
ਛੱਤੀਸਗੜ੍ਹ ਵਿਚ 23 ਸਾਲ ਦੀ ਹਿੰਦੂ ਕੁੜੀ ਨਾਲ ਵਿਆਹ ਕਰਨ ਲਈ ਮੁਸਲਮਾਨ ਤੋਂ ਹਿੰਦੂ ਬਣੇ 33 ਸਾਲ ਦੇ ਵਿਅਕਤੀ ਨੇ ਅਪਣੀ ਪਤਨੀ ਨੂੰ ਉਸ ਦੇ ਮਾਤਾ-ਪਿਤਾ.............
ਨਵੀਂ ਦਿੱਲੀ : ਛੱਤੀਸਗੜ੍ਹ ਵਿਚ 23 ਸਾਲ ਦੀ ਹਿੰਦੂ ਕੁੜੀ ਨਾਲ ਵਿਆਹ ਕਰਨ ਲਈ ਮੁਸਲਮਾਨ ਤੋਂ ਹਿੰਦੂ ਬਣੇ 33 ਸਾਲ ਦੇ ਵਿਅਕਤੀ ਨੇ ਅਪਣੀ ਪਤਨੀ ਨੂੰ ਉਸ ਦੇ ਮਾਤਾ-ਪਿਤਾ ਤੋਂ ਆਜ਼ਾਦ ਕਰਾਉਣ ਦੀ ਮੰਗ ਕਰਦਿਆਂ ਸੁਪ੍ਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਮੁੱਖ ਜੱਜ ਦੀਪਕ ਮਿਸ਼ਰਾ ਅਤੇ ਜਸਟਿਸ ਡੀ ਵਾਈ ਚੰਦਰਚੂੜ ਦੇ ਬੈਂਚ ਨੇ ਛੱਤੀਸਗੜ੍ਹ ਸਰਕਾਰ ਕੋਲੋਂ ਜਵਾਬ ਮੰਗਿਆ ਹੈ ਅਤੇ ਅਰਜ਼ੀ ਦੀ ਕਾਪੀ ਰਾਜ ਸਰਕਾਰ ਦੇ ਵਕੀਲ ਨੂੰ ਦੇਣ ਦਾ ਨਿਰਦੇਸ਼ ਦਿਤਾ ਹੈ। ਬੈਂਚ ਨੇ ਕਿਹਾ, 'ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਦੇ ਪੁਲਿਸ ਮੁਖੀ ਅਸ਼ੋਕ ਕੁਮਾਰ ਜੈਨ ਦੀ ਧੀ ਅੰਜਲੀ ਜੈਨ ਨੂੰ 27 ਅਗਸਤ ਨੂੰ ਅਦਾਲਤ ਵਿਚ ਪੇਸ਼ ਕਰਨ।
ਹਿੰਦੂ ਬਣ ਕੇ ਆਰੀਆਨ ਆਰੀਆ ਨਾਮ ਰੱਖ ਚੁੱਕੇ ਮੁਹੰਮਦ ਇਬਰਾਹਿਮ ਸਿੱਦੀਕੀ ਨੇ ਛੱਤੀਸਗੜ੍ਹ ਉੱਚ ਅਦਾਲਤ ਦੇ ਆਦੇਸ਼ ਨੂੰ ਚੁਨੌਤੀ ਦਿੱਤੀ ਹੈ। ਉਸ ਨੇ ਕਿਹਾ ਕਿ ਉਸ ਦੀ ਅਤੇ ਉਸ ਦੀ ਪਤਨੀ ਦੀ ਜਾਨ ਨੂੰ ਖ਼ਤਰਾ ਹੈ। ਉਸ ਨੂੰ ਘਰ ਵਾਲੇ ਅਤੇ ਕੁਝ ਹੋਰ ਕੱਟੜਪੰਥੀ ਲੋਕ ਧਮਕੀ ਦੇ ਰਹੇ ਹਨ। ਉਸ ਨੇ ਕਿਹਾ ਕਿ ਉਸ ਦੀ ਪਤਨੀ ਨੇ ਉੱਚ ਅਦਾਲਤ ਵਿਚ ਕਿਹਾ ਕਿ ਉਹ 23 ਸਾਲ ਦੀ ਹੈ ਅਤੇ ਬਾਲਗ਼ ਹੈ। ਅਪਣੀ ਮਰਜ਼ੀ ਨਾਲ ਉਸ ਨੇ ਵਿਆਹ ਕੀਤਾ ਹੈ। ਅਦਾਲਤ ਨੇ ਉਸ ਨੂੰ ਅਪਣੇ ਮਾਤਾ-ਪਿਤਾ ਨਾਲ ਰਹਿਣ ਜਾਂ ਬੋਰਡਿੰਗ ਵਿਚ ਉਸ ਦੇ ਰਹਿਣ ਦਾ ਇੰਤਜ਼ਾਮ ਕਰਨ ਦਾ ਨਿਰਦੇਸ਼ ਦਿਤਾ। ਦੋਹਾਂ ਨੇ 25 ਫ਼ਰਵਰੀ ਨੂੰ ਰਾਏਪੁਰ ਵਿਚ ਵਿਆਹ ਕਰਵਾਇਆ ਸੀ। (ਏਜੰਸੀ)