
Bharat bandh: ਇਹ ਬੰਦ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤਕ ਰਹੇਗਾ, ਜਿਸ ਦੌਰਾਨ ਸਾਰੀਆਂ ਦੁਕਾਨਾਂ, ਸਕੂਲ ਅਤੇ ਕਾਲਜ ਬੰਦ ਰਹਿਣਗੇ।
ਦੇਸ਼ ਭਰ ਦੇ ਕਈ ਦਲਿਤ ਸੰਗਠਨਾਂ ਨੇ ਸਾਂਝੇ ਤੌਰ ’ਤੇ 21 ਅਗੱਸਤ ਯਾਨੀ ਅੱਜ ‘ਭਾਰਤ ਬੰਦ’ ਦਾ ਐਲਾਨ ਕੀਤਾ ਹੈ। ਇਹ ਭਾਰਤ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਦੀ ਉਪ-ਸ਼੍ਰੇਣੀ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ ’ਚ ਕੀਤਾ ਜਾ ਰਿਹਾ ਹੈ। ਐਸ.ਸੀ./ਐਸ.ਟੀ. ਸੰਯੁਕਤ ਸੰਘਰਸ਼ ਕਮੇਟੀ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਨੂੰ ਅਪਣਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ।
ਦਲਿਤ ਸੰਗਠਨ ਇਸ ਫੈਸਲੇ ਨੂੰ ਸੰਵਿਧਾਨ ਵਿਰੋਧੀ ਅਤੇ ਭੀਮ ਰਾਉ ਅੰਬੇਡਕਰ ਦਾ ਅਪਮਾਨ ਦੱਸ ਰਹੇ ਹਨ। ਇਹ ਬੰਦ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤਕ ਰਹੇਗਾ, ਜਿਸ ਦੌਰਾਨ ਸਾਰੀਆਂ ਦੁਕਾਨਾਂ, ਸਕੂਲ ਅਤੇ ਕਾਲਜ ਬੰਦ ਰਹਿਣਗੇ। ਇਸ ਦੌਰਾਨ ਗੱਡੀਆਂ ਦੀ ਆਵਾਜਾਈ ’ਤੇ ਵੀ ਪਾਬੰਦੀ ਰਹੇਗੀ, ਹਾਲਾਂਕਿ ਐਮਰਜੈਂਸੀ ਸੇਵਾਵਾਂ ’ਚ ਵਿਘਨ ਨਹੀਂ ਪਵੇਗਾ।
ਰਾਖਵਾਂਕਰਨ ਦੇ ਮੁੱਦੇ ’ਤੇ ਸੁਪਰੀਮ ਕੋਰਟ ਨੇ 1 ਅਗੱਸਤ ਨੂੰ ਫੈਸਲਾ ਸੁਣਾਇਆ ਸੀ ਕਿ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ’ਚ ਉਪ-ਸ਼੍ਰੇਣੀਆਂ ਬਣਾਈਆਂ ਜਾ ਸਕਦੀਆਂ ਹਨ। ਇਹ ਫੈਸਲਾ ਸੁਪਰੀਮ ਕੋਰਟ ਦੇ ਸੱਤ ਮੈਂਬਰੀ ਸੰਵਿਧਾਨਕ ਬੈਂਚ ਨੇ 6/1 ਵੋਟਾਂ ਨਾਲ ਸੁਣਾਇਆ। ਇਹ ਸੁਣਵਾਈ ਸੀ.ਜੇ.ਆਈ. ਡੀ.ਵਾਈ. ਚੰਦਰਚੂੜ ਕਰ ਰਹੇ ਸਨ। ਛੇ ਜੱਜ ਉਨ੍ਹਾਂ ਨਾਲ ਸਹਿਮਤ ਸਨ ਕਿ ਜਸਟਿਸ ਬੇਲਾ ਤ੍ਰਿਵੇਦੀ ਇਸ ਨਾਲ ਸਹਿਮਤ ਨਹੀਂ ਸਨ। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਕੱਲ੍ਹ ਭਾਰਤ ਬੰਦ ਦਾ ਸੱਦਾ ਦਿਤਾ ਗਿਆ ਹੈ, ਮੈਂ ਇਸ ਨੂੰ ਬਿਨਾਂ ਕਿਸੇ ਹਿੰਸਾ ਦੇ ਸ਼ਾਂਤੀਪੂਰਨ ਬਣਾਉਣ ਦੀ ਅਪੀਲ ਕਰਦੀ ਹਾਂ।’’ (ਏਜੰਸੀ)