
ਮੁਕੱਦਮੇ ਮੁਤਾਬਕ ਰਾਮਦੇਵ ਨੇ ‘ਕੋਰੋਨਿਲ’ ਨੂੰ ਲੈ ਕੇ ਬੇਬੁਨਿਆਦ ਦਾਅਵੇ ਕਰਦੇ ਹੋਏ ਕਿਹਾ ਕਿ ਇਹ ਕੋਵਿਡ-19 ਦਾ ਇਲਾਜ ਹੈ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਸਵਾਮੀ ਰਾਮਦੇਵ ਵਿਰੁਧ ਕਈ ਮੈਡੀਕਲ ਐਸੋਸੀਏਸ਼ਨਾਂ ਵਲੋਂ ਦਾਇਰ ਪਟੀਸ਼ਨ ’ਤੇ ਮੰਗਲਵਾਰ ਨੂੰ ਅਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਇਹ ਪਟੀਸ਼ਨ ਰਾਮਦੇਵ ਦੇ ‘ਕੋਰੋਨਿਲ’ ਬਾਰੇ ਕਥਿਤ ‘ਬੇਬੁਨਿਆਦ’ ਦਾਅਵੇ ਵਿਰੁਧ ਦਾਇਰ ਕੀਤੀ ਗਈ ਸੀ ਕਿ ਇਹ ਸਿਰਫ ਇਮਿਊਨਿਟੀ ਬੂਸਟਰ ਨਹੀਂ ਹੈ, ਬਲਕਿ ਕੋਵਿਡ-19 ਦਾ ‘ਇਲਾਜ’ ਹੈ।
ਇਹ ਪਟੀਸ਼ਨ ਯੋਗ ਗੁਰੂ, ਉਨ੍ਹਾਂ ਦੇ ਸਹਿਯੋਗੀ ਆਚਾਰੀਆ ਬਾਲਕ੍ਰਿਸ਼ਨ ਅਤੇ ਰਾਮਦੇਵ ਵਲੋਂ ਸਥਾਪਤ ਪਤੰਜਲੀ ਆਯੁਰਵੇਦ ਦੇ ਵਿਰੁਧ ਪ੍ਰੈਕਟੀਸ਼ਨਰ ਐਸੋਸੀਏਸ਼ਨਾਂ ਵਲੋਂ ਦਾਇਰ 2021 ਦੇ ਮੁਕੱਦਮੇ ਦਾ ਹਿੱਸਾ ਹੈ। ਮੁਕੱਦਮੇ ਮੁਤਾਬਕ ਰਾਮਦੇਵ ਨੇ ‘ਕੋਰੋਨਿਲ’ ਨੂੰ ਲੈ ਕੇ ਬੇਬੁਨਿਆਦ ਦਾਅਵੇ ਕਰਦੇ ਹੋਏ ਕਿਹਾ ਕਿ ਇਹ ਕੋਵਿਡ-19 ਦਾ ਇਲਾਜ ਹੈ।
ਪਟੀਸ਼ਨ ’ਚ ਕਿਹਾ ਗਿਆ ਹੈ ਕਿ ਕੋਰੋਨਿਲ ਨੂੰ ਸਿਰਫ ਇਮਿਊਨਿਟੀ ਵਧਾਉਣ ਵਾਲੀ ਦਵਾਈ ਦੇ ਤੌਰ ’ਤੇ ਲਾਇਸੈਂਸ ਦਿਤਾ ਗਿਆ ਹੈ, ਜਦਕਿ ਰਾਮਦੇਵ ਦਾ ਦਾਅਵਾ ਇਸ ਦੇ ਉਲਟ ਹੈ। ਸ਼ਿਕਾਇਤਕਰਤਾਵਾਂ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਨੇ ਉੱਤਰਦਾਤਾਵਾਂ ਨੂੰ ਭਵਿੱਖ ’ਚ ਅਜਿਹੇ ਬਿਆਨ ਦੇਣ ਤੋਂ ਰੋਕਣ ਲਈ ਹੁਕਮ ਦੇਣ ਦੀ ਵੀ ਮੰਗ ਕੀਤੀ। ਜਸਟਿਸ ਅਨੂਪ ਜੈਰਾਮ ਭੰਭਾਨੀ ਨੇ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ।