
ਰਿਕਟਰ ਪੈਮਾਨੇ 'ਤੇ ਕ੍ਰਮਵਾਰ 3.1, 3.4 ਅਤੇ 4.4 ਰਹੀ ਭੂਚਾਲ ਦੀ ਤੀਬਰਤਾ
ਨਵੀਂ ਦਿੱਲੀ: ਸ਼ੁੱਕਰਵਾਰ ਤੜਕੇ ਰਾਜਸਥਾਨ ਤੋਂ ਮਣੀਪੁਰ ਤਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਕ ਪਾਸੇ ਰਾਜਸਥਾਨ 'ਚ ਵਾਰ-ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਤਾਂ ਦੂਜੇ ਪਾਸੇ ਮਣੀਪੁਰ 'ਚ ਵੀ ਭੂਚਾਲ ਕਾਰਨ ਧਰਤੀ ਹਿੱਲ ਗਈ।
ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਇਕ ਘੰਟੇ 'ਚ ਤਿੰਨ ਵਾਰ ਧਰਤੀ ਹਿੱਲੀ ਅਤੇ ਭੂਚਾਲ ਦੇ ਝਟਕਿਆਂ ਕਾਰਨ ਲੋਕ ਘਰਾਂ 'ਚੋਂ ਬਾਹਰ ਨਿਕਲਦੇ ਦਿਖਾਈ ਦਿਤੇ। ਜੈਪੁਰ ਸਮੇਤ ਆਸਪਾਸ ਦੇ ਇਲਾਕਿਆਂ 'ਚ ਭੂਚਾਲ ਦੇ ਝਟਕਿਆਂ ਨਾਲ ਪੂਰਾ ਸ਼ਹਿਰ ਹਿੱਲ ਗਿਆ ਅਤੇ ਲੋਕ ਘਰਾਂ 'ਚੋਂ ਬਾਹਰ ਨਿਕਲ ਕੇ ਸੜਕਾਂ 'ਤੇ ਭੱਜਦੇ ਦੇਖੇ ਗਏ। ਜੈਪੁਰ 'ਚ ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ ਕ੍ਰਮਵਾਰ 3.1, 3.4 ਅਤੇ 4.4 ਮਾਪੀ ਗਈ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ: ਕੀ ਭਾਰਤੀ ਸਮਾਜ ਵਿਚ ਔਰਤ ਦੀ ਦੁਰਦਸ਼ਾ ਜਾਰੀ ਰਹੇਗੀ?
ਮੀਡੀਆ ਰੀਪੋਰਟਾਂ ਮੁਤਾਬਕ ਜੈਪੁਰ ਸ਼ਹਿਰ ਵਿਚ ਸ਼ੁੱਕਰਵਾਰ ਯਾਨੀ ਅੱਜ ਸਵੇਰੇ ਇਕ ਘੰਟੇ ਦੇ ਅੰਦਰ ਤਿੰਨ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਇਸ ਦੀ ਤੀਬਰਤਾ ਤਿੰਨ ਵਾਰ ਵੱਖ-ਵੱਖ ਮਾਪੀ ਗਈ। ਭੂਚਾਲ ਦੇ ਤਾਜ਼ਾ ਝਟਕੇ ਜੈਪੁਰ 'ਚ ਸਵੇਰੇ 4.25 ਵਜੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.4 ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਇਹ ਜਾਣਕਾਰੀ ਦਿਤੀ। ਇਸ ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਸੀ।
ਵਧੇਰੇ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ 4.22 ਮਿੰਟ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਜਿਸ ਦੀ ਤੀਬਰਤਾ 3.4 ਮਾਪੀ ਗਈ ਸੀ। ਇਸ ਦੇ ਨਾਲ ਹੀ ਸਵੇਰੇ 4:90 ਵਜੇ ਸਭ ਤੋਂ ਤੇਜ਼ ਭੂਚਾਲ ਆਇਆ। ਜੈਪੁਰ 'ਚ ਸਵੇਰੇ 4.9 ਮਿੰਟ 'ਤੇ ਆਏ ਭੂਚਾਲ ਦੀ ਤੀਬਰਤਾ 4.9 ਮਾਪੀ ਗਈ। ਹਾਲਾਂਕਿ ਹੁਣ ਤਕ ਇਨ੍ਹਾਂ ਤਿੰਨਾਂ ਭੂਚਾਲਾਂ ਦੇ ਝਟਕਿਆਂ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਸੁੱਤੇ ਪਏ ਲੋਕ ਵੀ ਜਾਗ ਪਏ ਅਤੇ ਅਪਣੇ ਘਰਾਂ ਤੋਂ ਬਾਹਰ ਭੱਜਦੇ ਦੇਖੇ ਗਏ।