ਕਿਹਾ, ਦੇਸ਼ ’ਚ ਔਰਤਾਂ ਦੇ ਦੋ ਸਮੂਹ ਹਨ- ਇਕ ਭਾਜਪਾ ਸ਼ਾਸਿਤ ਸੂਬਿਆਂ ’ਚ ਰਹਿੰਦਾ ਹੈ ਅਤੇ ਦੂਜਾ...?
ਨਵੀਂ ਦਿੱਲੀ : ਕਾਂਗਰਸ ਨੇ ਓਡੀਸ਼ਾ ’ਚ ਪੁਲਿਸ ਹਿਰਾਸਤ ’ਚ ਇਕ ਫੌਜੀ ਅਧਿਕਾਰੀ ਦੀ ਮੰਗੇਤਰ ਦੇ ਕਥਿਤ ਜਿਨਸੀ ਸੋਸ਼ਣ ਅਤੇ ਹੋਰ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਸਿਤ ਸੂਬਿਆਂ ’ਚ ਔਰਤਾਂ ਵਿਰੁਧ ਅਪਰਾਧ ਦੀਆਂ ਘਟਨਾਵਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੁੱਪੀ ’ਤੇ ਸਵਾਲ ਚੁਕੇ ਹਨ।
ਕਾਂਗਰਸ ਆਗੂ ਅਜੇ ਕੁਮਾਰ ਨੇ ਕਿਹਾ ਕਿ ਓਡੀਸ਼ਾ ’ਚ ਕੁੱਝ ਲੋਕਾਂ ਨੇ ਫੌਜ ਦੇ ਬ੍ਰਿਗੇਡੀਅਰ ਦੀ ਧੀ ਦਾ ਜਿਨਸੀ ਸੋਸ਼ਣ ਕੀਤਾ ਅਤੇ ਜਦੋਂ ਉਹ ਸ਼ਿਕਾਇਤ ਦਰਜ ਕਰਵਾਉਣ ਲਈ ਆਦਰਸ਼ ਥਾਣੇ ਗਈ ਤਾਂ ਉਸ ਨੂੰ ਅਤੇ ਉਸ ਦੇ ਮੰਗੇਤਰ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ।
ਕੁਲ ਭਾਰਤ ਕਾਂਗਰਸ ਕਮੇਟੀ (AICC) ਦੇ ਸਾਬਕਾ ਫ਼ੌਜੀ ਵਿਭਾਗ ਦੇ ਪ੍ਰਧਾਨ ਕਰਨਲ (ਸੇਵਾਮੁਕਤ) ਰੋਹਿਤ ਚੌਧਰੀ ਨਾਲ ਇਕ ਸਾਂਝੀ ਪ੍ਰੈਸ ਕਾਨਫਰੰਸ ’ਚ ਕੁਮਾਰ ਨੇ ਕਿਹਾ, ‘‘ਫਿਰ ਝੂਠਾ ਮਾਮਲਾ ਦਰਜ ਕੀਤਾ ਜਾਂਦਾ ਹੈ ਅਤੇ ਪੀੜਤਾ ਅਤੇ ਉਸ ਦੇ ਸਾਥੀ ਨੂੰ ਹਿਰਾਸਤ ’ਚ ਲੈ ਲਿਆ ਜਾਂਦਾ ਹੈ।’’
ਇਸ ਮਾਮਲੇ ’ਚ ਫੌਜ ਦਾ ਇਕ ਅਧਿਕਾਰੀ ਹਾਈ ਕੋਰਟ ਦੇ ਜੱਜ ਨੂੰ ਲਿਖਦਾ ਹੈ ਅਤੇ ਕਹਿੰਦਾ ਹੈ, ‘‘ਸਾਨੂੰ ਇਨਸਾਫ ਦਿਓ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਪੂਰੇ ਮੁੱਦੇ ’ਤੇ ਚੁੱਪ ਹਨ।’’
ਇਹ ਵੀ ਪੜ੍ਹੋ : ਹਿਰਾਸਤ ’ਚ ਔਰਤ ਦੇ ਜਿਨਸੀ ਸੋਸ਼ਣ ਦਾ ਮਾਮਲਾ : ਬੀ.ਜੇ.ਡੀ. ਨੇ ਰਾਜ ਭਵਨ ਨੇੜੇ ਕੀਤਾ ਪ੍ਰਦਰਸ਼ਨ
ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਮੱਧ ਪ੍ਰਦੇਸ਼ ਦੇ ਇੰਦੌਰ ’ਚ ਫੌਜ ਦੇ ਅਧਿਕਾਰੀਆਂ ਅਤੇ ਉਨ੍ਹਾਂ ਦੀਆਂ ਮਹਿਲਾ ਦੋਸਤਾਂ ਨੂੰ ਬੰਦੀ ਬਣਾ ਕੇ ਕੁੱਟਿਆ ਗਿਆ ਅਤੇ ਇਕ ਔਰਤ ਨਾਲ ਜਬਰ ਜਨਾਹ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਰਾਜਸਥਾਨ ਦੇ ਇਕ ਥਾਣੇ ’ਚ ਫੌਜ ਦੇ ਇਕ ਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਸੀ। ਕੁਮਾਰ ਨੇ ਇਕ ਹੋਰ ਘਟਨਾ ਦਾ ਵੀ ਹਵਾਲਾ ਦਿਤਾ ਜਿਸ ਵਿਚ ਮਨੀਪੁਰ ਵਿਚ ਇਕ ਫੌਜੀ ਦੀ ਪਤਨੀ ਨੂੰ ਕਥਿਤ ਤੌਰ ’ਤੇ ਨੰਗਾ ਕਰ ਦਿਤਾ ਗਿਆ ਸੀ।
