
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲਦਾਖ਼ ਮਾਮਲੇ ਸਬੰਧੀ ਦਾਅਵਾ ਕੀਤਾ ਕਿ ਬੀਜਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ
ਨਵੀਂ ਦਿੱਲੀ, 20 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲਦਾਖ਼ ਮਾਮਲੇ ਸਬੰਧੀ ਦਾਅਵਾ ਕੀਤਾ ਕਿ ਬੀਜਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦਬਾਅ ਪਾਉਣ ਲਈ ਉਸ ਦੇ ‘56 ਇੰਚ ਵਾਲੇ ਅਕਸ’ ’ਤੇ ਹਮਲਾ ਕਰ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਵੀ ਦਬਾਅ ਵਿਚ ਆ ਕੇ ਅਪਣਾ ਅਕਸ ਬਚਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਇਹ ਸਵਾਲ ਵੀ ਕੀਤਾ ਕਿ ਕੀ ਪ੍ਰਧਾਨ ਮੰਤਰੀ ਮੋਦੀ ਸਪੱਸ਼ਟ ਕਰਨਗੇ ਕਿ ਉਨ੍ਹਾਂ ਨੂੰ ਅਪਣੇ ਅਕਸ ਦਾ ਫ਼ਿਕਰ ਨਹੀਂ ਅਤੇ ਉਹ ਚੀਨੀ ਚੁਨੌਤੀ ਨੂੰ ਪ੍ਰਵਾਨ ਕਰਦੇ ਹਨ?
ਗਾਂਧੀ ਨੇ ਵੀਡੀਉ ਜਾਰੀ ਕਰ ਕੇ ਲਦਾਖ਼ ਰੇੜਕੇ ਬਾਰੇ ਕਿਹਾ, ‘ਇਹ ਸਾਧਾਰਣ ਸਰਹੱਦੀ ਝਗੜਾ ਨਹੀਂ। ਮੇਰੀ ਚਿੰਤਾ ਹੈ ਕਿ ਚੀਨੀ ਅੱਜ ਸਾਡੇ ਇਲਾਕੇ ਵਿਚ ਬੈਠੇ ਹਨ। ਸਵਾਲ ਇਹ ਹੈ ਕਿ ਚੀਨ ਦੀ ਅੰਦਰੂਨੀ ਰਣਨੀਤੀ ਕੀ ਹੈ। ਚੀਨ ਬਗ਼ੈਰ ਰਣਨੀਤਕ ਸੋਚ ਕੋਈ ਕਦਮ ਨਹੀਂ ਚੁਕਦੇੇ।’ ਕਾਂਗਰਸ ਆਗੂ ਨੇ ਕਿਹਾ, ‘ਚੀਨ ਨੇ ਦਿਮਾਗ਼ ਵਿਚ ਸੰਸਾਰ ਦਾ ਨਕਸ਼ਾ ਖਿੱਚਿਆ ਹੋਇਆ ਹੈ ਜਿਸ ਨੂੰ ਉਹ ਅਪਣੇ ਹਿਸਾਬ ਨਾਲ ਆਕਾਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸੇ ਤਹਿਤ ਗਵਾਦਰ ਆਉਂਦਾ ਹੈ, ਉਸੇ ਵਿਚ ਬੈਲਟ ਐਂਡ ਰੋਡ ਆਉਂਦਾ ਹੈ।
File Photo
ਇਹ ਇਸ ਧਰਤੀ ਦੀ ਪੁਨਰਰਚਨਾ ਕਰਨ ਦਾ ਯਤਨ ਹੈ। ਇਸ ਲਈ ਜਦ ਤੁਸੀਂ ਚੀਨੀਆਂ ਬਾਰੇ ਸੋਚੋ ਤਾਂ ਤੁਹਾਨੂੰ ਇਹ ਸਮਝਣਾ ਪਵੇਗਾ ਕਿ ਉਹ ਕਿਸ ਪੱਧਰ ’ਤੇ ਸੋਚ ਰਹੇ ਹੋ।’ ਰਾਹੁਲ ਨੇ ਕਿਹਾ, ‘ਇਹ ਸਾਧਾਰਣ ਮਾਮਲਾ ਨਹੀਂ ਸਗੋਂ ਸੋਚਿਆ-ਸਮਝਿਆ ਸਰਹੱਦੀ ਵਿਵਾਦ ਹੈ ਜਿਸ ਦਾ ਮਕਸਦ ਭਾਰਤੀ ਪ੍ਰਧਾਨ ਮੰਤਰੀ ’ਤੇ ਦਬਾਅ ਪਾਉਣਾ ਹੈ। ਚਿੰਤਾ ਇਹ ਹੈ ਕਿ ਪ੍ਰਧਾਨ ਮੰਤਰੀ ਦਬਾਅ ਹੇਠ ਆ ਗੲੈ ਹਨ।’ (ਏਜੰਸੀ)