
ਪਿੱਕਅਪ ਅਤੇ ਕਾਰ ਦੀ ਟੱਕਰ ਦੌਰਾਨ ਇਕ ਨੌਜਵਾਨ ਜ਼ਖ਼ਮੀ
ਹਨੂੰਮਾਨਗੜ੍ਹ: ਰਾਜਸਥਾਨ ਦੇ ਹਨੂੰਮਾਨਗੜ੍ਹ 'ਚ ਕਾਰ ਅਤੇ ਪਿੱਕਅਪ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਜਨਮ ਦਿਨ ਮੌਕੇ ਘੁੰਮਣ ਗਏ ਪੰਜ ਦੋਸਤਾਂ ਵਿਚੋਂ ਚਾਰ ਦੀ ਮੌਤ ਹੋ ਗਈ। ਸਾਰੇ ਨੌਜਵਾਨ ਹਰਿਆਣਾ ਦੇ ਹਿਸਾਰ ਦੇ ਰਹਿਣ ਵਾਲੇ ਸਨ। ਇਹ ਹਾਦਸਾ ਸ਼ਨਿਚਰਵਾਰ ਰਾਤ 11 ਵਜੇ ਗੋਗਾਮੇੜੀ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਪਰਲਿਕਾ ਨੇੜੇ ਵਾਪਰਿਆ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਲੱਗੇ ਸਾਂਸਦ ਸੁਖਬੀਰ ਸਿੰਘ ਬਾਦਲ ਦੀ ਗੁੰਮਸ਼ੁਦਗੀ ਦੇ ਪੋਸਟਰ
ਜਾਣਕਾਰੀ ਅਨੁਸਾਰ ਇਕ ਕਾਰ ਵਿਚ ਸਵਾਰ ਪੰਜ ਦੋਸਤ ਹਰਿਆਣਾ ਦੇ ਹਿਸਾਰ ਤੋਂ ਗੋਗਾਮੇੜੀ ਆਏ ਸਨ। ਇਸ ਦੌਰਾਨ ਜਦੋਂ ਉਹ ਨੌਹਰ-ਭਾਦਰਾ ਰੋਡ 'ਤੇ ਨੌਹਰ ਵੱਲ ਨੂੰ ਆ ਰਹੇ ਸਨ ਤਾਂ ਉਨ੍ਹਾਂ ਦੀ ਆਲਟੋ ਕਾਰ ਅਤੇ ਪਿੱਕਅਪ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿਚ ਕਾਰ ਸਵਾਰ ਅਨਿਲ (30) ਪੁੱਤਰ ਕੇਵਲਰਾਮ, ਸੁਰਿੰਦਰ (32) ਪੁੱਤਰ ਸੁਰਜੀਤ, ਕ੍ਰਿਸ਼ਨ (21) ਪੁੱਤਰ ਮਹਿੰਦਰ ਅਤੇ ਰਾਜੇਸ਼ (24) ਪੁੱਤਰ ਲਾਲਚੰਦ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਥੇ ਹੀ ਸਚਿਨ (26) ਪੁੱਤਰ ਕ੍ਰਿਸ਼ਨ ਜ਼ਖਮੀ ਹੋ ਗਿਆ। ਚਾਰੇ ਮ੍ਰਿਤਕ ਚਾਚੇ-ਤਾਏ ਦੇ ਲੜਕੇ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਕਿਸਾਨ ਆਗੂ ਹਿਰਾਸਤ 'ਚ, ਭਲਕੇ ਦੇ ਪ੍ਰਦਰਸ਼ਨ ਤੋਂ ਪਹਿਲਾਂ ਪੁਲਿਸ ਦੀ ਕਾਰਵਾਈ
ਗੋਗਾਮੇੜੀ ਥਾਣੇ ਦੇ ਏ.ਐਸ.ਆਈ. ਰਣਵੀਰ ਸਿੰਘ ਨੇ ਦਸਿਆ ਕਿ ਪਿੱਕਅਪ ਨੌਹਰ ਤੋਂ ਗੋਗਾਮੇੜੀ ਵੱਲ ਜਾ ਰਹੀ ਸੀ। ਜਦਕਿ ਕਾਰ ਗੋਗਾਮੇੜੀ ਤੋਂ ਨੌਹਰ ਵੱਲ ਆ ਰਹੀ ਸੀ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਚਾਰ ਨੌਜਵਾਨ ਬਿਲਕੁਲ ਮ੍ਰਿਤਕ ਹਾਲਤ ਵਿਚ ਸਨ। ਉਨ੍ਹਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਨੌਹਰ ਸਰਕਾਰੀ ਹਸਪਤਾਲ ਭੇਜ ਦਿਤਾ ਗਿਆ। ਇਸ ਦੇ ਨਾਲ ਹੀ ਸੀਟ ਦੇ ਵਿਚਕਾਰ ਫਸੇ ਸਚਿਨ ਨੂੰ ਬਾਹਰ ਕੱਢਿਆ ਗਿਆ ਅਤੇ ਨਿੱਜੀ ਵਾਹਨ 'ਚ ਨੌਹਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ: ਰਾਜਸਥਾਨ 'ਚ ਕਾਰ-ਸਲੀਪਰ ਬੱਸ ਦੀ ਆਪਸ ਵਿਚ ਹੋਈ ਭਿਆਨਕ ਟੱਕਰ, ਮਾਂ-ਪਿਓ ਤੇ ਪੁੱਤ ਦੀ ਹੋਈ ਮੌਤ
ਗੋਗਾਮੇੜੀ ਦੇ ਐਸ.ਐਚ.ਓ. ਰਾਧੇਸ਼ਿਆਮ ਥਲੋਦ ਨੇ ਦਸਿਆ ਕਿ ਲਾਸ਼ਾਂ ਨੂੰ ਮੁਰਦਾਘਰ ਵਿਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇ ਵਾਰਸਾਂ ਨੂੰ ਸੂਚਨਾ ਦੇ ਦਿਤੀ ਗਈ ਹੈ। ਜਾਣਕਾਰੀ ਮੁਤਾਬਕ ਅਨਿਲ ਨੂੰ ਛੱਡ ਕੇ ਬਾਕੀ ਤਿੰਨੋਂ ਮ੍ਰਿਤਕ ਕੁਆਰੇ ਸਨ। ਅਨਿਲ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ। ਸੁਰਿੰਦਰ ਪ੍ਰਾਈਵੇਟ ਨੌਕਰੀ ਕਰਦਾ ਸੀ। ਪੰਜੇ ਦੋਸਤ ਬਚਪਨ ਤੋਂ ਇਕੱਠੇ ਸਨ।