ਕੀ ਭਾਰਤੀ ਸਮਾਜ ਵਿਚ ਔਰਤ ਦੀ ਦੁਰਦਸ਼ਾ ਜਾਰੀ ਰਹੇਗੀ?

By : KOMALJEET

Published : Jul 21, 2023, 7:21 am IST
Updated : Jul 21, 2023, 7:35 am IST
SHARE ARTICLE
representational image
representational image

ਮਨੀਪੁਰ ਤੋਂ ਇਕ ਐਸੀ ਵੀਡੀਉ ਸਾਹਮਣੇ ਆਈ ਹੈ ਜਿਸ ਨੂੰ ਵੇਖ ਕੇ ਪਤਾ ਲਗਦਾ ਹੈ ਕਿ ਸਾਡੇ ਸਮਾਜ ਵਿਚ ਜਾਤ-ਪਾਤ ਸਮੇਤ ਕਈ ਪ੍ਰਕਾਰ ਦੀਆਂ ਵੰਡੀਆਂ ਨੇ ਸਾਨੂੰ ਹੈਵਾਨ ਬਣਾ ਦਿਤਾ

ਮਨੀਪੁਰ ਤੋਂ ਇਕ ਐਸੀ ਵੀਡੀਉ ਸਾਹਮਣੇ ਆਈ ਹੈ ਜਿਸ ਨੂੰ ਵੇਖ ਕੇ ਪਤਾ ਲਗਦਾ ਹੈ ਕਿ ਸਾਡੇ ਸਮਾਜ ਵਿਚ ਜਾਤ-ਪਾਤ ਸਮੇਤ ਕਈ ਪ੍ਰਕਾਰ ਦੀਆਂ ਵੰਡੀਆਂ ਨੇ ਸਾਨੂੰ ਹੈਵਾਨ ਬਣਾ ਦਿਤਾ ਹੈ ਤੇ ਅਪਣੀ ਹੈਵਾਨੀਅਤ ਉਤੇ ਫ਼ਖ਼ਰ ਕਰਨਾ ਵੀ ਸਿਖਾ ਦਿਤਾ ਹੈ। ਕਿਸੇ ਜਾਅਲੀ ਖ਼ਬਰ ਦੇ ਵਿਰੋਧ ਵਿਚ ਮੈਤੇਈ ਜਾਤ ਦੇ ਮਰਦਾਂ ਨੇ ਇਕ ਕੁਕੀ ਔਰਤ ਨੂੰ ਸਰੇ ਬਾਜ਼ਾਰ ਨੰਗਾ ਕਰ ਕੇ ਉਸ ਦੀ ਇੱਜ਼ਤ ਲੁੱਟੀ ਤੇ ਵੀਡੀਉ ਬਣਾਈ। ਜਿਵੇਂ ਸਾਡੇ ਸਮਾਜ ਵਿਚ ਆਮ ਹੁੰਦਾ ਹੈ ਕਿ ਲੋਕ ਮਦਦ ਲਈ ਘੱਟ ਹੀ ਅੱਗੇ ਆਉਂਦੇ ਹਨ ਤੇ ਅਪਣੇ ਫ਼ੋਨ ’ਤੇ ਫ਼ਿਲਮਾਂ ਬਣਾ ਕੇ ਸ਼ੇਅਰ ਕਰਨ ਨੂੰ ਹੀ ਅਪਣੀ ਜ਼ਿੰਮੇਵਾਰੀ ਸਮਝਦੇ ਹਨ। 

