
ਕਿਹਾ, ਕੋਵਿਡ-19 ਕਾਰਨ 10ਵੀਂ ਦਾ ਸਿਲੇਬਸ ਹੌਲਾ ਕਰਨ ਲਈ ਕੀਤੀ ਗਈ ਕੱਟ-ਵੱਢ, ਐਨ.ਸੀ.ਈ.ਆਰ.ਟੀ. ਨੇ ਬਾਅਦ ’ਚ ਵਾਪਸ ਲਿਆਉਣ ਦਾ ਦਿਤਾ ਭਰੋਸਾ
ਪੁਣੇ: ਕੇਂਦਰੀ ਸਿਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸਕੂਲਾਂ ਦੀਆਂ ਕਿਤਾਬਾਂ ’ਚੋਂ ਚਾਰਲਸ ਡਾਰਵਿਨ ਦੇ ਵਿਕਾਸਵਾਦ ਦੇ ਸਿਧਾਂਤ ਨੂੰ ‘ਹਟਾਏ’ ਜਾਣ ਬਾਬਤ ਖਦਸ਼ਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ‘ਅਜਿਹਾ ਕੁਝ ਵੀ ਨਹੀਂ ਹੋਇਆ ਹੈ।’ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਭੰਡਾਰਕਰ ਓਰੀਐਂਟਲ ਰੀਸਰਚ ਇੰਸਟੀਚਿਊਟ ’ਚ ਕਰਵਾਏ ਇਕ ਪ੍ਰੋਗਰਾਮ ’ਚ ਪ੍ਰਧਾਨ ਨੇ ਇਹ ਦਾਅਵਾ ਕੀਤਾ।
ਉਨ੍ਹਾਂ ਕਿਹਾ, ‘‘ਇਨ੍ਹੀਂ ਦਿਨੀਂ ਇਹ ਚਰਚਾ ਹੈ ਕਿ ਐਨ.ਸੀ.ਈ.ਆਰ.ਟੀ. ਦੀਆਂ ਪਾਠ ਪੁਸਤਕਾਂ ’ਚੋਂ ਡਾਰਵਿਨ ਦੇ ਵਿਕਾਸਵਾਦ ਦੇ ਸਿਧਾਂਤ ਨੂੰ ਹਟਾ ਦਿਤਾ ਗਿਆ ਹੈ ਅਤੇ ਆਵਰਡ ਸਾਰਨੀ (ਪੀਰੀਆਡਿਕ ਟੇਬਲ) ਨੂੰ ਵੀ ਕਿਤਾਬਾਂ ’ਚ ਥਾਂ ਨਹੀਂ ਦਿਤੀ ਗਈ। ਪਰ ਅਜਿਹਾ ਕੁਝ ਵੀ ਨਹੀਂ ਹੋਇਆ ਹੈ।’’
ਇਹ ਵੀ ਪੜ੍ਹੋ: ਗੁਜਰਾਤ 'ਚ ED ਦੀ ਵੱਡੀ ਕਾਰਵਾਈ, ਸੁਰੇਸ਼ ਜੱਗੂਭਾਈ ਪਟੇਲ ਅਤੇ ਉਸ ਦੇ ਸਾਥੀਆਂ ਦੇ 9 ਟਿਕਾਣਿਆਂ 'ਤੇ ਛਾਪੇਮਾਰੀ
ਕੇਂਦਰੀ ਮੰਤਰੀ ਨੇ ਕਿਹਾ ਕਿ ਵਿਵਾਦ ਵਧਣ ਤੋਂ ਬਾਅਦ ਉਨ੍ਹਾਂ ਨੇ ਐਨ.ਸੀ.ਈ.ਆਰ.ਟੀ. ਨਾਲ ਗੱਲ ਕੀਤੀ ਸੀ। ਉਨ੍ਹਾਂ ਕਿਹਾ, ‘‘ਐਨ.ਸੀ.ਈ.ਆਰ.