
ਪਣ ਬਿਜਲੀ ਪ੍ਰਾਜੈਕਟਾਂ ਅਤੇ ਜਲ ਸਪਲਾਈ ਲਈ ਮਹੱਤਵਪੂਰਨ ਹਨ ਇਹ ਜਲ ਭੰਡਾਰ
ਨਵੀਂ ਦਿੱਲੀ: ਦੇਸ਼ ਦੇ 150 ਪ੍ਰਮੁੱਖ ਜਲ ਭੰਡਾਰਾਂ ਦਾ ਭੰਡਾਰਨ ਪੱਧਰ ਪਿਛਲੇ ਕੁੱਝ ਹਫਤਿਆਂ ਤੋਂ ਜਾਰੀ ਗਰਮੀ ਕਾਰਨ ਕੁਲ ਭੰਡਾਰਨ ਸਮਰੱਥਾ ਦਾ 21 ਫੀ ਸਦੀ ਰਹਿ ਗਿਆ ਹੈ। ਕੇਂਦਰੀ ਜਲ ਕਮਿਸ਼ਨ (ਸੀ.ਡਬਲਿਊ.ਸੀ.) ਨੇ ਸ਼ੁਕਰਵਾਰ ਨੂੰ ਦੇਸ਼ ਭਰ ਦੇ 150 ਪ੍ਰਮੁੱਖ ਜਲ ਭੰਡਾਰਾਂ ਦੇ ਤਾਜ਼ੇ ਭੰਡਾਰਨ ਪੱਧਰ ਦੀ ਸਥਿਤੀ ’ਤੇ ਅਪਣਾ ਹਫਤਾਵਾਰੀ ਬੁਲੇਟਿਨ ਜਾਰੀ ਕੀਤਾ।
ਇਨ੍ਹਾਂ ਜਲ ਭੰਡਾਰਾਂ ਦੀ ਸਾਂਝੀ ਭੰਡਾਰਨ ਸਮਰੱਥਾ, ਜੋ ਪਣ ਬਿਜਲੀ ਪ੍ਰਾਜੈਕਟਾਂ ਅਤੇ ਜਲ ਸਪਲਾਈ ਲਈ ਮਹੱਤਵਪੂਰਨ ਹਨ, 178.784 ਬਿਲੀਅਨ ਕਿਊਬਿਕ ਮੀਟਰ (ਬੀ.ਸੀ.ਐਮ.) ਹੈ, ਜੋ ਦੇਸ਼ ’ਚ ਬਣਾਈ ਗਈ ਕੁਲ ਭੰਡਾਰਨ ਸਮਰੱਥਾ ਦਾ ਲਗਭਗ 69.35 ਫ਼ੀ ਸਦੀ ਹੈ। ਸੀ.ਡਬਲਯੂ.ਸੀ. ਅਨੁਸਾਰ, ਵੀਰਵਾਰ ਤਕ ਇਨ੍ਹਾਂ ਜਲ ਭੰਡਾਰਾਂ ’ਚ ਉਪਲਬਧ ਪਾਣੀ ਦਾ ਭੰਡਾਰ 37.662 ਬੀ.ਸੀ.ਐਮ. ਹੈ, ਜੋ ਉਨ੍ਹਾਂ ਦੀ ਕੁਲ ਸਮਰੱਥਾ ਦਾ 21 ਫ਼ੀ ਸਦੀ ਹੈ।
ਮੌਜੂਦਾ ਭੰਡਾਰਨ 41.446 ਬੀ.ਸੀ.ਐਮ. ਦੇ 10 ਸਾਲਾਂ ਦੇ ਔਸਤ (ਆਮ) ਭੰਡਾਰਨ ਤੋਂ ਘੱਟ ਹੈ। ਇਸ ਤਰ੍ਹਾਂ, ਮੌਜੂਦਾ ਭੰਡਾਰਨ ਪਿਛਲੇ ਸਾਲ ਦੇ ਪੱਧਰ ਦਾ 80% ਅਤੇ ਇਸ ਮਿਆਦ ਦੌਰਾਨ ਆਮ ਸਟੋਰੇਜ ਦਾ 91% ਹੈ। ਉੱਤਰੀ ਅਤੇ ਪੂਰਬੀ ਭਾਰਤ ਦੇ ਵੱਡੇ ਹਿੱਸੇ ਲੰਮੇ ਸਮੇਂ ਤੋਂ ਭਿਆਨਕ ਗਰਮੀ ਦੀ ਲਪੇਟ ਵਿਚ ਹਨ, ਜਿਸ ਕਾਰਨ ਕੌਮੀ ਰਾਜਧਾਨੀ ਸਮੇਤ ਦੇਸ਼ ਦੇ ਕਈ ਖੇਤਰਾਂ ਵਿਚ ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ। ਜਲ ਭੰਡਾਰਾਂ ਦੀ ਭੰਡਾਰਨ ਸਮਰੱਥਾ ਦੇ ਮਾਮਲੇ ’ਚ ਦੇਸ਼ ਦਾ ਦਖਣੀ ਖੇਤਰ ਸੱਭ ਤੋਂ ਵੱਧ ਪ੍ਰਭਾਵਤ ਹੋਇਆ ਹੈ।
ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਵਰਗੇ ਸੂਬਿਆਂ ’ਚ 42 ਜਲ ਭੰਡਾਰ ਹਨ ਜਿਨ੍ਹਾਂ ਦੀ ਕੁਲ ਭੰਡਾਰਨ ਸਮਰੱਥਾ 53.334 ਬੀ.ਸੀ.ਐਮ. ਹੈ। ਇਸ ਸਮੇਂ ਇਨ੍ਹਾਂ ਜਲ ਭੰਡਾਰਾਂ ’ਚ ਉਪਲਬਧ ਭੰਡਾਰਨ 8.508 ਬੀ.ਸੀ.ਐਮ. (ਸਮਰੱਥਾ ਦਾ 16%) ਹੈ ਜੋ ਪਿਛਲੇ ਸਾਲ ਦੇ 21% ਦੇ ਭੰਡਾਰਨ ਤੋਂ ਘੱਟ ਹੈ ਅਤੇ ਆਮ ਭੰਡਾਰਨ 20% ਹੈ।
ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਸਮੇਤ ਦੇਸ਼ ਦੇ ਉੱਤਰੀ ਸੂਬਿਆਂ ’ਚ 10 ਨਿਗਰਾਨੀ ਵਾਲੇ ਜਲ ਭੰਡਾਰ ਹਨ ਜਿਨ੍ਹਾਂ ਦੀ ਕੁਲ ਨਿਗਰਾਨੀ ਸਮਰੱਥਾ 19.663 ਬੀ.ਸੀ.ਐਮ. ਹੈ। ਮੌਜੂਦਾ ਭੰਡਾਰਨ 5.488 ਬੀ.ਸੀ.ਐਮ. (ਸਮਰੱਥਾ ਦਾ 28%) ਹੈ, ਜੋ ਪਿਛਲੇ ਸਾਲ ਦਾ 39% ਅਤੇ ਆਮ ਸਟੋਰੇਜ ਦਾ 31% ਹੈ।
ਅਸਾਮ, ਝਾਰਖੰਡ, ਓਡੀਸ਼ਾ, ਪਛਮੀ ਬੰਗਾਲ, ਤ੍ਰਿਪੁਰਾ, ਨਾਗਾਲੈਂਡ ਅਤੇ ਬਿਹਾਰ ਸਮੇਤ ਪੂਰਬੀ ਖੇਤਰ ’ਚ 23 ਜਲ ਭੰਡਾਰ ਹਨ ਜਿਨ੍ਹਾਂ ਦੀ ਕੁਲ ਭੰਡਾਰਨ ਸਮਰੱਥਾ 20.430 ਬੀ.ਸੀ.ਐਮ. ਹੈ। ਇਨ੍ਹਾਂ ਜਲ ਭੰਡਾਰਾਂ ’ਚ ਉਪਲਬਧ ਮੌਜੂਦਾ ਭੰਡਾਰਨ 3.873 ਬੀ.ਸੀ.ਐਮ. (ਸਮਰੱਥਾ ਦਾ 19%) ਹੈ, ਜੋ ਪਿਛਲੇ ਸਾਲ ਦੇ 18% ਦੇ ਭੰਡਾਰਨ ਨਾਲੋਂ ਥੋੜ੍ਹਾ ਬਿਹਤਰ ਹੈ ਪਰ ਆਮ ਭੰਡਾਰਨ 23% ਤੋਂ ਘੱਟ ਹੈ।
ਦੇਸ਼ ਦੇ ਪਛਮੀ ਖੇਤਰ ’ਚ, ਗੁਜਰਾਤ ਅਤੇ ਮਹਾਰਾਸ਼ਟਰ ’ਚ 49 ਜਲ ਭੰਡਾਰ ਹਨ ਜਿਨ੍ਹਾਂ ਦੀ ਕੁਲ ਸਮਰੱਥਾ 37.130 ਬੀ.ਸੀ.ਐਮ. ਹੈ। ਇਨ੍ਹਾਂ ਜਲ ਭੰਡਾਰਾਂ ’ਚ ਮੌਜੂਦਾ ਭੰਡਾਰਨ 7.608 ਬੀ.ਸੀ.ਐਮ. (ਕੁਲ ਭੰਡਾਰਨ ਸਮਰੱਥਾ ਦਾ 20.49 ਫੀ ਸਦੀ ) ਹੈ।
ਦੇਸ਼ ਦੇ ਕੇਂਦਰੀ ਖੇਤਰ ’ਚ ਉੱਤਰ ਪ੍ਰਦੇਸ਼, ਉਤਰਾਖੰਡ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਸ਼ਾਮਲ ਹਨ ਜਿਨ੍ਹਾਂ ’ਚ 26 ਜਲ ਭੰਡਾਰ ਹਨ ਅਤੇ ਉਨ੍ਹਾਂ ਦੀ ਕੁਲ ਭੰਡਾਰਨ ਸਮਰੱਥਾ 48.227 ਬੀ.ਸੀ.ਐਮ. ਹੈ। ਇਨ੍ਹਾਂ ਜਲ ਭੰਡਾਰਾਂ ’ਚ ਮੌਜੂਦਾ ਭੰਡਾਰਨ 12.185 ਬੀ.ਸੀ.ਐਮ. (ਸਮਰੱਥਾ ਦਾ 25%) ਹੈ, ਜੋ ਪਿਛਲੇ ਸਾਲ ਦੇ ਭੰਡਾਰਨ ਦਾ 32% ਅਤੇ ਆਮ ਜੀਵਤ ਭੰਡਾਰਨ ਸਮਰੱਥਾ ਦਾ 26% ਹੈ।