ਇਸ ਔਰਤ ਨਾਲ ਵੀ ਅਜਿਹਾ ਹੀ ਹੋਇਆ। ਲੋਕ ਵੇਖਦੇ ਰਹੇ ਤੇ ਉਹ ਵਿਚਾਰੀ ਨੰਗੀ ਅਪਣੀ ਤਬਾਹੀ ਨੂੰ ਕੈਮਰੇ ’ਚ ਕੈਦ ਹੁੰਦੀ ਵੇਖਦੀ ਰਹੀ। ਹਰ ਲੜਾਈ ਝਗੜੇ ਵਿਚ ਔਰਤ ਨੂੰ ਸੱਭ ਤੋਂ ਵੱਡੀ ਕੀਮਤ ਤਾਰਨੀ ਪੈਂਦੀ ਹੈ। ਇਤਿਹਾਸ ਨੇ ਇਸ ਪੱਖ ਨੂੰ ਵਾਰ ਵਾਰ ਦਰਸਾਇਆ ਹੈ। ਜਦ ਕੋਈ ਹਮਲਾਵਰ, ਕਿਸੇ ਦੁਸ਼ਮਣ ਦੇਸ਼ ’ਤੇ ਵਾਰ ਕਰਦਾ ਹੈ ਤਾਂ ਉਹ ਔਰਤਾਂ ਦੀ ਇੱਜ਼ਤ ਲੁਟਣ ਨੂੰ ਅਪਣਾ ਪਹਿਲਾ ਹੱਕ ਸਮਝਦਾ ਹੈ। ਲੜਾਈ ਵਿਚ ਹਾਰ ਜਾਣ ਮਗਰੋਂ ਰਾਜੇ ਜੇਤੂ ਨੂੰ ਅਪਣੀ ਧੀ ਦੇ ਕੇ ਪ੍ਰਜਾ ਵਾਸਤੇ ਸ਼ਾਂਤੀ ਖ਼ਰੀਦਦੇ ਸਨ। ਜਦ ਗ਼ਜ਼ਨੀ ਵਰਗਿਆਂ ਨੇ ਹਿੰਦੂਆਂ ਨੂੰ ਤੋੜਨਾ ਸੀ ਤਾਂ ਉਹ ਉਨ੍ਹਾਂ ਦੀਆਂ ਔਰਤਾਂ ਨੂੰ ਲੁੱਟੇ ਹੋਏ ਖ਼ਜ਼ਾਨੇ ਨਾਲ ਚੁੱਕ ਕੇ ਲੈ ਜਾਂਦਾ। ਅੱਜ ਵੀ ਪੁਲਿਸ ਵਾਲਿਆਂ ਨੇ ਕਿਸੇ ਨੂੰ ਤੰਗ ਕਰਨਾ ਹੁੰਦਾ ਹੈ ਤਾਂ ਉਹ ਘਰ ਦੀਆਂ ਔਰਤਾਂ ਨੂੰ ਹੀ ਤੰਗ ਕਰਦੇ ਹਨ। ਪਾਂਡਵਾਂ ਨੂੰ ਨੀਵਾਂ ਵਿਖਾਉਣ ਵਾਸਤੇ ਕੌਰਵਾਂ ਨੇ ਘਰ ਦੀ ਨੂੰਹ ਦਰੋਪਦੀ ਨੂੰ ਵੀ ਨਹੀਂ ਸੀ ਬਖ਼ਸ਼ਿਆ।