ਉਨ੍ਹਾਂ ਕਿਹਾ, ‘‘ਮਨੀਪੁਰ ’ਚ ਫੌਜ ਦੇ ਇਕ ਜਵਾਨ ਨੂੰ ਅਗਵਾ ਕਰ ਲਿਆ ਗਿਆ ਅਤੇ ਫਿਰ ਉਸ ਦੀ ਹੱਤਿਆ ਕਰ ਦਿਤੀ ਗਈ। ਓਡੀਸ਼ਾ ’ਚ ਮਿਲੀ ਕਬਾਇਲੀ ਲੜਕੀ ਦੀ ਲਾਸ਼, ਜਿਸ ਨਾਲ ਸਮੂਹਕ ਜਬਰ ਜਨਾਹ ਕੀਤਾ ਗਿਆ ਸੀ।’’
ਉਨ੍ਹਾਂ ਕਿਹਾ, ‘‘ਦੇਸ਼ ’ਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ ਪਰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਮੂੰਹੋਂ ਇਕ ਸ਼ਬਦ ਵੀ ਨਹੀਂ ਨਿਕਲਿਆ।’’ ਉਨ੍ਹਾਂ ਦੋਸ਼ ਲਾਇਆ ਕਿ ਝਾਰਖੰਡ ’ਚ ਭਾਜਪਾ ਆਗੂ ਸੀਮਾ ਪਾਤਰਾ ਨੇ ਅਪਣੇ ਘਰ ’ਚ ਕੰਮ ਕਰਨ ਵਾਲੀ ਇਕ ਆਦਿਵਾਸੀ ਲੜਕੀ ’ਤੇ ਜ਼ਬਰਦਸਤ ਅੱਤਿਆਚਾਰ ਕੀਤਾ।
ਉਨ੍ਹਾਂ ਕਿਹਾ, ‘‘ਦੇਸ਼ ’ਚ ਔਰਤਾਂ ਦੇ ਦੋ ਸਮੂਹ ਹਨ- ਇਕ ਭਾਜਪਾ ਸ਼ਾਸਿਤ ਸੂਬਿਆਂ ’ਚ ਰਹਿੰਦਾ ਹੈ ਅਤੇ ਦੂਜਾ...? ਭਾਜਪਾ ਆਗੂ ਸਿਰਫ ਬਾਅਦ ਵਾਲੇ ਸਮੂਹ ਲਈ ਆਵਾਜ਼ ਉਠਾਉਂਦੇ ਹਨ, ਜਦਕਿ ਉਨ੍ਹਾਂ ਦੇ ਸ਼ਾਸਨ ਅਧੀਨ ਔਰਤਾਂ ਨੂੰ ਹਰ ਤਰ੍ਹਾਂ ਦੀ ਬੇਰਹਿਮੀ ਦਾ ਸਾਹਮਣਾ ਕਰਨਾ ਪੈਂਦਾ ਹੈ।’’
ਇਹ ਵੀ ਪੜ੍ਹੋ : ਓਡੀਸ਼ਾ : ਸਿੱਖ ਰੈਜੀਮੈਂਟ ਦੇ ਫੌਜੀ ਅਧਿਕਾਰੀ ਅਤੇ ਉਸ ਦੀ ਮਹਿਲਾ ਦੋਸਤ ’ਤੇ ਹਮਲਾ, ਪੰਜ ਪੁਲਿਸ ਮੁਲਾਜ਼ਮ ਮੁਅੱਤਲ
ਉਨ੍ਹਾਂ ਕਿਹਾ, ‘‘ਕੁੱਝ ਸਮਾਂ ਪਹਿਲਾਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੋਲਕਾਤਾ (ਜਬਰ ਜਨਾਹ -ਕਤਲ ਦੀ ਘਟਨਾ) ਦੇ ਮੱਦੇਨਜ਼ਰ ਕਿਹਾ ਸੀ ਕਿ ਹੁਣ ਬਹੁਤ ਹੋ ਗਿਆ। ਹੁਣ ਆਓ ਪੁੱਛੀਏ ਕਿ ‘ਕਾਫ਼ੀ’ ਦਾ ਕਿੰਨਾ ਮਤਲਬ ਹੈ? ਭੁਵਨੇਸ਼ਵਰ, ਸੰਬਲਪੁਰ, ਇੰਦੌਰ - ਅਸੀਂ ਮੋਦੀ ਜੀ ਨੂੰ ਪੁੱਛਦੇ ਹਾਂ ਕਿ ਤੁਸੀਂ ਕਿਸੇ ਪ੍ਰਮੁੱਖ ਕੌਮੀ ਅਖਬਾਰ ਵਿਚ ਸੰਪਾਦਕੀ ਕਦੋਂ ਲਿਖੋਗੇ, ਇਹ ਕਹਿੰਦੇ ਹੋਏ ਕਿ ਬਹੁਤ ਹੋ ਗਿਆ।’’