ਟੀ. ਮੁਤਾਬਕ ਮਾਹਰਾਂ ਨੇ ਸੁਝਾਅ ਦਿਤਾ ਸੀ ਕਿ ਕੋਵਿਡ-19 ਮਹਾਮਾਰੀ ਦੌਰਾਨ ਪੜ੍ਹਾਈ ’ਚੋਂ ਦੁਹਰਾਅ ਵਾਲੇ ਕੁਝ ਹਿੱਸਿਆਂ ਨੂੰ ਹੀ ਹਟਾਇਆ ਜਾ ਸਕਦਾ ਹੈ ਅਤੇ ਬਾਅਦ ’ਚ ਉਨ੍ਹਾਂ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ। ਇਸ ਲਈ, ਜਮਾਤ 8 ਅਤੇ 9 ਦੇ ਸਿਲੇਬਸ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ। 10ਵੀਂ ਜਮਾਤ ’ਚ ਵਿਕਾਸਵਾਦ ਦੇ ਸਿਧਾਂਤ ਨਾਲ ਜੁੜ ਕੁਝ ਹਿੱਸੇ ਪਿਛਲੇ ਸਾਲ ਹਟਾ ਦਿਤੇ ਗਏ ਸਨ। ਪਰ 11ਵੀਂ ਅਤੇ 12ਵੀਂ ਦੇ ਸਿਲੇਬਸ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ।’’
ਪ੍ਰਧਾਨ ਨੇ ਕਿਹਾ ਕਿ ਲੋਕ ਸੋਚਦੇ ਹਨ ਕਿ ਜੋ ਵਿਦਿਆਰਥੀ 10ਵੀਂ ਜਮਾਤ ਤੋਂ ਬਾਅਦ ਵਿਗਿਆਨ ਦੀ ਪੜ੍ਹਾਈ ਨਹੀਂ ਕਰਨਗੇ, ਉਹ ਡਾਰਵਿਨ ਦੇ ਵਿਕਾਸਵਾਦ ਦੇ ਸਿਧਾਂਤ ਨਾਲ ਸਬੰਧਤ ਕੁਝ ਵਿਸ਼ੇਸ਼ ਪਹਿਲੂਆਂ ਦੇ ਗਿਆਨ ਤੋਂ ਵਾਂਝੇ ਰਹਿ ਜਾਣਗੇ, ਜੋ ਇਕ ਜਾਇਜ਼ ਚਿੰਤਾ ਹੈ। ਉਨ੍ਹਾਂ ਕਿਹਾ, ‘‘ਆਵਰਤ ਸਾਰਨੀ 9ਵੀਂ ਜਮਾਤ ’ਚ ਵੀ ਪੜ੍ਹਾਈ ਜਾਂਦੀ ਹੈ ਅਤੇ ਇਹ 11ਵੀਂ ਤੇ 12ਵੀਂ ਜਮਾਤ ਦੀਆਂ ਕਿਤਾਬਾਂ ’ਚ ਵੀ ਸ਼ਾਮਲ ਹੈ। ਐਨ.ਸੀ.ਈ.ਆਰ.ਟੀ. ਮੁਤਾਬਕ (ਵਿਕਾਸਵਾਦ ਦੇ ਸਿਧਾਂਤ ਨਾਲ ਜੁੜੇ) ਸਿਰਫ਼ ਇਕ ਜਾਂ ਦੋ ਉਦਾਹਰਣ ਹਟਾਏ ਗਏ ਸਨ। ਪਰ ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਕੌਮੀ ਸਿਖਿਆ ਨੀਤੀ ਲਾਗੂ ਕੀਤੀ ਜਾ ਰਹੀ ਹੈ ਅਤੇ ਇਸ ਨੀਤੀ ਅਨੁਸਾਰ ਨਵੀਂਆਂ ਕਿਤਾਬਾਂ ਤਿਆਰ ਕੀਤੀਆਂ ਜਾ ਰਹੀਆਂ ਹਨ।’’