨਾ ਹਿੰਦੂ-ਮੁਸਲਿਮ ਬਿਆਨਬਾਜ਼ੀ ਕਰ ਰਹੇ ਹਨ ਅਤੇ ਸਮਾਜ ’ਚ ‘ਨਫ਼ਰਤ ਨੂੰ ਉਤਸ਼ਾਹਿਤ’ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਜਨਤਕ ਜੀਵਨ ਛੱਡ ਦੇਣਾ ਚਾਹੀਦਾ ਹੈ।
ਖੜਗੇ ਨੇ ‘ਪੀ.ਟੀ.ਆਈ.-ਭਾਸ਼ਾ’ ਨੂੰ ਦਿਤੀ ਇਕ ਇੰਟਰਵਿਊ ’ਚ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਇਰਾਦੇ ਸਾਫ਼ ਨਹੀਂ ਹਨ ਕਿਉਂਕਿ ਉਹ ਚੋਣ ਪ੍ਰਚਾਰ ਦੌਰਾਨ ਹਿੰਦੂ-ਮੁਸਲਿਮ ਬਿਆਨਬਾਜ਼ੀ ਦੇ ਨਾਲ ਰੋਜ਼ਾਨਾ ‘ਨਫ਼ਰਤ ਭਰੇ ਭਾਸ਼ਣ’ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ‘ਮੱਝਾਂ ਖੋਹਣ’ ਅਤੇ ਬਜਟ ਦਾ 15 ਫੀ ਸਦੀ ਮੁਸਲਮਾਨਾਂ ਨੂੰ ਦੇਣ ਦੀ ਗੱਲ ਕਰਦੇ ਹਨ ਅਤੇ ਅਜਿਹੀਆਂ ਗੱਲਾਂ ਕਹਿ ਕੇ ਉਹ ਖੁਦ ਸਮਾਜ ਵਿਚ ਵੰਡੀਆਂ ਪੈਦਾ ਕਰ ਰਹੇ ਹਨ।
ਕਾਂਗਰਸ ਪ੍ਰਧਾਨ ਦਾ ਕਹਿਣਾ ਸੀ, ‘ਦੂਜੇ ਪਾਸੇ ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਉਹ ਹਿੰਦੂ-ਮੁਸਲਿਮ ਦੀ ਗੱਲ ਕਰਨਗੇ ਤਾਂ ਉਨ੍ਹਾਂ ਨੂੰ ਜਨਤਕ ਜੀਵਨ ’ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਜਿਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਰੋਜ਼ ਕਹਿੰਦੇ ਹੋ, ਤੁਹਾਨੂੰ ਜਨਤਕ ਜੀਵਨ ਛੱਡ ਦੇਣਾ ਚਾਹੀਦਾ ਹੈ।’’ ਉਨ੍ਹਾਂ ਨੇ ਮੋਦੀ ਨੂੰ ਹਿੰਦੂਆਂ ਅਤੇ ਮੁਸਲਮਾਨਾਂ ’ਤੇ ਅਪਣੇ ਭਾਸ਼ਣਾਂ ਦਾ ਰੀਕਾਰਡ ਵੇਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇਸ ’ਤੇ ਵੀ ਝੂਠ ਬੋਲ ਰਹੇ ਹਨ।
ਖੜਗੇ ਨੇ ਕਿਹਾ, ‘‘ਘੱਟੋ-ਘੱਟ ਉਨ੍ਹਾਂ ਨੇ ਜੋ ਕਿਹਾ ਹੈ ਉਸ ’ਤੇ ਕਾਇਮ ਰਹਿਣਾ ਚਾਹੀਦਾ ਹੈ। ਉਹ ਅਪਣੀ ਗਲਤੀ ਵੀ ਨਹੀਂ ਮੰਨਦੇ ਅਤੇ ਮੁਆਫੀ ਵੀ ਨਹੀਂ ਮੰਗਦੇ। ਇਕ ਪਾਸੇ ਉਹ ਅਜਿਹੀਆਂ ਗੱਲਾਂ ਕਹਿੰਦੇ ਹਨ ਅਤੇ ਦੂਜੇ ਪਾਸੇ ਕਹਿੰਦੇ ਹਨ ਕਿ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਹ ਜਨਤਕ ਜੀਵਨ ’ਚ ਰਹਿਣ ਦੇ ਯੋਗ ਨਹੀਂ ਹੋਣਗੇ।’’
ਜ਼ਿਕਰਯੋਗ ਹੈ ਕਿ ਮੋਦੀ ਨੇ ਪਹਿਲਾਂ ਇਕ ਟੀ.ਵੀ. ਚੈਨਲ ਨੂੰ ਕਿਹਾ ਸੀ ਕਿ ਜੇਕਰ ਉਹ ਹਿੰਦੂਆਂ ਅਤੇ ਮੁਸਲਮਾਨਾਂ ਬਾਰੇ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਜਨਤਕ ਜੀਵਨ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।
ਐਤਵਾਰ ਰਾਤ ਨੂੰ ਪੀ.ਟੀ.ਆਈ. ਨੂੰ ਦਿਤੇ ਇਕ ਇੰਟਰਵਿਊ ’ਚ ਵੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਘੱਟ ਗਿਣਤੀਆਂ ਵਿਰੁਧ ਇਕ ਸ਼ਬਦ ਨਹੀਂ ਬੋਲਿਆ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾ ਸਿਰਫ ਅੱਜ ਬਲਕਿ ਉਸ ਤੋਂ ਬਾਅਦ ਕਦੇ ਘੱਟ ਗਿਣਤੀਆਂ ਦੇ ਵਿਰੁਧ ਨਹੀਂ ਰਹੀ। ਪ੍ਰਧਾਨ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਿਸੇ ਨੂੰ ਵੀ ‘ਵਿਸ਼ੇਸ਼ ਨਾਗਰਿਕ’ ਵਜੋਂ ਮਨਜ਼ੂਰ ਕਰਨ ਲਈ ਤਿਆਰ ਨਹੀਂ ਹਨ।
ਖੜਗੇ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਸਮਾਜ ਦਾ ਧਰੁਵੀਕਰਨ ਕਰਨ ਲਈ ਨਫ਼ਰਤ ਭਰੇ ਭਾਸ਼ਣ ਦੇ ਰਹੇ ਹਨ। ਉਨ੍ਹਾਂ ਕਿਹਾ, ‘‘ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਹਨ ਪਰ ਵੋਟਾਂ ਵੰਡਣ ਲਈ ਨਫ਼ਰਤ ਭਰੇ ਭਾਸ਼ਣ ਦਿੰਦੇ ਰਹਿੰਦੇ ਹਨ। ਕੀ ਉਨ੍ਹਾਂ ਨੇ ਕਦੇ ਸੰਵਿਧਾਨ ਜਾਂ ਮੁਸਲਮਾਨਾਂ ਦੇ ਵਿਰੁਧ ਬੋਲਣ ਵਾਲਿਆਂ ਜਾਂ ਔਰਤਾਂ ਵਿਰੁਧ ਅਪਰਾਧਾਂ ਅਤੇ ਆਦਿਵਾਸੀਆਂ ’ਤੇ ਪਿਸ਼ਾਬ ਕਰਨ ਵਾਲਿਆਂ ਦੀ ਨਿੰਦਾ ਕੀਤੀ, ਕੀ ਉਨ੍ਹਾਂ ਨੇ ਕਦੇ ਅਜਿਹੇ ਲੋਕਾਂ ਵਿਰੁਧ ਬੋਲਿਆ?’’
ਉਨ੍ਹਾਂ ਕਿਹਾ, ‘‘ਉਹ ਚੋਣ ਪ੍ਰਚਾਰ ’ਤੇ ਕਰੋੜਾਂ ਰੁਪਏ ਖਰਚ ਕਰ ਰਹੇ ਹਨ। ਉਨ੍ਹਾਂ ਦੇ ਇਰਾਦੇ ਸਪੱਸ਼ਟ ਨਹੀਂ ਹਨ ਕਿਉਂਕਿ ਉਹ ਹਿੰਦੂ-ਮੁਸਲਿਮ ਨਫ਼ਰਤ ਭਰੇ ਭਾਸ਼ਣ ਦੇ ਰਹੇ ਹਨ ਅਤੇ ਸਮਾਜ ਵਿਚ ਵੰਡ ਪੈਦਾ ਕਰਨ ਲਈ ਨਫ਼ਰਤ ਫੈਲਾ ਰਹੇ ਹਨ। ਇਹੀ ਕਾਰਨ ਹੈ ਕਿ ਸਾਡੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਪਿਆਰ ਦੀ ਦੁਕਾਨ ਖੋਲ੍ਹਣਗੇ।’’