
ਬਰਤਾਨੀਆ ਨੇ ਸੀਬੀਆਈ ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦਾ ਮੁਲਜ਼ਮ ਭਗੌੜਾ ਅਰਬਪਤੀ ਨੀਰਵ ਮੋਦੀ ਬਰਤਾਨੀਆ ਵਿਚ ਹੈ...............
ਨਵੀਂ ਦਿੱਲੀ : ਬਰਤਾਨੀਆ ਨੇ ਸੀਬੀਆਈ ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦਾ ਮੁਲਜ਼ਮ ਭਗੌੜਾ ਅਰਬਪਤੀ ਨੀਰਵ ਮੋਦੀ ਬਰਤਾਨੀਆ ਵਿਚ ਹੈ। ਉਧਰ, ਸੀਬੀਆਈ ਨੇ ਨੀਰਵ ਮੋਦੀ ਦੀ ਹਵਾਲਗੀ ਮੰਗੀ ਹੈ। ਮੋਦੀ ਨੂੰ ਵਾਪਸ ਲਿਆਉਣ ਦੀ ਅਰਜ਼ੀ ਹੁਣ ਵਿਦੇਸ਼ ਮੰਤਰਾਲਾ ਰਾਹੀਂ ਬ੍ਰਿਟੇਨ ਭੇਜੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਨੇ ਬ੍ਰਿਟੇਨ ਦੇ ਅਧਿਕਾਰੀਆਂ ਕੋਲ ਨੀਰਵ ਮੋਦੀ ਨੂੰ ਉਸ ਵਿਰੁਧ ਇੰਟਰਪੋਲ ਦੁਆਰਾ ਜਾਰੀ ਰੈੱਡ ਕਾਰਨਰ ਨੋਟਿਸ ਦੇ ਆਧਾਰ 'ਤੇ ਹਿਰਾਸਤ ਵਿਚ ਲੈਣ ਦੀ ਬੇਨਤੀ ਕੀਤੀ ਹੈ।
ਇਸ ਸਾਲ ਜੂਨ ਵਿਚ ਸੀ ਬੀ ਆਈ ਦੀ ਬੇਨਤੀ 'ਤੇ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਇੰਟਰਪੋਲ ਕਿਸੇ ਭਗੌੜੇ ਵਿਰੁਧ ਜਾਰੀ ਰੈੱਡ ਕਾਰਨਰ ਨੋਟਿਸ ਵਿਚ 192 ਮੈਂਬਰ ਦੇਸ਼ਾਂ ਨੂੰ ਕਹਿੰਦਾ ਹੈ ਕਿ ਨੀਰਵ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਜਾਂ ਹਿਰਾਸਤ ਵਿਚ ਲਿਆ ਜਾਵੇ। ਇਸ ਤੋਂ ਬਾਅਦ ਹਵਾਲਗੀ ਦੀ ਕਵਾਇਦ ਸ਼ੁਰੂ ਹੋ ਸਕਦੀ ਹੈ। ਨੀਰਵ ਮੋਦੀ ਦੀ ਪਤਨੀ ਅਮੀ ਮੋਦੀ ਅਮਰੀਕੀ ਨਾਗਰਿਕ ਹੈ। ਉਸ ਦਾ ਮਾਮਾ ਮੇਹੁਲ ਚੋਕਸੀ ਜਨਵਰੀ ਦੇ ਪਹਿਲੇ ਹਫ਼ਤੇ ਦੇਸ਼ ਛੱਡ ਕੇ ਚਲਾ ਗਿਆ ਸੀ।
ਕੁੱਝ ਹਫ਼ਤੇ ਬਾਅਦ ਦੇਸ਼ ਦਾ ਸੱਭ ਤੋਂ ਵੱਡਾ ਬੈਂਕਿੰਗ ਘੁਟਾਲਾ ਸਾਹਮਣੇ ਆਇਆ। ਅਧਿਕਾਰੀਆਂ ਅਨੁਸਾਰ ਚੋਕਸੀ ਨੂੰ ਹਾਲ ਹੀ ਵਿਚ ਏਂਟੀਗੁਆ ਵਿਚ ਵੇਖਿਆ ਗਿਆ ਸੀ ਜਿਥੋਂ ਦੀ ਉਸ ਨੇ ਨਾਗਰਿਕਤਾ ਲੈ ਲਈ ਹੈ। ਨੀਰਵ ਮੋਦੀ ਅਤੇ ਚੋਕਸੀ ਨੇ ਕਾਰੋਬਾਰੀ ਅਤੇ ਸਿਹਤ ਸਬੰਧੀ ਕਾਰਨਾਂ ਦਾ ਹਵਾਲਾ ਦਿੰਦਿਆਂ ਜਾਂਚ ਵਿਚ ਸ਼ਾਮਿਲ ਹੋਣ ਲਈ ਭਾਰਤ ਪਰਤਣ ਤੋਂ ਇਨਕਾਰ ਕਰ ਦਿਤਾ ਹੈ।