
ਪਟੀਸ਼ਨ 'ਚ ਕਿਹਾ ਗਿਆ ਸੀ ਕਿ ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਤਾਜ ਮਹਿਲ ਨੂੰ ਸ਼ਾਹਜਹਾਂ ਨੇ ਬਣਾਇਆ ਸੀ।
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਤਾਜ ਮਹਿਲ ਦੇ ‘ਅਸਲ ਇਤਿਹਾਸ’ ਦਾ ਪਤਾ ਲਗਾਉਣ ਲਈ ਕਮਰੇ ਖੋਲ੍ਹਣ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਇਹ ਪ੍ਰਚਾਰ ਹਿੱਤ ਪਟੀਸ਼ਨ ਹੈ। ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰਕੇ ਕੋਈ ਗਲਤ ਨਹੀਂ ਕੀਤਾ ਹੈ। ਜਸਟਿਸ ਐਮਆਰ ਸ਼ਾਹ ਅਤੇ ਜਸਟਿਸ ਐਮਐਮ ਸੁੰਦਰੇਸ਼ ਦੀ ਬੈਂਚ ਨੇ ਪਟੀਸ਼ਨ ਖਾਰਜ ਕਰ ਦਿੱਤੀ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਤਾਜ ਮਹਿਲ ਨੂੰ ਸ਼ਾਹਜਹਾਂ ਨੇ ਬਣਾਇਆ ਸੀ।
ਤਾਜ ਮਹਿਲ ਦੇ ਬੇਸਮੈਂਟ ਕਮਰੇ ਖੋਲ੍ਹ ਕੇ ਸੱਚਾਈ ਅਤੇ ਤੱਥਾਂ ਦਾ ਪਤਾ ਲਗਾਉਣ ਦੀ ਬੇਨਤੀ ਕੀਤੀ ਗਈ। ਇਸ ਮੰਗ ਨੂੰ ਲੈ ਕੇ ਡਾਕਟਰ ਰਜਨੀਸ਼ ਸਿੰਘ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਦਾਇਰ ਪਟੀਸ਼ਨ 'ਚ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਗਈ ਹੈ ਕਿ ਵਿਸ਼ਵ ਪ੍ਰਸਿੱਧ ਇਮਾਰਤ ਤਾਜ ਮਹਿਲ ਦੇ ਇਤਿਹਾਸ ਦਾ ਪਤਾ ਲਗਾਉਣ ਲਈ ਤੱਥ ਖੋਜ ਕਮੇਟੀ ਦੇ ਗਠਨ ਦਾ ਹੁਕਮ ਦਿੱਤਾ ਜਾਵੇ।
ਸੁਪਰੀਮ ਕੋਰਟ ਵਿਚ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਤਾਜ ਮਹਿਲ ਨੂੰ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਪਤਨੀ ਮੁਮਤਾਜ਼ ਮਹਿਲ ਦੇ ਮਕਬਰੇ ਵਜੋਂ 1631 ਤੋਂ 1653 ਦਰਮਿਆਨ 22 ਸਾਲਾਂ 'ਚ ਬਣਵਾਇਆ ਸੀ ਪਰ ਇਹ ਉਸ ਸਮੇਂ ਦੇ ਇਤਿਹਾਸ 'ਚ ਦੱਸੀਆਂ ਗੱਲਾਂ ਹੀ ਹਨ। ਇਸ ਨੂੰ ਸਾਬਤ ਕਰਨ ਲਈ ਕੋਈ ਵਿਗਿਆਨਕ ਸਬੂਤ ਸਾਹਮਣੇ ਨਹੀਂ ਆਇਆ ਹੈ।
ਦੱਸ ਦੇਈਏ ਕਿ ਇਲਾਹਾਬਾਦ ਹਾਈ ਕੋਰਟ ਨੇ ਵੀ ਤਾਜ ਮਹਿਲ ਦੇ 22 ਕਮਰੇ ਖੋਲ੍ਹਣ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਪਟੀਸ਼ਨ ਨੂੰ ਖਾਰਜ ਕਰਦਿਆਂ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਜਿਸ ਬਾਰੇ ਤੁਸੀਂ ਨਹੀਂ ਜਾਣਦੇ, ਅਜਿਹੇ ਵਿਸ਼ੇ 'ਤੇ ਖੋਜ ਕਰੋ। ਇਸ ਵਿਸ਼ੇ 'ਤੇ ਐਮ.ਏ ਕਰੋ, ਪੀਐਚਡੀ ਕਰੋ। ਇਸ ਅਭਿਆਸ ਵਿਚ ਜੇਕਰ ਕੋਈ ਸੰਸਥਾ ਤੁਹਾਨੂੰ ਖੋਜ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਤਾਂ ਸਾਡੇ ਕੋਲ ਆਓ। ਇਸ ਤੋਂ ਬਾਅਦ ਪਟੀਸ਼ਨ ਖਾਰਜ ਕਰ ਦਿੱਤੀ ਗਈ।