ਕਰਨਲ (ਸੇਵਾਮੁਕਤ) ਚੌਧਰੀ ਨੇ ਕਿਹਾ, ‘‘ਓਡੀਸ਼ਾ ’ਚ ਬ੍ਰਿਗੇਡੀਅਰ ਦੀ ਬੇਟੀ ਸੁਰੱਖਿਅਤ ਨਹੀਂ ਹੈ। ਉਸ ਨਾਲ ਬਦਸਲੂਕੀ ਕੀਤੀ ਜਾਂਦੀ ਹੈ, ਉਹ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਜਾਂਦੀ ਹੈ, ਜਿੱਥੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਜਾਂਦਾ ਹੈ। ਅਜਿਹੀਆਂ ਹਰਕਤਾਂ ਉਸ ਜਵਾਨ ਔਰਤ ਨਾਲ ਕੀਤੀਆਂ ਗਈਆਂ ਸਨ, ਜਿਨ੍ਹਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ।’’
ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸ਼ਾਸਿਤ ਓਡੀਸ਼ਾ ’ਚ ਸਥਿਤੀ ਅਜਿਹੀ ਹੈ ਅਤੇ ਇਹ ਪਾਰਟੀ ਦੀ ਗੁੰਡਾਗਰਦੀ ਹੈ। ਚੌਧਰੀ ਨੇ ਦਾਅਵਾ ਕੀਤਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਓਡੀਸ਼ਾ ਵਰਗੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।
ਉਨ੍ਹਾਂ ਕਿਹਾ, ‘‘ਪਾਕਿਸਤਾਨ ਨਾਲ ਲੜਨ ਵਾਲਾ ਮਨੀਪੁਰ ਦਾ ਇਕ ਜਵਾਨ ਅਪਣੀ ਪਤਨੀ ਨੂੰ ਨਹੀਂ ਬਚਾ ਸਕਿਆ। ਇਸ ਸੱਭ ਦੇ ਬਾਵਜੂਦ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਚੁੱਪ ਹਨ।’’ ਓਡੀਸ਼ਾ ਦੇ ਬੀਜੂ ਜਨਤਾ ਦਲ (ਬੀ.ਜੇ.ਡੀ.) ਅਤੇ ਕਾਂਗਰਸ ਨੇ ਸਨਿਚਰਵਾਰ ਨੂੰ ਓਡੀਸ਼ਾ ਦੇ ਇਕ ਥਾਣੇ ’ਚ ਕਥਿਤ ਤੌਰ ’ਤੇ ਜਿਨਸੀ ਸੋਸ਼ਣ ਦਾ ਸ਼ਿਕਾਰ ਹੋਈ ਔਰਤ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ।
ਕਥਿਤ ਘਟਨਾ 15 ਸਤੰਬਰ ਨੂੰ ਵਾਪਰੀ ਜਦੋਂ ਪਛਮੀ ਬੰਗਾਲ ’ਚ ਤਾਇਨਾਤ ਇਕ ਫੌਜੀ ਅਧਿਕਾਰੀ ਅਤੇ ਉਸ ਦੀ ਮੰਗੇਤਰ ਰੋਡ ਰੇਜ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਭਰਤਪੁਰ ਥਾਣੇ ਪਹੁੰਚੇ। ਉਨ੍ਹਾਂ ਨੂੰ ਕੁੱਝ ਸਥਾਨਕ ਆਦਮੀਆਂ ਨੇ ਕਥਿਤ ਤੌਰ ’ਤੇ ਪਰੇਸ਼ਾਨ ਵੀ ਕੀਤਾ ਸੀ।
ਹਾਲਾਂਕਿ, ਫੌਜੀ ਅਧਿਕਾਰੀ ਅਤੇ ਉਸ ਦੀ ਮੰਗੇਤਰ ਦਾ ਕੁੱਝ ਪੁਲਿਸ ਮੁਲਾਜ਼ਮਾਂ ਨਾਲ ਝਗੜਾ ਹੋ ਗਿਆ, ਜਿਸ ਤੋਂ ਬਾਅਦ ਦੋਹਾਂ ਨੂੰ ਥਾਣੇ ’ਚ ਕਥਿਤ ਤੌਰ ’ਤੇ ਕੁੱਟਿਆ ਗਿਆ।