
ਕਾਂਗਰਸ ਨੇ ਵੀ ਕੀਤਾ ਪਲਟਵਾਰ, ਕੀਤੀ ਅਸਤੀਫੇ ਦੀ ਮੰਗ ਤੇ ਮਾਫੀ ਮੰਗਣ ਲਈ ਕਿਹਾ
ਨਵੀਂ ਦਿੱਲੀ - ਕੇਂਦਰੀ ਮੰਤਰੀ ਰਾਓਸਾਹਿਬ ਦਾਨਵੇ (Raosaheb Danve) ਨੇ ਕਾਂਗਰਸ ਸੰਸਦ ਮੈਂਬਰ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਬਾਰੇ ਵਿਵਾਦਤ ਬਿਆਨ ਦਿੱਤਾ ਹੈ। ਦਾਨਵੇ ਨੇ ਕਿਹਾ ਕਿ ਰਾਹੁਲ ਗਾਂਧੀ ਕਿਸੇ ਕੰਮ ਦੇ ਨਹੀਂ ਹਨ ਉਹ ਸੜਕਾਂ ‘ਤੇ ਤੁਰਦੇ ਫਿਰਦੇ ਅਵਾਰਾ ਸਾਂਢ ਦੀ ਤਰ੍ਹਾਂ ਹਨ। ਦਾਨਵੇ ਦੇ ਇਸ ਬਿਆਨ 'ਤੇ ਕਾਂਗਰਸ ਨੇ ਵੀ ਪਲਟਵਾਰ ਕੀਤਾ ਹੈ। ਕਾਂਗਰਸ ਨੇ ਪੀਐਮ ਮੋਦੀ ਤੋਂ ਉਨ੍ਹਾਂ ਨੂੰ ਤੁਰੰਤ ਕੇਂਦਰੀ ਮੰਤਰੀ ਮੰਡਲ ਤੋਂ ਹਟਾਉਣ ਦੀ ਮੰਗ ਕੀਤੀ ਹੈ।
Raosaheb Danve, Rahul Gandhi
ਦਾਨਵੇ ਨੇ ਇਹ ਬਿਆਨ ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਵਿਚ ਨਵ ਨਿਯੁਕਤ ਵਿੱਤ ਰਾਜ ਮੰਤਰੀ ਡਾ: ਭਾਗਵਤ ਕਰਾਦ ਦੁਆਰਾ ਆਯੋਜਿਤ ਆਸ਼ੀਰਵਾਦ ਯਾਤਰਾ ਦੌਰਾਨ ਦਿੱਤਾ। ਮਰਾਠੀ ਭਾਸ਼ਾ ਵਿਚ ਬੋਲਦਿਆਂ ਦਾਨਵੇ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਕਿਸੇ ਨੂੰ ਕੋਈ ਲਾਭ ਨਹੀਂ ਹੈ। ਉਹ ਭਗਵਾਨ ਨੂੰ ਸਮਰਪਿਤ ਇਕ ਸਾਂਢ (ਬਲਦ) ਵਰਗੇ ਹਨ। ਉਹ ਹਰ ਥਾਂ ਘੁੰਮਦੇ ਹਨ, ਪਰ ਕਿਸੇ ਦੇ ਕੰਮ ਨਹੀਂ ਆਉਂਦੇ।
Rahul Gandhi
ਕੇਂਦਰੀ ਰੇਲ ਰਾਜ ਮੰਤਰੀ ਇੱਥੇ ਹੀ ਨਹੀਂ ਰੁਕੇ। ਉਹਨਾਂ ਨੇ ਅੱਗੇ ਕਿਹਾ, "ਅਜਿਹਾ ਬਲਦ ਖੇਤ ਵਿਚ ਦਾਖਲ ਹੋ ਸਕਦਾ ਹੈ ਅਤੇ ਫਸਲ ਖਾ ਸਕਦਾ ਹੈ, ਪਰ ਕਿਸਾਨ ਇਹ ਕਹਿ ਕੇ ਪਸ਼ੂ ਨੂੰ ਮੁਆਫ ਕਰ ਦਿੰਦਾ ਹੈ ਕਿ ਉਸ ਨੂੰ ਭੋਜਨ ਦੀ ਜ਼ਰੂਰਤ ਹੈ।" ਦਾਨਵੇ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਵੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਦੇਖਿਆ ਜਾਣਾ ਚਾਹੀਦਾ ਹੈ। ਸਰਕਾਰ ਦੇਸ਼ ਦੇ ਵਿਕਾਸ ਲਈ ਆਪਣੇ ਖਜ਼ਾਨੇ ਵਿਚੋਂ ਪੈਸਾ ਖਰਚ ਕਰ ਰਹੀ ਹੈ।
Nana Patole
ਇਸ ਦੇ ਨਾਲ ਹੀ ਕਾਂਗਰਸ ਨੇ ਵੀ ਦਾਨਵੇ ਦੇ ਇਸ ਬਿਆਨ ਦਾ ਪਲਟਵਾਰ ਕੀਤਾ ਹੈ। ਕਾਂਗਰਸ ਨੇ ਦਾਨਵੇ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਮਹਾਰਾਸ਼ਟਰ ਕਾਂਗਰਸ ਦੇ ਸੂਬਾ ਪ੍ਰਧਾਨ ਨਾਨਾ ਪਟੋਲੇ ਨੇ ਦਾਨਵੇ ਨੂੰ ਮੁਆਫੀ ਮੰਗਣ ਅਤੇ ਸਰਕਾਰ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਪਟੋਲੇ ਨੇ ਦੱਸਿਆ ਕਿ ਦਾਨਵੇ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਦਾ ਬਿਆਨ ਅਸ਼ਲੀਲ ਅਤੇ ਦੁਖਦਾਈ ਹੈ। ਪਟੋਲੇ ਨੇ ਕਿਹਾ ਕਿ ਦਾਨਵੇ ਹਮੇਸ਼ਾ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਰਹੇ ਹਨ, ਫਿਰ ਵੀ ਇਹ ਹੈਰਾਨੀਜਨਕ ਹੈ ਕਿ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਜਗ੍ਹਾ ਮਿਲੀ ਹੈ।
Raosaheb Danve
ਦੱਸ ਦਈਏ ਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਾਓਸਾਹਿਬ ਦਾਨਵੇ ਨੇ ਕਿਸਾਨ ਅੰਦੋਲਨ ਦੇ ਪਿੱਛੇ ਚੀਨ ਅਤੇ ਪਾਕਿਸਤਾਨ ਦਾ ਹੱਥ ਦੱਸਿਆ ਸੀ। ਦਾਨਵੇ ਨੇ ਦਾਅਵਾ ਕੀਤਾ ਸੀ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਪਿੱਛੇ ਚੀਨ ਅਤੇ ਪਾਕਿਸਤਾਨ ਦਾ ਹੱਥ ਹੈ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਸੋਧੇ ਹੋਏ ਨਾਗਰਿਕਤਾ ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਲਈ ਮੁਸਲਮਾਨਾਂ ਨੂੰ ਗੁੰਮਰਾਹ ਕੀਤਾ ਗਿਆ।