ਇਤਿਹਾਸ ਨੂੰ ਪੜ੍ਹ ਸੁਣ ਕੇ, ਅਸੀ ਵੀ ਇਸ ਹਕੀਕਤ ਨੂੰ ਸਮਝਦੇ ਹਾਂ ਪਰ ਫਿਰ ਵੀ ਜਦ ਔਰਤ ਨਾਲ ਇਸ ਤਰ੍ਹਾਂ ਦਾ ਅਪਰਾਧ ਹੁੰਦਾ ਹੈ ਤਾਂ ਮਨ ਕੁਰਲਾ ਉਠਦਾ ਹੈ। ਕਦੀ ਪਹਿਲਵਾਨਾਂ ਦੀ ਕਹਾਣੀ ਦਰਦ ਦੇਂਦੀ ਹੈ ਤੇ ਕਦੇ ਮਨੀਪੁਰ ਦੀ ਹੈਵਾਨੀਅਤ ਸਾਹਮਣੇ ਆਉਂਦੀ ਹੈ। ਕਦੋਂ ਇਹ ਸਮਾਜ ਔਰਤ ਦੀ ਇੱਜ਼ਤ ਨੂੰ ਅਪਣੀ ਜਗੀਰ ਸਮਝਣਾ ਬੰਦ ਕਰੇਗਾ? ਕਿਸੇ ਔਰਤ ਨੂੰ ਨੀਵਾਂ ਵਿਖਾਉਣਾ ਹੁੰਦਾ ਹੈ ਤਾਂ ਮਰਦ ਉਸ ਦੇ ਚਰਿੱਤਰ ਤੇ ਛਿੱਟੇ ਸੁਟਣ ਦਾ ਕੰਮ ਸੱਭ ਤੋਂ ਪਹਿਲਾਂ ਕਰਦੇ ਹਨ ਕਿਉਂਕਿ ਉਸ ਦੇ ਚਰਿੱਤਰ ਨੂੰ ਸਹੀ ਗ਼ਲਤ ਦੱਸਣ ਦੀ ਤਾਕਤ ਵੀ ਮਰਦ ਨੇ ਅਪਣੇ ਕੋਲ ਹੀ ਤਾਂ ਰੱਖੀ ਹੋਈ ਹੈ। ਹਾਲ ਹੀ ਵਿਚ ਇਕ ਪ੍ਰਚਲਤ ਰਾਜਸਥਾਨੀ ਬਾਬੇ (7od man) ਬਾਗੇਸ਼ਵਰ ਨੇ ਭਰੇ ਸਮਾਗਮ ਵਿਚ ਬਿਆਨ ਦਿਤਾ ਕਿ ਜਦ ਇਕ ਵਿਆਹੀ ਔਰਤ ਨੂੰ ਬਿਨਾਂ ਸੰਧੂਰ ਜਾਂ ਮੰਗਲਸੂਤਰ ਵੇਖਦਾ ਹਾਂ ਤਾਂ ਸਾਨੂੰ ਖ਼ਾਲੀ ਪਲਾਟ ਨਜ਼ਰ ਆਉਂਦਾ ਹੈ। ਜੇ ਇਕ ਐਸਾ ਸ਼ਖ਼ਸ ਜਿਸ ਨੂੰ ਲੱਖਾਂ ਲੋਕ ਮੰਨਦੇ ਹਨ, ਔਰਤ ਪ੍ਰਤੀ ਐਸੀ ਸੋਚ ਤੇ ਸ਼ਬਦਾਵਲੀ ਵਰਤਦਾ ਹੈ, ਪ੍ਰਚਾਰਦਾ ਹੈ ਤਾਂ ਫਿਰ ਇਹ ਦੁਨੀਆਂ ਕਿਵੇਂ ਬਦਲ ਸਕਦੀ ਹੈ?

ਇਕ ਬਾਬੇ ਨਾਨਕ ਤੋਂ ਬਾਅਦ ਕਿਸੇ ਨੇ ਔਰਤ ਨੂੰ ਬਰਾਬਰ ਦਾ ਸਤਿਕਾਰ ਦੇਣ ਬਾਰੇ ਸਾਹਸ ਹੀ ਨਹੀਂ ਕੀਤਾ। ਅੱਜ ਤਾਂ ਉਨ੍ਹਾਂ ਦੀ ਸੋਚ ਦੇ ਪਹਿਰੇਦਾਰ ਗੁਰੂ ਘਰਾਂ ਵਿਚ ਔਰਤਾਂ ਨੂੰ ਪਾਲਕੀ ਦੀ ਸੇਵਾ ਜਾਂ ਕੀਰਤਨ ਵੀ ਨਹੀਂ ਕਰਨ ਦੇਂਦੇ ਕਿਉਂਕਿ ਉਹ ਬਾਬੇ ਨਾਨਕ ਦੀ ਗੱਲ ਨੂੰ ਦਬਾਉਣਾ ਚਾਹੁੰਦੇ ਹਨ। ਇਹ ਲੜਾਈ ਔਰਤਾਂ ਨੂੰ ਆਪ ਇਕ ਦੂਜੇ ਨਾਲ ਖੜੇ ਹੋ ਕੇ, ਘਰ ਤੋਂ ਲੈ ਕੇ ਸੰਸਦ ਤਕ, ਲੜਨੀ ਪਵੇਗੀ ਤਾਕਿ ਇਸ ਧਰਤੀ ’ਤੇ ਵੀ ਕਦੇ ਐਸਾ ਭਵਿੱਖ ਵੀ ਆ ਜਾਵੇ ਜਦ ਔਰਤ ਨੂੰ ਮਰਦ ਦੇ ਹੰਕਾਰ ਨੂੰ ਜੇਤੂ ਰੂਪ ਦੇਣ ਲਈ ਅਪਣੀ ਇੱਜ਼ਤ ਦੀ ਬਲੀ ਦੇਣ ਲਈ ਮਜਬੂਰ ਨਾ ਕੀਤਾ ਜਾ ਸਕੇ।                             

- ਨਿਮਰਤ ਕੌਰ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement