
ਰਾਜ ਵਿਧਾਨ ਸਭਾ 'ਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ
Chandipura Virus : ਚਾਂਦੀਪੁਰਾ ਵਾਇਰਸ ਜੁਲਾਈ ਤੋਂ ਗੁਜਰਾਤ ਵਿੱਚ ਹੜਕੰਪ ਮਚਾ ਰਿਹਾ ਹੈ। ਚਾਂਦੀਪੁਰਾ ਵਾਇਰਸ ਦਾ ਪਹਿਲਾ ਮਾਮਲਾ ਜੁਲਾਈ ਮਹੀਨੇ ਸਾਹਮਣੇ ਆਇਆ ਸੀ ਅਤੇ ਉਦੋਂ ਤੋਂ 14 ਸਾਲ ਤੋਂ ਘੱਟ ਉਮਰ ਦੇ 28 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਰਾਜ ਵਿਧਾਨ ਸਭਾ 'ਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਉਮੇਸ਼ ਮਕਵਾਨਾ ਵੱਲੋਂ ਵਿਧਾਨ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਕਿਹਾ ਕਿ ਗੁਜਰਾਤ ਵਿੱਚ ਹੁਣ ਤੱਕ ‘ਵਾਇਰਲ ਇਨਸੇਫਲਾਈਟਿਸ’ ਦੇ 164 ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਇਨਫੈਕਸ਼ਨ ਕਾਰਨ 101 ਬੱਚਿਆਂ ਦੀ ਮੌਤ ਹੋ ਚੁੱਕੀ ਹੈ।
164 ਵਿੱਚੋਂ 61 ਮਾਮਲੇ ਚਾਂਦੀਪੁਰਾ ਵਾਇਰਸ ਦੇ
ਸਿਹਤ ਮੰਤਰੀ ਪਟੇਲ ਨੇ ਕਿਹਾ ਕਿ ਹੁਣ ਤੱਕ ਪਾਏ ਗਏ 164 ਮਾਮਲਿਆਂ ਵਿੱਚੋਂ 61 ਮਾਮਲੇ ਚਾਂਦੀਪੁਰਾ ਵਾਇਰਸ ਕਾਰਨ ਹੋਏ ਹਨ। ਉਨ੍ਹਾਂ ਕਿਹਾ, “ਹੁਣ ਤੱਕ 14 ਸਾਲ ਤੋਂ ਘੱਟ ਉਮਰ ਦੇ 101 ਬੱਚਿਆਂ ਦੀ ਵਾਇਰਲ ਇਨਸੇਫਲਾਈਟਿਸ ਕਾਰਨ ਮੌਤ ਹੋ ਚੁੱਕੀ ਹੈ। "ਇਨ੍ਹਾਂ ਵਿੱਚੋਂ 28 ਦੀ ਮੌਤ ਚਾਂਦੀਪੁਰਾ ਵਾਇਰਸ ਦੀ ਲਾਗ ਕਾਰਨ ਹੋਈ ਹੈ, ਜਦੋਂ ਕਿ 73 ਦੀ ਮੌਤ ਹੋਰ ਵਾਇਰਲ ਲਾਗਾਂ ਕਾਰਨ ਹੋਈ ਹੈ।"
ਸਿਹਤ ਮੰਤਰੀ ਨੇ ਦੱਸਿਆ ਕਿ 63 ਬੱਚਿਆਂ ਨੂੰ ਇਲਾਜ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਚਾਰ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਕਾਬੂ ਹੇਠ ਹੈ ਅਤੇ ਪਿਛਲੇ ਹਫ਼ਤੇ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਮੰਤਰੀ ਨੇ ਕਿਹਾ ਕਿ ਪਿਛਲੇ 12 ਦਿਨਾਂ ਵਿੱਚ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ।
ਹੁਣ ਤੱਕ 28 ਬੱਚਿਆਂ ਦੀ ਮੌਤ
ਚਾਂਦੀਪੁਰਾ ਵਾਇਰਸ ਕਾਰਨ ਸੂਬੇ ਵਿੱਚ ਪਹਿਲੀ ਮੌਤ 17 ਜੁਲਾਈ ਨੂੰ ਹੋਈ ਸੀ। ਅਰਾਵਲੀ ਜ਼ਿਲ੍ਹੇ ਦੇ ਪਿੰਡ ਮੋਟਾ ਕੰਥਾਰੀਆ ਦੇ ਚਾਰ ਸਾਲਾ ਬੱਚੇ ਦੀ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਚਾਂਦੀਪੁਰਾ ਵਾਇਰਸ ਦੇ ਲੱਛਣ
ਤੇਜ਼ ਬੁਖਾਰ, ਸਿਰ ਦਰਦ, ਉਲਟੀਆਂ ,ਚੱਕਰ ਆਉਣੇ, ਬੇਹੋਸ਼ੀ ਅਤੇ ਦੌਰੇ, ਦਿਮਾਗ ਦੀ ਸੋਜ।