
ਸਵਾਲਾਂ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ CBI
Kolkata doctor rape-murder case : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਧਿਕਾਰੀ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦਾ ਪੋਲੀਗ੍ਰਾਫ ਟੈਸਟ ਕਰਵਾ ਸਕਦੇ ਹਨ।
ਇੱਥੇ ਇਕ ਹਸਪਤਾਲ ’ਚ ਇਕ ਮਹਿਲਾ ਡਾਕਟਰ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿਤਾ ਗਿਆ ਸੀ। ਘੋਸ਼ ਨੇ 9 ਅਗੱਸਤ ਨੂੰ ਹਸਪਤਾਲ ਦੇ ਕਾਨਫਰੰਸ ਰੂਮ ’ਚ ਪੀੜਤ ਦੀ ਲਾਸ਼ ਮਿਲਣ ਤੋਂ ਦੋ ਦਿਨ ਬਾਅਦ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ। ਉਹ ਪੁੱਛ-ਪੜਤਾਲ ਲਈ ਕਈ ਵਾਰ ਕੇਂਦਰੀ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋ ਚੁੱਕਾ ਹੈ।
ਇਕ ਅਧਿਕਾਰੀ ਨੇ ਕਿਹਾ, ‘‘ਅਸੀਂ ਘੋਸ਼ ਦੇ ਜਵਾਬਾਂ ਦੀ ਪੁਸ਼ਟੀ ਕਰਨਾ ਚਾਹੁੰਦੇ ਹਾਂ ਕਿਉਂਕਿ ਸਾਡੇ ਵਲੋਂ ਪੁੱਛੇ ਗਏ ਕੁੱਝ ਸਵਾਲਾਂ ਵਿਚ ਗੜਬੜੀਆਂ ਹਨ, ਇਸ ਲਈ ਅਸੀਂ ਉਨ੍ਹਾਂ ਦਾ ਪੋਲੀਗ੍ਰਾਫ ਟੈਸਟ ਕਰਵਾਉਣ ਦੇ ਬਦਲ ਦਾ ਮੁਲਾਂਕਣ ਕਰ ਰਹੇ ਹਾਂ।’’
ਪੌਲੀਗ੍ਰਾਫ ਟੈਸਟ’ ਦੌਰਾਨ ਸਵਾਲਾਂ ਦੇ ਜਵਾਬ ਦਿੰਦੇ ਸਮੇਂ ਮਸ਼ੀਨ ਦੀ ਮਦਦ ਨਾਲ ਕਿਸੇ ਵਿਅਕਤੀ ਦੀਆਂ ਸਰੀਰਕ ਪ੍ਰਤੀਕਿਰਿਆਵਾਂ ਨੂੰ ਮਾਪਿਆ ਜਾਂਦਾ ਹੈ ਅਤੇ ਇਹ ਪਤਾ ਲਗਾਇਆ ਜਾਂਦਾ ਹੈ ਕਿ ਉਹ ਸੱਚ ਬੋਲ ਰਿਹਾ ਹੈ ਜਾਂ ਝੂਠ ਬੋਲ ਰਿਹਾ ਹੈ।
ਜਾਂਚਕਰਤਾਵਾਂ ਨੇ ਪੋਸਟ ਗ੍ਰੈਜੂਏਟ ਸਿਖਾਂਦਰੂ ਡਾਕਟਰ ਨਾਲ ਕਥਿਤ ਜਬਰ ਜਨਾਹ ਅਤੇ ਕਤਲ ਦੀ ਜਾਂਚ ਦੇ ਹਿੱਸੇ ਵਜੋਂ ਘੋਸ਼ ਤੋਂ ਮੰਗਲਵਾਰ ਨੂੰ ਪੁੱਛ-ਪੜਤਾਲ ਕੀਤੀ ਸੀ।
ਅਧਿਕਾਰੀ ਨੇ ਦਸਿਆ ਕਿ ਘੋਸ਼ ਤੋਂ ਪਿਛਲੇ ਕੁੱਝ ਦਿਨਾਂ ’ਚ ਸੀ.ਬੀ.ਆਈ. ਅਧਿਕਾਰੀਆਂ ਨੇ ਕਈ ਸਵਾਲ ਪੁੱਛੇ ਹਨ। ਘੋਸ਼ ਤੋਂ ਡਾਕਟਰ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਉਸ ਦੀ ਪ੍ਰਤੀਕਿਰਿਆ ਬਾਰੇ ਪੁਛਿਆ ਗਿਆ, ਲਾਸ਼ ਮਿਲਣ ਤੋਂ ਬਾਅਦ ਉਸ ਨੇ ਕਿਸ ਨਾਲ ਸੰਪਰਕ ਕੀਤਾ, ਉਸ ਨੇ ਲਾਸ਼ ਵੇਖਣ ਲਈ ਅਪਣੇ ਮਾਪਿਆਂ ਨੂੰ ਲਗਭਗ ਤਿੰਨ ਘੰਟੇ ਇੰਤਜ਼ਾਰ ਕਿਉਂ ਕਰਵਾਇਆ, ਆਦਿ।
ਅਧਿਕਾਰੀ ਨੇ ਦਸਿਆ ਕਿ ਘੋਸ਼ ਤੋਂ ਆਰ.ਜੀ. ਕਰ ਹਸਪਤਾਲ ਦੇ ਕਾਨਫਰੰਸ ਰੂਮ ਦੇ ਨਾਲ ਲਗਦੇ ਕਮਰਿਆਂ ਦੇ ਨਵੀਨੀਕਰਨ ਦੇ ਕੰਮ ਲਈ ਦਿਤੀ ਗਈ ਇਜਾਜ਼ਤ ਬਾਰੇ ਵੀ ਪੁੱਛ-ਪੜਤਾਲ ਕੀਤੀ ਗਈ, ਜਿੱਥੇ ਡਾਕਟਰ ਦੀ ਲਾਸ਼ ਮਿਲੀ ਸੀ।
ਇਸ ਤੋਂ ਪਹਿਲਾਂ ਸੀ.ਬੀ.ਆਈ. ਨੇ ਰਾਏ ਦਾ ਪੋਲੀਗ੍ਰਾਫ ਟੈਸਟ ਕਰਵਾਉਣ ਲਈ ਸਥਾਨਕ ਅਦਾਲਤ ਤੋਂ ਇਜਾਜ਼ਤ ਹਾਸਲ ਕੀਤੀ ਸੀ। ਰਾਏ ਨੂੰ ਇਸ ਮਾਮਲੇ ’ਚ ਕਥਿਤ ਸ਼ਮੂਲੀਅਤ ਲਈ ਗ੍ਰਿਫਤਾਰ ਕੀਤਾ ਗਿਆ ਹੈ।
ਕਲਕੱਤਾ ਹਾਈ ਕੋਰਟ ਦੇ ਹੁਕਮਾਂ ’ਤੇ ਸੀ.ਬੀ.ਆਈ. ਨੇ ਪਿਛਲੇ ਹਫਤੇ ਕੋਲਕਾਤਾ ਪੁਲਿਸ ਤੋਂ ਜਾਂਚ ਅਪਣੇ ਹੱਥ ’ਚ ਲੈ ਲਈ ਸੀ।